ਕੇਜਰੀਵਾਲ ਵੱਲੋਂ ਕਾਂਗਰਸ ਨੂੰ ‘ਆਪ’ ਤੇ ਜੇਜੇਪੀ ਦੇ ਗੱਠਜੋੜ ਵਿਚ ਸ਼ਾਮਲ ਹੋਣ ਦੀ ਅਪੀਲ

ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਕਾਂਗਰਸ ਨੂੰ ‘ਆਪ’ ਅਤੇ ਜੇਜੇਪੀ ਦੇ ਪ੍ਰਸਤਾਵਿਤ ਗੱਠਜੋੜ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਪਰ ਉਨ੍ਹਾਂ ਦੇ ਇਸ ਪ੍ਰਸਤਾਵ ਨੂੰ ਉਨ੍ਹਾਂ ਦੀ ਹਰਿਆਣਾ ਦੀ ਭਾਈਵਾਲ ਪਾਰਟੀ ਨੇ ਇਹ ਆਖਦਿਆਂ ਠੁਕਰਾ ਦਿੱਤਾ ਕਿ ਇਸਦਾ ਕਾਂਗਰਸ ਨਾਲ ਕੋਈ ਗੱਠਜੋੜ ਨਹੀਂ ਹੋ ਸਕਦਾ। ਸ੍ਰੀ ਕੇਜਰੀਵਾਲ ਨੇ ਇਸ ਤੋ ਪਹਿਲਾਂ ਮੀਡੀਆ ਨੂੰ ਕਿਹਾ ਸੀ ਕਿ ‘ਆਪ’, ਕਾਂਗਰਸ ਤੇ ਜਨਨਾਇਕ ਜਨਤਾ ਪਾਰਟੀ ਦਾ ਜੋੜ ਸੂਬੇ ਵਿਚ ਭਾਜਪਾ ਨੂੰ ਮਾਤ ਦੇਵੇਗਾ। ਉਨ੍ਹਾਂ ਕਿਹਾ ਸੀ,‘ਆਓ, ਹਰਿਆਣਾ ਵਿਚ ਭਾਜਪਾ ਨੂੰ ਹਰਾਉਣ ਲਈ ਇਕੱਠੇ ਹੋਈਏ।’ ਹਾਲਾਂਕਿ ਉਨ੍ਹਾਂ ਦੀਆਂ ਇਨ੍ਹਾਂ ਟਿਪਣੀਆਂ ਦੇ ਕੁਝ ਮਿੰਟਾਂ ਵਿਚ ਹੀ, ਜੇਜੇਪੀ ਨੇ ਸਖ਼ਤ ਲਹਿਜੇ ਵਿਚ ਕਿਹਾ ਕਿ ਇਸ ਦਾ ਕਾਂਗਰਸ ਨਾਲ ਕੋਈ ਜੋੜ ਨਹੀਂ ਹੋ ਸਕਦਾ। ਜੇਜੇਪੀ ਦੇ ਕੌਮੀ ਜਨਰਲ ਸਕੱਤਰ ਕੇ ਸੀ ਬੰਗਰ ਨੇ ਕਿਹਾ, ‘ਜੇਜੇਪੀ ਦੀ ਸਥਾਪਨਾ ਸਵਰਗੀ ਚੌਧਰੀ ਦੇਵੀ ਲਾਲ ਦੀ ਵਿਚਾਰਧਾਰਾ ਦੇਆਧਾਰ ਉੱਤੇ ਕੀਤੀ ਗਈ ਹੈ, ਜੋ ਹਮੇਸ਼ਾਂ ਕਾਂਗਰਸ ਖ਼ਿਲਾਫ਼ ਲੜਦੇ ਰਹੇ ਹਨ, ਇਸ ਲਈ ਜੇਜੇਪੀ ਕਾਂਗਰਸ ਨਾਲ ਕਿਸੇ ਵੀ ਗੱਠਜੋੜ ਵਿਚ ਸ਼ਾਮਲ ਨਹੀਂ ਹੋਵੇਗੀ ਤੇ ਅਜਿਹੇ ਕਿਸੇ ਵੀ ਗੱਠਜੋੜ ਦਾ ਹਿੱਸਾ ਨਹੀਂ ਬਣੇਗੀ, ਜਿਸ ਵਿਚ ਕਾਂਗਰਸ ਸ਼ਾਮਲ ਹੋਵੇ। ਉਨ੍ਹਾਂ ਕਿਹਾ ਕਿ ਜੇਜੇਪੀ ਉਨ੍ਹਾਂ ਪਾਰਟੀਆਂ ਨਾਲ ਹੀ ਗੱਠਜੋੜ ਬਣਾ ਸਕਦੀ ਹੈ ਜਿਨ੍ਹਾਂ ਦੀ ਵਿਚਾਰਧਾਰਾ ਉਸ ਨਾਲ ਮਿਲਦੀ ਜੁਲਦੀ ਹੋਵੇ ਜਦਕਿ ਕਾਂਗਰਸ, ਉਸਦੀ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦੀ। ਹਾਲਾਂਕਿ, ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਸਾਰੀਆਂ 10 ਲੋਕ ਸਭਾ ਤੇ 90 ਵਿਧਾਨ ਸਭਾ ਸੀਟਾਂ ਉੱਤੇ ਖੁਦ ਨੂੰ ਮਜ਼ਬੂਤ ਕਰ ਰਹੀ ਹੈ। ਉਨ੍ਹਾਂ ਕਿਹਾ,‘ਪਾਰਟੀ ਇਨ੍ਹਾਂ ਸਾਰੀਆਂ ਸੀਟਾਂ ਉੱਤੇ ਚੋਣਾਂ ਲੜਨ ਦੇ ਸਮਰੱਥ ਹੈ।’ ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਹਾਲ ਹੀ ਵਿਚ ਹਰਿਆਣਾ ਦੇ ਜੀਂਦ ਵਿਚ ਹੋਈ ਉਪ ਚੋਣ ਵਿਚ ਜੇਜੇਪੀ ਨੂੰ ਸਮਰਥਨ ਦਿੱਤਾ ਸੀ।

Previous articleਸੂਬਾਈ ਪੁਲੀਸ ਮੁਖੀਆਂ ਦੀ ਨਿਯੁਕਤੀ ਬਾਰੇ ਸੁਪਰੀਮ ਕੋਰਟ ਵਲੋਂ ਨਵੇਂ ਆਦੇਸ਼
Next articleਕੋਟਕਪੂਰਾ ਗੋਲੀ ਕਾਂਡ: ਮਨਤਾਰ ਬਰਾੜ ਨੇ ਅਗਾਊਂ ਜ਼ਮਾਨਤ ਮੰਗੀ