ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ (ਬੀ.ਐਫ.ਜੀ.ਆਈ.) ਦੇ ਸਪੋਰਟਸ ਵਿਭਾਗ ਵੱਲੋਂ ਕਰਵਾਈ ਜਾ ਰਹੀ ਸੰਸਥਾ ਦੇ ਵੱਖ-ਵੱਖ ਕਾਲਜਾਂ ਦੀ ਸਾਲਾਨਾ ਅਥਲੈਟਿਕ ਮੀਟ ਅੱਜ ਸਫ਼ਲਤਾਪੂਰਵਕ ਸਮਾਪਤ ਹੋ ਗਈ। ਅੱਜ ਆਖਰੀ ਦਿਨ ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਦੀ ਬਾਰ੍ਹਵੀਂ ਸਾਲਾਨਾ ਅਥਲੈਟਿਕ ਮੀਟ ਕਰਵਾਈ ਗਈ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਬਵਨਦੀਪ ਸਿੰਘ ਐੱਸਡੀਐੱਮ, ਤਲਵੰਡੀ ਸਾਬੋ ਨੇ ਝੰਡਾ ਲਹਿਰਾ ਕੇ ਇਸ ਅਥਲੈਟਿਕਸ ਮੀਟ ਦਾ ਆਰੰਭ ਕੀਤਾ। ਬੀਐੱਫਜੀਆਈ ਦੇ ਡਿਪਟੀ ਡਾਇਰੈਕਟਰ (ਕਰੀਅਰ ਗਾਈਡੈਂਸ ਐਂਡ ਕਾਊਂਸਲਿੰਗ) ਬੀਡੀ ਸ਼ਰਮਾ, ਡਿਪਟੀ ਡਾਇਰੈਕਟਰ (ਸਹੂਲਤਾਂ) ਹਰਪਾਲ ਸਿੰਘ ਅਤੇ ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਦੇ ਵਾਈਸ ਪ੍ਰਿੰਸੀਪਲ ਕੁਲਵਿੰਦਰ ਸਿੰਘ ਨੇ ਮੁੱਖ ਮਹਿਮਾਨ ਦਾ ਨਿੱਘਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਪ੍ਰੇਰਨਾਦਾਇਕ ਸ਼ਬਦ ਕਹੇ। ਮੁੱਖ ਮਹਿਮਾਨ ਬਵਨਦੀਪ ਸਿੰਘ ਐੱਸਡੀਐਮ, ਤਲਵੰਡੀ ਸਾਬੋ ਅਤੇ ਅਸਿਸਟੈਂਟ ਕਮਿਸ਼ਨਰ, ਬਠਿੰਡਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਰੀਰਕ ਤੇ ਮਾਨਸਿਕ ਤੰਦਰੁਸਤੀ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਖੇਡਾਂ ਦੇ ਖੇਤਰ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਵੱਧ ਹੋਣੀ ਚਾਹੀਦੀ ਹੈ। ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਅਜਿਹੀਆਂ ਖੇਡ ਗਤੀਵਿਧੀਆਂ ਬਹੁਤ ਮਦਦਗਾਰ ਹਨ। ਇਸ ਲਈ ਵਿਦਿਆਰਥੀਆਂ ਲਈ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਬਹੁਤ ਜ਼ਰੂਰੀ ਹਨ। ਉਨ੍ਹਾਂ ਵੱਖ ਵੱਖ ਖੇਡ ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਵੀ ਪ੍ਰਦਾਨ ਕੀਤੇ। ਇਸ ਮੀਟ ਵਿੱਚ ਵਿਦਿਆਰਥੀਆਂ ਦੇ 800 ਮੀਟਰ, 400 ਮੀਟਰ, 200 ਮੀਟਰ ਅਤੇ 100 ਮੀਟਰ ਦੌੜਾਂ ਦੇ ਮੁਕਾਬਲੇ ਹੋਏ। ਇਸ ਤੋਂ ਇਲਾਵਾ ਗੋਲਾ ਸੁੱਟਣ, ਡਿਸਕਸ ਥਰੋਅ, ਜ਼ੈਵਲਿਨ ਥਰੋਅ, ਲੰਮੀ ਛਾਲ ਅਤੇ ਰੱਸਾਕਸ਼ੀ ਆਦਿ ਦੇ ਮੁਕਾਬਲੇ ਵੀ ਕਰਵਾਏ ਗਏ। ਵਿਦਿਆਰਥੀਆਂ ਨੇ ਖੇਡ ਭਾਵਨਾ ਨਾਲ ਖੇਡਦੇ ਹੋਏ ਬਹੁਤ ਦੀ ਉਤਸ਼ਾਹ ਅਤੇ ਜੋਸ਼ ਨਾਲ ਆਪਣੀ ਖੇਡ ਪ੍ਰਤਿਭਾ ਦਾ ਚੰਗਾ ਪ੍ਰਦਰਸ਼ਨ ਕੀਤਾ। ਵਧੀਆ ਮਾਰਚ ਪਾਸਟ ਦਾ ਇਨਾਮ ‘ਬੁੱਲੇ ਸ਼ਾਹ ਹਾਊਸ’ ਨੇ ਜਿੱਤਿਆ। ਰਹੀਮ ਹਾਊਸ ਦੇ ਰਣਜੀਤ ਸਿੰਘ (ਬੀਐੱਡ ਦੂਜਾ ਸਾਲ) ਅਤੇ ਗੁਰਜੀਤ ਸਿੰਘ (ਬੀ.ਐੱਡ ਪਹਿਲਾ ਸਾਲ) ਨੂੰ ਬੈਸਟ ਅਥਲੀਟ (ਪੁਰਸ਼) ਅਤੇ ਮਨਜਿੰਦਰ ਕੌਰ (ਬੁੱਲੇ ਸ਼ਾਹ ਹਾਊਸ) ਨੂੰ ਬੈਸਟ ਅਥਲੀਟ (ਮਹਿਲਾ) ਐਲਾਨਿਆ ਗਿਆ। ਓਵਰਆਲ ਬੈਸਟ ਹਾਊਸ ਦੀ ਟਰਾਫੀ ‘ਕਬੀਰ ਹਾਊਸ’ ਨੇ ਜਿੱਤੀ। ਰੱਸਾਕਸ਼ੀ (ਲੜਕਿਆਂ) ਦੇ ਮੁਕਾਬਲੇ ਵਿੱਚ ਰਹੀਮ ਹਾਊਸ ਨੇ ਪਹਿਲਾ ਸਥਾਨ ਅਤੇ ‘ਬੁੱਲੇ ਸ਼ਾਹ ਹਾਊਸ’ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਰੱਸਾਕਸ਼ੀ (ਲੜਕੀਆਂ) ਦੇ ਮੁਕਾਬਲੇ ਵਿੱਚ ਰਹੀਮ ਹਾਊਸ ਦੀ ਟੀਮ ਨੇ ਪਹਿਲਾ ਸਥਾਨ ਅਤੇ ‘ਕਬੀਰ ਹਾਊਸ’ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਓਵਰਆਲ ਹਾਊਸ ਬੈਸਟ ਹਾਊਸ ਦੀ ਟਰਾਫੀ ‘ਕਬੀਰ ਹਾਊਸ’ ਨੇ ਜਿੱਤੀ। ਇਨਾਮ ਵੰਡ ਸਮਾਰੋਹ ਦੌਰਾਨ ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਬਲਜਿੰਦਰ ਸਿੰਘ ਸਿੱਧੂ ਅਤੇ ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਦੇ ਵਾਈਸ ਪ੍ਰਿੰਸੀਪਲ ਕੁਲਵਿੰਦਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ।
Sports ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ’ਚ ਅਥਲੈਟਿਕ ਮੀਟ ਸਮਾਪਤ