ਕਾਲਾ

(ਸਮਾਜ ਵੀਕਲੀ)

ਅੱਜ ਜਿਨਾਂ ਨੂੰ ਅਸੀਂ ਪਰਵਾਸੀ ਮਜ਼ਦੂਰ ਕਹਿੰਦੇ ਹਾਂ ਉਹ ਹਮੇਸ਼ਾ ਤੋਂ ਹੀ ਸਾਡੀ ਜ਼ਿੰਦਗੀ ਦਾ ਹਿੱਸਾ ਰਹੇ ਹਨ। ਖਾਸਤੌਰ ਤੇ ਮੇਰੀ ਜ਼ਿੰਦਗੀ ਦਾ। ਮੈਨੂੰ ਨਿੱਕੀ ਹੁੰਦੀ ਤੋਂ ਕਾਲੇ ਨੇ ਪਾਲਿਆ। ਕਾਲੇ ਦਾ ਅਸਲੀ ਨਾਮ ਸ੍ਰੀ ਰਾਮ ਸੀ ਅਤੇ ਉਹ ਯੂਪੀ ਦਾ ਨਿਵਾਸੀ ਸੀ।

ਮੇਰੀ ਮੰਮੀ ਦੇ ਦੱਸਣ ਮੁਤਾਬਕ ਕਾਲਾ 5 ਸਾਲ ਦਾ ਸੀ ਜਦੋਂ ਉਨ੍ਹਾਂ ਕੋਲ ਆਇਆ। ਇਕ ਟਾਲ ਵਿਚ ਕੰਮ ਕਰਦਾ ਸੀ ਮੇਰੇ ਪਿਤਾ ਜੀ ਨੂੰ ਘਰ ਲੈ ਆਏ ਸਨ। ਓਹ ਪਰਿਵਾਰ ਦਾ ਜੀਅ ਬਣ ਗਿਆ।ਮੈਨੂੰ ਕਾਲੇ ਨੇ ਹੀ ਪਾਲਿਆ ਸੀ। ਕਾਲਾ ਮੇਰੀ ਤੇਲ ਮਾਲਸ਼ ਕਰਦਾ ਅਤੇ ਫਿਰ ਨੁਹਾ ਦਿੰਦਾ। ਜਦੋਂ ਵੀ ਉਹ ਕੋਈ ਕੰਮ ਕਰਦਾ ਤੈਨੂੰ ਗੋਦ ਵਿਚ ਚੁੱਕ ਕੇ ਕਰਦਾ। ਉਸਦੀ ਉਮਰ ਉਸ ਸਮੇਂ ਬਾਰਾਂ-ਤੇਰਾਂ ਸਾਲ ਸੀ। ਉਸ ਦਾ ਮੇਰੇ ਨਾਲ ਅਥਾਹ ਪਿਆਰ ਸੀ ਤੇ ਮੇਰਾ ਵੀ।

ਪੋਚੇ ਲਾਉਂਦਿਆਂ ਮੈਂ ਉਸਦੇ ਮੋਢੇ ਉੱਤੇ ਝੂਲਦੀ। ਮੰਮੀ ਦੇ ਦੱਸਣ ਮੁਤਾਬਕ ਮੇਰੀ ਸਾਫ ਸਫਾਈ ਵੇਲੇ ਵੀ ਉਹ ਕਦੀ ਨਾ ਕਿਰਕਦਾ। ਮੈਨੂੰ ਯਾਦ ਹੈ ਮੇਰੇ ਸਕੂਲ ਵਿੱਚ ਉਹ ਮੇਰੇ ਲਈ ਚਾਹ ਅਤੇ ਖਰਬੂਜੇ ਵਾਲੀਆਂ ਗੋਲੀਆਂ ਲੈ ਕੇ ਜਾਂਦਾ। ਮੈਂ ਚਾਹ ਪੀਣ ਦੀ ਬਹੁਤ ਸ਼ੌਕੀਨ ਸੀ ਇਸ ਲਈ ਉਹ ਸਕੂਲ ਵਿੱਚ ਵੀ ਮੇਰੇ ਲਈ ਚਾਹ ਲੈ ਕੇ ਜਾਂਦਾ।

ਮੇਰੇ ਬਚਪਨ ਦੀਆਂ ਸਾਰੀਆਂ ਯਾਦਾਂ ਵਿੱਚ ਕਾਲਾ ਮੌਜੂਦ ਹੈ। ਮੰਮੀ ਦਸਦੇ ਹਨ ਕਿ ਉਹ ਕਦੀ ਆਪਣੇ ਪਿੰਡ ਨਹੀਂ ਸੀ ਜਾਂਦਾ। ਉਸ ਦੇ ਘਰਦੇ ਹਮੇਸ਼ਾ ਪੈਸਿਆਂ ਦੀ ਮੰਗ ਕਰਦੇ ਰਹਿੰਦੇ। ਮੇਰੇ ਮਾਤਾ-ਪਿਤਾ ਉਸਨੂੰ ਪਰਿਵਾਰ ਦੀ ਮੈਂਬਰ ਹੀ ਮੰਨਦੇ ਸੀ। ਘਰ ਵਿੱਚ ਪੈਸੇ ਗਹਿਣੇ ਸਭ ਕੁਝ ਉਸ ਦਾ ਹੀ ਸੰਭਾਲਿਆ ਹੁੰਦਾ। ਘਰ ਦੀ ਹਰ ਜ਼ਿੰਮੇਵਾਰੀ ਉਸ ਕੋਲ ਸੀ। ਪੈਸਿਆਂ ਦਾ ਹਿਸਾਬ ਕਿਤਾਬ ਵੀ।

ਵਿਸ਼ਵਾਸ ਮਨੁੱਖ ਨੂੰ ਹੋਰ ਵੀ ਜੋੜਦਾ ਹੈ। ਜਦੋਂ ਤੁਹਾਨੂੰ ਪਤਾ ਲੱਗੇ ਕਿ ਤੁਹਾਡੇ ਤੇ ਯਕੀਨ ਕੀਤਾ ਜਾ ਰਿਹਾ ਹੈ ਤੁਹਾਡਾ ਲਗਾਵ ਵੱਧ ਜਾਂਦਾ ਹੈ।ਕਾਲਾ ਕਦੀ ਓਪਰਾ ਲੱਗਾ ਹੀ ਨਹੀਂ ਸੀ। ਥੋੜ੍ਹਾ ਵੱਡਾ ਹੋਣ ਤੇ ਉਸ ਨੇ ਰਿਕਸ਼ਾ ਚਲਾਉਣ ਦੀ ਜ਼ਿਦ ਕੀਤੀ। ਮੇਰੇ ਪਿਤਾ ਜੀ ਨੇ ਉਸ ਨੂੰ ਰਿਕਸ਼ਾ ਲੈ ਦਿੱਤਾ।

ਕਾਲੇ ਦਾ ਵਿਆਹ ਹੋ ਗਿਆ ਸੀ। ਉਹ ਆਪਣਾ ਪਰਿਵਾਰ ਲੈ ਆਇਆ ਸੀ। ਸਾਡੇ ਖਾਲੀ ਪਲਾਟ ਵਿੱਚ ਉਸ ਨੂੰ ਕਮਰਾ ਬਣਾ ਕੇ ਦਿੱਤਾ ਗਿਆ। ਉਹ ਦਿਨ ਭਰ ਵਿਚ ਰਿਕਸ਼ਾ ਚਲਾਉਂਦਾ ਅਤੇ ਸ਼ਾਮ ਨੂੰ ਮੱਝਾਂ ਸੰਭਾਲਦਾ।

ਘਰ ਵਿਚ ਉਸਦੀ ਹੋਂਦ ਹਮੇਸ਼ਾਂ ਹੀ ਮੌਜੂਦ ਰਹੇ। ਕੁਝ ਸਾਲਾਂ ਬਾਅਦ ਉਸ ਨੇ ਰਿਕਸ਼ਾ ਚਲਾਉਣਾ ਛੱਡ ਕੇ ਇੱਕ ਡਾਕਟਰ ਦੇ ਕਲੀਨਿਕ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਕਈ ਸਾਲ ਉਹ ਸਾਨੂੰ ਮਿਲਣ ਆਉਂਦਾ ਰਿਹਾ। ਫਿਰ ਕੁੱਝ ਚਿਰ ਨਾ ਆਇਆ।

ਕੁਝ ਸਾਲਾਂ ਬਾਅਦ ਜਦੋਂ ਉਹ ਆਇਆ ਤਾਂ ਬਹੁਤ ਕਮਜ਼ੋਰ ਹੋ ਚੁੱਕਾ ਸੀ। ਪਿਤਾ ਜੀ ਨੇ ਉਸ ਨੂੰ ਸਾਡੇ ਨਾਲ ਆ ਕੇ ਕੰਮ ਕਰਨ ਲਈ ਕਿਹਾ। ਅਗਲੇ ਦਿਨ ਤੋਂ ਉਹ ਸਾਡੇ ਕੋਲ ਆ ਗਿਆ। ਉਸਨੇ ਫੇਰ ਸਾਰਾ ਘਰ ਸੰਭਾਲ ਲਿਆ। ਪਿਤਾ ਜੀ ਬਿਮਾਰ ਹਨ ਜ਼ਿਆਦਾ ਤੁਰ ਫਿਰ ਨਹੀਂ ਸਕਦੇ ਸਨ।ਕਾਲਾ ਓਹਨਾਂ ਦੀ ਦੇਖਭਾਲ ਕਰਦਾ।

ਸ਼ਾਮ ਨੂੰ ਮੰਮੀ ਤੇ ਡੈਡੀ ਦੋਹਾਂ ਨੂੰ ਗੁਰਦੁਆਰੇ ਲੈ ਜਾਂਦਾ।ਮੇਰੀ ਗੈਰਮੌਜੂਦਗੀ ਵਿੱਚ ਉਨ੍ਹਾਂ ਦਾ ਬਹੁਤ ਖਿਆਲ ਰੱਖਦਾ। ਉਸ ਆਪਣੀ ਪੁਰਾਣੀ ਜਗਾਂ ਫਿਰ ਲੈ ਲਈ ਸੀ। ਇਹ ਸਾਥ ਲੰਬਾ ਸਮਾਂ ਚੱਲਿਆ। ਪਿਤਾ ਜੀ ਦੀ ਮੌਤ ਤੋਂ ਬਾਅਦ ਕਾਲਾ ਜ਼ਿਆਦਾ ਜ਼ਿੰਮੇਵਾਰ ਹੋ ਗਿਆ। ਮੰਮੀ ਆਪਣੀ ਮਾਂ ਹੀ ਕਹਿੰਦਾ ਸੀ। ਅਸੀਂ ਸਾਰੇ ਮੰਮੀ ਨੂੰ ਬੀਜੀ ਕਹਿ ਕੇ ਸੰਬੋਧਤ ਕਰਦੇ।

ਕਾਲੇ ਦਾ ਬਲੱਡ ਪ੍ਰੈਸ਼ਰ ਅਕਸਰ ਹੀ ਹੋ ਜਾਦਾ। ਦਵਾਈ ਖਾਣ ਵਿੱਚ ਉਹ ਅਕਸਰ ਅਣਗਹਿਲੀ ਕਰਦਾ। ਯੂ ਪੀ ਵਿੱਚ ਘਰ ਬਣਾਉਣ ਲਈ ਡੇਢ ਲੱਖ ਰੁਪਈਆ ਦਿੱਤਾ ਜਾ ਰਿਹਾ ਸੀ। ਉਹ ਵੀ ਪਿੰਡ ਚਲਾ ਗਿਆ। ਓਥੇ ਜਾ ਕੇ ਉਸ ਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ। ਦਰਅਸਲ ਉਸ ਦੇ ਗੁਰਦੇ ਖ਼ਰਾਬ ਹੋ ਗਏ ਸਨ। ਕਾਲਾ ਹਰ ਰੋਜ਼ ਮੰਮੀ ਨੂੰ ਫੋਨ ਕਰਦਾ ਤੇ ਆਪਣੀ ਹਾਲਤ ਦਸੱਦਾ। ਮੇਰੇ ਤੇ ਮੰਮੀ ਤੇ ਬਹੁਤ ਕਹਿਣ ਤੇ ਉਹ ਵਾਪਸ ਆ ਗਿਆ।

ਉਸ ਦੇ ਬੇਟੇ ਨੂੰ ਕਹਿ ਕੇ ਉਸ ਦਾ ਇਲਾਜ ਸ਼ੁਰੂ ਕਰਵਾਇਆ। ਹੁਣ ਤੱਕ ਬਹੁਤ ਦੇਰ ਹੋ ਚੁੱਕੀ ਸੀ। ਉਸ ਦੇ ਗੁਰਦੇ ਬਹੁਤ ਖਰਾਬ ਹੋ ਚੁੱਕੇ ਸਨ। ਇਲਾਜ ਚੱਲ ਰਿਹਾ ਸੀ ਪਰ ਮੌਤ ਨਿਸ਼ਚਿਤ ਸੀ। ਇਕ ਦਿਨ ਸ਼ਾਮ ਨੂੰ ਮੰਮੀ ਕਹਿਣ ਲੱਗੇ ਕਿ ਕਾਲੇ ਦਾ ਕੁਝ ਉਧਾਰ ਰਹਿੰਦਾ ਹੈ ਜੋ ਉਹ ਚੁਕਾਉਣਾ ਚਾਹੁੰਦੇ ਹਨ। ਜਿਸ ਦੇ ਜਿੰਨੇ ਪੈਸੇ ਓਹਨਾਂ ਕਿਹਾ ਮੈਂ ਦੇ ਦਿੱਤੇ।

ਦਿਨ ਵਿਚ ਕਾਲਾ ਆਇਆ ਮੰਮੀ ਦੇ ਹੱਥ ਦੀ ਰੋਟੀ ਖਾਣ ਦੀ ਖ਼ਵਾਹਿਸ਼ ਜ਼ਾਹਰ ਕੀਤੀ। ਮੰਮੀ ਨੇ ਘੀਆ ਦੀ ਸਬਜ਼ੀ ਨਾਲ ਉਸ ਨੂੰ ਰੋਟੀ ਬਣਾ ਕੇ ਦਿੱਤੀ ਜੋ ਓਸਨੇ ਖ਼ੁਸ਼ ਹੋ ਕੇ ਖਾਧੀ। ਜਾਣ ਵੇਲੇ ਉਸ ਨੇ ਮੰਮੀ ਨੂੰ ਕਿਹਾ ਕਿ ਮੈਂ ਤੁਹਾਡੇ ਕੋਲ ਆ ਜਾਣਾ ਹੈ ਅਤੇ ਇਥੇ ਹੀ ਰਹਾਂਗਾ। ਮੇਰਾ ਕਮਰਾ ਸਾਫ਼ ਕਰਵਾ ਦਿਓ। ਸ਼ਾਮ ਨੂੰ ਮੰਮੀ ਨੂੰ ਉਸ ਨੂੰ ਫੋਨ ਕਰਕੇ ਦੱਸਿਆ ਕਿ ਤੇਰਾ ਸਾਰਾ ਉਧਾਰ ਚੁੱਕਾ ਦਿੱਤਾ ਹੈ। ਇਹ ਸੁਣ ਕਾਲੇ ਨੇ ਕਿਹਾ ਬੀਜੀ ਤੂੰ ਸੱਚੀਂ ਮੇਰੀ ਮਾਂ ਹੈ।

ਉਸ ਰਾਤ ਘਰ ਦਾ ਮਾਹੌਲ ਬਹੁਤ ਉਦਾਸ ਰਿਹਾ। ਪਤਾ ਨਹੀਂ ਕਿਉਂ ਇੱਕ ਅਜੀਬ ਜਿਹੀ ਉਦਾਸੀ ਮਨ ਨੂੰ ਲੱਗੀ ਹੋਈ ਸੀ। ਸਵੇਰੇ 6 ਵਜੇ ਕਾਲੇ ਦੇ ਮੁੰਡੇ ਦਾ ਫੋਨ ਆ ਗਿਆ। ਉਸ ਦੱਸਿਆ ਕਿ ਕਾਲਾ ਸਦਾ ਦੀ ਨੀਂਦ ਸੌਂ ਗਿਆ ਹੈ।

ਇਹ ਬਹੁਤ ਦਰਦਨਾਕ ਸੀ। ਅਸੀਂ ਪਰਿਵਾਰ ਵਿਚ ਤਿੰਨ ਤੋਂ ਦੋ ਹੀ ਰਹਿ ਗਏ ਸੀ। ਇਹ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਸੀ। ਸ਼ਾਇਦ ਕਾਲਾ ਪਿਤਾ ਜੀ ਤੋਂ ਬਿਨਾ ਜ਼ਿਆਦਾ ਦੀ ਰਹਿ ਨਹੀਂ ਸਕਿਆ। ਬਚਪਨ ਤੋਂ ਉਨ੍ਹਾਂ ਦੇ ਨਾਲ ਜੋ ਰਿਹਾ ਸੀ।

ਬਿਗਾਨੇ ਕਿਸ ਤਰ੍ਹਾਂ ਆਪਣੇ ਬਣ ਜਾਂਦੇ ਹਨ ਕਾਲਾ ਉਸ ਦੀ ਮਿਸਾਲ ਹੈ।

ਹਰਪ੍ਰੀਤ ਕੌਰ ਸੰਧੂ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਛੋੜੇ ਦੀਆਂ ਘੜੀਆਂ
Next articleਦਰਖ਼ਤ ਲਗਾਈਏ