ਚੀਨ ਵੱਲੋਂ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਆਲਮੀ ਦਹਿਸ਼ਤਗਰਦ ਨਾਮਜ਼ਦ ਕੀਤੇ ਜਾਣ ਦੇ ਸੰਯੁਕਤ ਰਾਸ਼ਟਰ ’ਚ ਮਤੇ ਨੂੰ ਵੀਟੋ ਕੀਤੇ ਜਾਣ ਮਗਰੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵਰ੍ਹਦਿਆਂ ਕਿਹਾ ਹੈ ਕਿ ਉਹ ਕਮਜ਼ੋਰ ਹਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਤੋਂ ਡਰਦੇ ਹਨ। ਟਵਿੱਟਰ ’ਤੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਚੀਨ ਵੱਲੋਂ ਉਠਾਏ ਗਏ ਕਦਮ ਬਾਰੇ ਅਜੇ ਤਕ ਕੁਝ ਵੀ ਨਹੀਂ ਕਿਹਾ ਹੈ। ਕਾਂਗਰਸ ਵੱਲੋਂ ਭਾਜਪਾ ’ਤੇ ਦੋਸ਼ ਲਾਇਆ ਜਾਂਦਾ ਹੈ ਕਿ ਉਸ ਨੇ ਮਸੂਦ ਨੂੰ ਦੁਬਾਰਾ ਕੁੜਿੱਕੀ ’ਚੋਂ ਬਾਹਰ ਕੱਢ ਦਿੱਤਾ ਅਤੇ ਸਵਾਲ ਕੀਤਾ ਕਿ ਮੋਦੀ ਵੱਲੋਂ ਸ਼ੀ ਨਾਲ ‘ਝੂਟੇ’ ਲੈਣ ਦਾ ਕੀ ਫਾਇਦਾ ਹੋਇਆ। ਕਾਂਗਰਸ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਅਤਿਵਾਦ ਖ਼ਿਲਾਫ਼ ਆਲਮੀ ਜੰਗ ’ਚ ਇਹ ਨਿਰਾਸ਼ਾ ਭਰਿਆ ਦਿਨ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਚੀਨ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਅਤਿਵਾਦ ਫੈਲਾਉਣ ਵਾਲੇ ਪਾਕਿਸਤਾਨ ਦਾ ਅਨਿੱਖੜਵਾਂ ਹਿੱਸਾ ਹੈ।
ਇਸ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਸਾਲੇ ‘ਦਿ ਵੀਕ’ ਨੂੰ ਦਿੱਤੇ ਇੰਟਰਵਿਊ ’ਚ ਕਿਹਾ ਕਿ ਭਾਜਪਾ ਮੁਲਕ ’ਚ ਅੰਧ ਰਾਸ਼ਟਰਵਾਦ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿਥੇ ਭਾਜਪਾ ਨਾਲ ਅਸਹਿਮਤੀ ਪ੍ਰਗਟਾਉਣ ਵਾਲੇ ਨੂੰ ਰਾਸ਼ਟਰ ਵਿਰੋਧੀ ਗਰਦਾਨ ਦਿੱਤਾ ਜਾਂਦਾ ਹੈ ਤਾਂ ਜੋ ਬੇਰੁਜ਼ਗਾਰੀ, ਖੇਤੀ ਸੰਕਟ, ਹਿੰਸਾ ਅਤੇ ਸਰਕਾਰ ਦੀ ਹਰ ਮੁਹਾਜ਼ ’ਤੇ ਨਾਕਾਮੀ ਤੋਂ ਲੋਕਾਂ ਦਾ ਧਿਆਨ ਹਟਾਇਆ ਜਾ ਸਕੇ। ਉਨ੍ਹਾਂ ਰਾਫ਼ਾਲ ਜੈੱਟ ਸੌਦੇ, ਅਰਥਚਾਰੇ, ਕਾਂਗਰਸ ਦੇ ਚੋਣ ਮਨੋਰਥ ਪੱਤਰ ਅਤੇ ਭਾਜਪਾ ਖ਼ਿਲਾਫ਼ ਮਹਾਗਠਜੋੜ ਬਣਾਉਣ ਜਿਹੇ ਵਿਸ਼ਿਆਂ ’ਤੇ ਵੀ ਖੁੱਲ੍ਹ ਕੇ ਆਪਣੇ ਵਿਚਾਰ ਰੱਖੇ। ਕਾਂਗਰਸ ਪ੍ਰਧਾਨ ਨੇ ਦਾਅਵਾ ਕੀਤਾ ਕਿ ਸ੍ਰੀ ਮੋਦੀ ਨੇ ਰਾਫ਼ਾਲ ਸੌਦੇ ਰਾਹੀਂ ਮੋਟੀ ਰਕਮ ਆਪਣੇ ਹੀ ਦੋਸਤਾਂ ਨੂੰ ਦਿਵਾ ਦਿੱਤੀ। ਪ੍ਰਧਾਨ ਮੰਤਰੀ ਬਣਨ ਦੀਆਂ ਸੰਭਾਵਨਾਵਾਂ ਬਾਰੇ ਉਨ੍ਹਾਂ ਕਿਹਾ ਕਿ ਜੇਕਰ ਮੁਲਕ ਦੇ ਲੋਕ ਚਾਹੁਣਗੇ ਤਾਂ ਉਹ ਗੱਦੀ ’ਤੇ ਬੈਠਣਗੇ ਪਰ ਇਸ ਸਮੇਂ ਉਨ੍ਹਾਂ ਦਾ ਸਾਰਾ ਧਿਆਨ ਭਾਜਪਾ ਨਾਲ ਵਿਚਾਰਧਾਰਾ ਦੀ ਲੜਾਈ ਲੜਨ ’ਚ ਲੱਗਾ ਹੋਇਆ ਹੈ।
HOME ਚੀਨ ਦੇ ਸ਼ੀ ਤੋਂ ਡਰਦੇ ਨੇ ਮੋਦੀ: ਰਾਹੁਲ