ਪੇਂਡੂ ਉਲੰਪਿਕ ਵਜੋਂ ਮਸ਼ਹੂਰ ਕਿਲ੍ਹਾ ਰਾਏਪੁਰ ਖੇਡਾਂ ਇਸ ਵਾਰ ਨਹੀਂ ਹੋਣਗੀਆਂ। ਬੀਤੇ ਮਹੀਨੇ ਹੀ ਕੈਬਨਿਟ ਨੇ ਬਲਦਾਂ ਦੀ ਦੌੜ ਨੂੰ ਹਰੀ ਝੰਡੀ ਦਿੱਤੀ ਸੀ, ਪਰ ਖੇਡਾਂ ਵਾਲੀ ਥਾਂ ’ਤੇ ਜ਼ਮੀਨੀ ਵਿਵਾਦ ਪੈਦਾ ਹੋਣ ਕਾਰਨ ਇਹ ਰੱਦ ਕਰ ਦਿੱਤੀਆਂ ਗਈਆਂ ਹਨ। ਜ਼ਮੀਨੀ ਵਿਵਾਦ ਅਦਾਲਤ ਵਿੱਚ ਚੱਲ ਰਿਹਾ ਸੀ, ਜੋ ਸਾਬਕਾ ਕਰਨਲ ਸੁਰਿੰਦਰ ਸਿੰਘ ਨੇ ਜਿੱਤ ਲਿਆ ਹੈ। ਕਰਨਲ ਸੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਹੁਣ ਅਗਲੇ ਸਾਲ ਤੋਂ ਖੇਡਾਂ ਸਪੋਰਟਸ ਸੁਸਾਇਟੀ ਪੱਤੀ ਸੁਹਾਵਿਆ ਵੱਲੋਂ ਕਰਵਾਈਆਂ ਜਾਣਗੀਆਂ। ਇਸ ਵਾਰ 8 ਮਾਰਚ ਨੂੰ ਕਿਲ੍ਹਾ ਰਾਏਪੁਰ ਖੇਡਾਂ ਵਾਲੀ ਥਾਂ ’ਤੇ ਸ੍ਰੀ ਅਖੰਡ ਪਾਠ ਸਾਹਿਬ ਸ਼ੁਰੂ ਕਰਵਾਇਆ ਜਾਏਗਾ, ਜਿਸ ਦੇ ਭੋਗ 10 ਮਾਰਚ ਨੂੰ ਪਾਏ ਜਾਣਗੇ। ਜ਼ਿਕਰਯੋਗ ਹੈ ਕਿ ਕਿਲ੍ਹਾ ਰਾਏਪੁਰ ਵਿੱਚ ਪਿਛਲੇ ਲੰਮੇਂ ਸਮੇਂ ਤੋਂ ਗਰੇਵਾਲ ਸਪੋਰਟਸ ਅਕਾਡਮੀ ਵੱਲੋਂ ਖੇਡ ਮੇਲਾ ਕਰਵਾਇਆ ਜਾਂਦਾ ਸੀ। ਜਿਨ੍ਹਾਂ ਦਾ ਕੁੱਝ ਸਮੇਂ ਤੋਂ ਖੇਡਾਂ ਵਾਲੀ ਥਾਂ ਨੂੰ ਲੈ ਕੇ ਸਪੋਰਟਸ ਸੁਸਾਇਟੀ ਪੱਤੀ ਸੁਹਾਵਿਆ ਨਾਲ ਅਦਾਲਤ ਵਿੱਚ ਕੇਸ ਚੱਲ ਰਿਹਾ ਸੀ। ਸੁਰਿੰਦਰ ਸਿੰਘ ਨੇ ਦੱਸਿਆ ਕਿ ਖੇਡ ਮੇਲਾ ਕਰਵਾਉਣ ਵਾਲੀ ਜ਼ਮੀਨ ਉਨ੍ਹਾਂ ਦੀ ਸੀ ਤੇ ਉਸ ਦਾ ਅਦਾਲਤ ਵਿੱਚ ਕੇਸ ਚੱਲ ਰਿਹਾ ਸੀ। ਉਨ੍ਹਾਂ ਨੇ ਦੋਸ਼ ਲਗਾਏ ਕਿ ਇਸ ਤੋਂ ਪਹਿਲਾਂ ਖੇਡ ਮੇਲਾ ਕਰਵਾਉਣ ਵਾਲੀ ਐਸੋਸੇਈਸ਼ੇਨ ਨੇ 7 ਏਕੜ ਥਾਂ ’ਤੇ ਕਥਿਤ ਤੌਰ ’ਤੇ ਕਬਜ਼ਾ ਕਰ ਲਿਆ ਸੀ। ਇਸ ਸਬੰਧੀ ਪਤਾ ਚੱਲਣ ’ਤੇ ਉਨ੍ਹਾਂ ਨੇ 1997 ਵਿੱਚ ਲੁਧਿਆਣਾ ਅਦਾਲਤ ਵਿੱਚ ਕੇਸ ਦਾਇਰ ਕਰ ਦਿੱਤਾ ਸੀ, ਜਿਸ ਦਾ ਫ਼ੈਸਲਾ ਉਨ੍ਹਾਂ ਦੇ ਹੱਕ ਵਿੱਚ ਹੋਇਆ।
Sports ਇਸ ਵਾਰ ਨਹੀਂ ਹੋਣਗੀਆਂ ਕਿਲ੍ਹਾ ਰਾਏਪੁਰ ਦੀਆਂ ਖੇਡਾਂ