ਚੰਡੀਗੜ੍ਹ ਪੁਲੀਸ ਨੇ ਸੈਕਟਰ-49 ਵਿਚ 6 ਮਾਰਚ ਨੂੰ ਡੀਏਵੀ ਕਾਲਜ ਸੈਕਟਰ-10 ਦੇ ਸਾਬਕਾ ਵਿਦਿਆਰਥੀ ਆਗੂ ਦੀ ਹੱਤਿਆ ਦੇ ਦੋਸ਼ ਤਹਿਤ ਦੋ ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਦੋ ਪਿਸਤੌਲਾਂ ਤੇ ਇਕ ਕਾਰਤੂਸ ਬਰਾਮਦ ਕੀਤਾ ਹੈ। ਐੱਸਐੱਸਪੀ ਚੰਡੀਗੜ੍ਹ ਨੀਲਾਬਰੀ ਜਗਦਲੇ, ਐੱਸਪੀ ਸਿਟੀ ਨਿਹਾਰਿਕਾ ਭੱਟ ਅਤੇ ਏਐੱਸਪੀ ਨੇਹਾ ਯਾਦਵ ਨੇ ਅੱਜ ਪੁਲੀਸ ਹੈਡਕੁਆਰਟਰ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਡੀਏਵੀ ਕਾਲਜ ਦੇ ਜੀਂਦ ਨਾਲ ਸਬੰਧਤ ਵਿਦਿਆਰਥੀ ਸੁਦੀਪ ਪਹਿਲ (22) ਅਤੇ ਸੋਨੀਪਤ ਨਾਲ ਸਬੰਧਤ ਨਵੀਨ ਸ਼ਹਿਰਾਵਤ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਫੜਣ ਲਈ ਪੰਜਾਬ, ਹਰਿਆਣਾ ਅਤੇ ਦਿੱਲੀ ਵਿਚ 20 ਥਾਵਾਂ ’ਤੇ ਛਾਪੇ ਮਾਰੇ ਗਏ ਸਨ। ਦੱਸਣਯੋਗ ਹੈ ਕਿ ਪੁਲੀਸ ਇਸ ਤੋਂ ਪਹਿਲਾਂ ਇਸ ਕਤਲ ਦੇ ਸਬੰਧ ਵਿਚ ਪੰਜ ਨੌਜਵਾਨਾਂ ਰਾਹੁਲ ਮੰਡਾ, ਰਮਦੀਪ ਸ਼ਿਓਕੰਦ, ਸੁਮੀਤ ਕੁਮਾਰ, ਸੁਸ਼ੀਲ ਕੁਮਾਰ ਅਤੇ ਅਮਨਦੀਪ ਨਹਿਰਾ ਉਰਫ ਬੱਚੀ ਨੂੰ ਫੜ ਚੁੱਕੀ ਹੈ, ਜੋ ਜੇਲ੍ਹ ਵਿਚ ਹਨ। ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਯੋਜਨਾ ਤਹਿਤ ਵਿਸ਼ਾਲ ਚਿਲਰ ਦਾ ਕਤਲ ਕੀਤਾ ਸੀ। ਮੁਲਜ਼ਮ ਦੋ ਪਿਸਤੌਲਾਂ ਨਾਲ ਲੈਸ ਹੋ ਕੇ ਵਿਸ਼ਾਲ ਦੇ ਸੈਕਟਰ-49 ਸਥਿਤ ਫਲੈਟ ਵਿਚ ਗਏ ਸਨ ਅਤੇ ਉਨ੍ਹਾਂ ਕੋਲ ਰਾਡਾਂ ਅਤੇ ਗੰਡਾਸੀਆਂ ਵੀ ਸਨ। ਪੁਲੀਸ ਨੇ ਸਾਰੇ ਹਥਿਆਰ ਬਰਾਮਦ ਕਰ ਲਏ ਹਨ। ਇਸ ਘਟਨਾ ਦੌਰਾਨ ਚਾਰ ਗੋਲੀਆਂ ਚੱਲੀਆਂ ਸਨ ਅਤੇ ਪੁੱਛ-ਪੜਤਾਲ ਤੋਂ ਸਾਫ ਹੋ ਗਿਆ ਹੈ ਕਿ ਗੋਲੀਆਂ ਸੁਦੀਪ ਤੇ ਨਵੀਨ ਨੇ ਚਲਾਈਆਂ ਸਨ। ਮੁਲਜ਼ਮਾਂ ਕੋਲੋਂ ਇਕ ਮੈਗਜ਼ੀਨ ਤੇ ਦੇਸੀ ਪਿਸਤੌਲ ਮਿਲਿਆ ਹੈ। ਐੱਸਐੱਸਪੀ ਨੇ ਦੱਸਿਆ ਕਿ ਪੜਤਾਲ ਦੌਰਾਨ ਪਤਾ ਲੱਗਾ ਹੈ ਕਤਲ ਲਈ ਵਰਤੇ ਪਿਸਤੌਲ ਮੁਲਜ਼ਮਾਂ ਨੇ ਪੰਜਾਬ ਤੇ ਹਰਿਆਣਾ ਸਥਿਤ ਆਪਣੇ ਦੋਸਤਾਂ ਕੋਲੋਂ ਲਿਆਂਦੇ ਸਨ। ਇਸ ਸਬੰਧ ਵਿਚ ਕੁਝ ਨਾਮ ਸਾਹਮਣੇ ਆਏ ਹਨ। ਸ੍ਰੀਮਤੀ ਨੀਲਾਂਬਰੀ ਨੇ ਖੁਲਾਸਾ ਕੀਤਾ ਕਿ ਮੁਲਜ਼ਮਾਂ ਨੇ ਪੁੱਛ-ਪੜਤਾਲ ਦੌਰਾਨ ਦੱਸਿਆ ਕਿ ਉਹ ਨਸ਼ਾ ਵੀ ਕਰਦੇ ਹਨ। ਪੁਲੀਸ ਨੂੰ ਹੁਣ ਮੁਲਜ਼ਮਾਂ ਨੂੰ ਪਿਸਤੌਲ ਤੇ ਨਸ਼ਾ ਸਪਲਾਈ ਕਰਨ ਵਾਲੇ ਅਨਸਰਾਂ ਨੂੰ ਕਾਬੂ ਕਰਨ ਦੇ ਮਿਸ਼ਨ ’ਤੇ ਲਗਾ ਦਿੱਤਾ ਹੈ। ਪੁਲੀਸ ਅਨੁਸਾਰ ਇਹ ਕਤਲ ਵਿਦਿਆਰਥੀ ਯੂਨੀਅਨਾਂ ਦੀ ਸਿਆਸਤ ਕਾਰਨ ਹੋਇਆ ਹੈ। ਦੋਵੇਂ ਧਿਰਾਂ ਡੀਏਵੀ ਕਾਲਜ ਦੀ ਵਿਦਿਆਰਥੀ ਯੂਨੀਅਨਾਂ ਦੀ ਸਿਆਸਤ ਵਿਚ ਸਰਗਰਮ ਸਨ ਅਤੇ ਉਸ ਸਮੇਂ ਤੋਂ ਹੀ ਇਨ੍ਹਾਂ ਦੋਵਾਂ ਧਿਰਾਂ ਵਿਚਕਾਰ ਟਕਰਾਅ ਚਲਦਾ ਆ ਰਿਹਾ ਸੀ।
INDIA ਹੱਤਿਆ ਮਾਮਲਾ: ਦੋ ਵਿਦਿਆਰਥੀ ਪਿਸਤੌਲਾਂ ਸਣੇ ਕਾਬੂ