ਥਾਣਾ ਕੂੰਮਕਲਾਂ ਅਧੀਨ ਪਿੰਡ ਫਤਹਿਗੜ੍ਹ ਜੱਟਾਂ ਵਿਚ ਅੱਜ ਬਾਅਦ ਦੁਪਹਿਰ ਇੱਕ ਪਲਾਟ ਦੇ ਕਬਜ਼ੇ ਨੂੰ ਲੈ ਕੇ ਗੋਲੀਆਂ, ਤਲਵਾਰਾਂ ਤੇ ਇੱਟਾਂ ਚੱਲੀਆਂ ਜਿਸ ਵਿਚ ਦੋਵਾਂ ਧਿਰਾਂ ਦੇ ਮੱਘਰ ਸਿੰਘ, ਬੂਟਾ ਸਿੰਘ, ਜੋਬਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਤੇ ਹਰਜਿੰਦਰ ਸਿੰਘ ਜ਼ਖ਼ਮੀ ਹੋ ਗਏ।
ਸਿਵਲ ਹਸਪਤਾਲ ਕੂੰਮਕਲਾਂ ਵਿਚ ਇਲਾਜ ਅਧੀਨ ਜ਼ਖ਼ਮੀ ਮੱਘਰ ਸਿੰਘ ਨੇ ਦੱਸਿਆ ਕਿ ਉਸਦਾ ਆਪਣੇ ਘਰ ਦੇ ਨੇੜੇ ਹੀ ਇੱਕ ਪਲਾਟ ’ਤੇ ਪਿਛਲੇ ਕਈ ਸਾਲਾਂ ਤੋਂ ਕਬਜ਼ਾ ਆ ਰਿਹਾ ਹੈ ਅਤੇ ਉਸਨੇ ਕੁਝ ਮਹੀਨੇ ਪਹਿਲਾਂ ਹੀ ਇੱਕ ਹੋਰ ਪਲਾਟ ਪਿੰਡ ਵਾਸੀ ਕੇਵਲ ਸਿੰਘ ਤੋਂ ਖਰੀਦਿਆ ਸੀ। ਕੇਵਲ ਸਿੰਘ ਦਾ ਭਤੀਜਾ ਅਤੇ ਪਿੰਡ ਦੀ ਸਰਪੰਚ ਦਾ ਪਤੀ ਹਰਜਿੰਦਰ ਸਿੰਘ ਉਸ ਪਲਾਟ ਉਪਰ ਆਪਣਾ ਹੱਕ ਜਿਤਾ ਰਿਹਾ ਸੀ ਜਿਸ ਸਬੰਧੀ ਉਸਨੇ ਅਦਾਲਤ ਵਿਚ ਕੇਸ ਵੀ ਪਾਇਆ ਹੈ। ਮੱਘਰ ਸਿੰਘ ਨੇ ਦੋਸ਼ ਲਗਾਇਆ ਕਿ ਅੱਜ ਬਾਅਦ ਦੁਪਹਿਰ ਕਰੀਬ 2.30 ਵਜੇ ਹਰਜਿੰਦਰ ਸਿੰਘ ਆਪਣੇ ਨਾਲ 20 ਤੋਂ 25 ਅਣਪਛਾਤੇ ਵਿਅਕਤੀ ਨਾਲ ਲੈ ਕੇ ਪਲਾਟ ਉਪਰ ਕਬਜ਼ਾ ਕਰਨ ਲਈ ਟਰੈਕਟਰਾਂ ਤੇ ਜਿਪਸੀ ’ਤੇ ਸਵਾਰ ਹੋ ਕੇ ਆ ਗਿਆ। ਉਸ ਨੇ ਦੋਸ਼ ਲਾਇਆ ਕਿ ਹਰਜਿੰਦਰ ਸਿੰਘ ਵੱਲੋਂ ਉਨ੍ਹਾਂ ਦੇ ਪਲਾਟ ਉਪਰ ਪਿੱਲਰ ਲਗਾਉਣ ਦੀ ਤਿਆਰੀ ਸ਼ੁਰੂ ਕੀਤੀ ਜਾਣ ਲੱਗੀ ਤਾਂ ਝਗੜਾ ਸ਼ੁਰੂ ਹੋ ਗਿਆ। ਮੱਘਰ ਸਿੰਘ ਨੇ ਦੋਸ਼ ਲਗਾਇਆ ਕਿ ਜਦੋਂ ਉਸ ਨੇ ਤੇ ਪਰਿਵਾਰਕ ਮੈਂਬਰਾਂ ਨੇ ਹਰਜਿੰਦਰ ਸਿੰਘ ਨੂੰ ਕਬਜ਼ਾ ਕਰਨ ਤੋਂ ਰੋਕਿਆ ਤਾਂ ਉਸ ਨੇ ਤੇ ਉਸ ਨਾਲ ਆਏ ਅਣਪਛਾਤੇ ਵਿਅਕਤੀਆਂ ਨੇ ਤਲਵਾਰਾਂ ਅਤੇ ਇੱਟਾਂ ਨਾਲ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਮੱਘਰ ਸਿੰਘ ਨੇ ਦੋਸ਼ ਲਾਇਆ ਕਿ ਹਰਜਿੰਦਰ ਸਿੰਘ ਨੇ ਆਪਣੇ ਰਿਵਾਲਵਰ ਨਾਲ 6 ਫਾਇਰ ਵੀ ਕੀਤੇ ਜਿਸ ’ਚੋਂ ਇੱਕ ਉਸਦੇ ਭਤੀਜੇ ਬੂਟਾ ਸਿੰਘ ਦੇ ਹੱਥ ’ਤੇ ਲੱਗਿਆ ਜਦਕਿ ਤਲਵਾਰਾਂ ਤੇ ਇੱਟਾਂ ਨਾਲ ਹੋਏ ਹਮਲੇ ਦੌਰਾਨ ਉਹ ਆਪ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸਦੇ ਪਰਿਵਾਰਕ ਮੈਂਬਰ ਜੋਬਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਦੇ ਵੀ ਸੱਟਾਂ ਲੱਗੀਆਂ ਜੋ ਕੂੰਮਕਲਾਂ ਹਸਪਤਾਲ ਵਿਚ ਇਲਾਜ ਅਧੀਨ ਹਨ।ਦੂਸਰੇ ਪਾਸੇ ਇਸ ਝਗੜੇ ਵਿਚ ਫਤਹਿਗੜ੍ਹ ਦੀ ਸਰਪੰਚ ਦਾ ਪਤੀ ਹਰਜਿੰਦਰ ਸਿੰਘ ਵੀ ਜ਼ਖ਼ਮੀ ਹੋ ਗਿਆ ਜਿਸ ਨੂੰ ਕੂੰਮਕਲਾਂ ਹਸਪਤਾਲ ਵਿਖੇ ਲਿਆਂਦਾ ਗਿਆ ਪਰ ਡਾਕਟਰਾਂ ਨੇ ਉਸ ਨੂੰ ਰੈਫ਼ਰ ਕਰ ਦਿੱਤਾ। ਦੂਜੀ ਧਿਰ ਹਰਜਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਢਾਈ ਮਰਲੇ ਜਗ੍ਹਾ ਦਾ ਪਲਾਟ ਪਿੰਡ ਵਿਚ ਹੈ ਅਤੇ ਅੱਜ ਉਹ ਇਸ ਜਗ੍ਹਾ ਉਪਰ ਆਪਣੇ ਨੌਕਰਾਂ ਨੂੰ ਨਾਲ ਲੈ ਕੇ ਪੌਦੇ ਲਗਾਉਣ ਆਏ ਸਨ ਕਿ ਉਨ੍ਹਾਂ ਉਪਰ ਹਮਲਾ ਕਰ ਦਿੱਤਾ ਗਿਆ, ਜਿਸ ਵਿਚ ਹਰਜਿੰਦਰ ਸਿੰਘ ਜ਼ਖ਼ਮੀ ਹੋ ਗਿਆ ਅਤੇ ਉਨ੍ਹਾਂ ਦੇ ਟਰੈਕਟਰ ਤੇ ਜਿਪਸੀ ਵੀ ਭੰਨ ਦਿੱਤੇ ਗਏ। ਉਨ੍ਹਾਂ ਕਿਹਾ ਕਿ ਹਰਜਿੰਦਰ ਸਿੰਘ ਵਲੋਂ ਕੋਈ ਗੋਲੀਬਾਰੀ ਨਹੀਂ ਕੀਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਗੋਲੀਆਂ ਦੂਜੀ ਧਿਰ ਵਲੋਂ ਚਲਾਈਆਂ ਗਈਆਂ। ਥਾਣਾ ਮੁਖੀ ਕੂੰਮਕਲਾਂ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਦੇ ਜ਼ਖ਼ਮੀ ਵਿਅਕਤੀ ਹਸਪਤਾਲ ’ਚ ਇਲਾਜ ਅਧੀਨ ਹਨ ਅਤੇ ਇਨ੍ਹਾਂ ਦੇ ਬਿਆਨ ਦਰਜ ਕਰਨ ਉਪਰੰਤ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੋਵੇਗੀ, ਉਹ ਕੀਤੀ ਜਾਵੇਗੀ।
INDIA ਪਲਾਟ ’ਤੇ ਕਬਜ਼ੇ ਲਈ ਦੋ ਧਿਰਾਂ ਆਪਸ ’ਚ ਭਿੜੀਆਂ