ਪੀਏਯੂ ਦੇ ਵਿਦਿਆਰਥੀਆਂ ਵੱਲੋਂ ਭੁੱਖ ਹੜਤਾਲ

ਪੀਏਯੂ ਦੇ ਵਿਦਿਆਰਥੀਆਂ ਵੱਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਕੀਤਾ ਜਾ ਰਿਹਾ ਪ੍ਰਦਰਸ਼ਨ ਅੱਜ 14ਵੇਂ ਦਿਨ ਭੁੱਖ ਹੜਤਾਲ ਵਿੱਚ ਬਦਲ ਗਿਆ। ਵਿਦਿਆਰਥੀਆਂ ਵਿੱਚੋਂ ਪੰਜ ਵਿਦਿਆਰਥੀ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਥਾਪਰ ਹਾਲ ਅੱਗੇ ਭੁੱਖ ਹੜਤਾਲ ’ਤੇ ਬੈਠੇ। ਇਸ ਦੌਰਾਨ ਪਹੁੰਚੇ ਮੁੱਖ ਮੰਤਰੀ ਦੇ ਓਐੱਸਡੀ ਨੇ ਵਿਦਿਆਰਥੀਆਂ ਦਾ ਮਾਮਲਾ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਉਣ ਦਾ ਭਰੋਸਾ ਦਿੱਤਾ। ’ਵਰਸਿਟੀ ’ਚ ਵਿਦਿਆਰਥੀਆਂ ਵੱਲੋਂ ਚਾਰ ਪਹੀਆ ਵਾਹਨ ਸਬੰਧਤ ਵਿਭਾਗਾਂ ਤੱਕ ਲੈ ਕੇ ਜਾਣ ਦੀ ਮੰਗ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਤਿੰਨ ਛੁੱਟੀਆਂ ਤੋਂ ਬਾਅਦ ਅੱਜ ਵਿਦਿਆਰਥੀਆਂ ਨੇ ਆਪਣੇ ਇਸ ਸੰਘਰਸ਼ ਨੂੰ ਭੁੱਖ ਹੜਤਾਲ ਕਰ ਕੇ ਅੱਗੇ ਤੋਰਿਆ। ਇਸ ਦੌਰਾਨ ਪੰਜ ਵਿਦਿਆਰਥੀ ਥਾਪਰ ਹਾਲ ਅੱਗੇ ਭੁੱਖ ਹੜਤਾਲ ’ਤੇ ਬੈਠੇ ਜਦਕਿ ਬਾਕੀ ਵਿਦਿਆਰਥੀਆਂ ਨੇ ਕਲਾਸਾਂ ਲਗਾਉਣ ਤੋਂ ਬਾਅਦ ਸ਼ਾਮ 4.30 ਵਜੇ ਉੱਥੇ ਪਹੁੰਚ ਕੇ ਰੋਸ ਪ੍ਰਗਟਾਇਆ। ਵਿਦਿਆਰਥੀ ਆਗੂਆਂ ਦਾ ਕਹਿਣਾ ਸੀ ਕਿ ਜਦੋਂ ਤੱਕ ਉਨਾਂ ਦੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ, ਉਸ ਸਮੇਂ ਤੱਕ ਉਨਾਂ ਵਿੱਚੋਂ ਰੋਜ਼ਾਨਾ ਪੰਜ ਵਿਦਿਆਰਥੀ ਇੱਥੇ ਭੁੱਖ ਹੜਤਾਲ ’ਤੇ ਬੈਠਿਆ ਕਰਨਗੇ। ਇਸ ਦੌਰਾਨ ਵਿਦਿਆਰਥੀਆਂ ਨੇ ਜਿੱਥੇ ਆਪਣੇ ਸਿਰਾਂ ਅਤੇ ਬਾਹਾਂ ’ਤੇ ਕਾਲੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਸਨ, ਉੱਥੇ ਹੱਥਾਂ ਵਿੱਚ ਰੋਸ ਪ੍ਰਗਟਾਉਂਦੀਆਂ ਸਤਰਾਂ ਲਿਖੀਆਂ ਤਖਤੀਆਂ ਵੀ ਫੜੀਆਂ ਹੋਈਆਂ ਸਨ। ਉਨ੍ਹਾਂ ਰੋਸ ਪ੍ਰਗਟਾਇਆ ਕਿ ਵਾਰ ਵਾਰ ਕਹਿਣ ’ਤੇ ਵੀ ’ਵਰਸਿਟੀ ਦੇ ਅਧਿਕਾਰੀ ਉਨ੍ਹਾਂ ਦੀ ਗੱਲ ਮੰਨਣ ਲਈ ਰਾਜੀ ਨਹੀਂ ਹਨ। ਮੁੱਖ ਮੰਤਰੀ ਦੇ ਓਐੱਸਡੀ ਦਮਨਜੀਤ ਸਿੰਘ ਮੋਹੀ ਨੇ ਵਿਦਿਆਰਥੀਆਂ ਨੂੰ ਭੁੱਖ ਹੜਤਾਲ ਖਤਮ ਕਰਨ ਦੀ ਅਪੀਲ ਕਰਦਿਆਂ ਮਾਮਲਾ ਮੁੱਖ ਮੰਤਰੀ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਵਿਦਿਆਰਥੀਆਂ ਨੇ ਸ੍ਰੀ ਮੋਹੀ ਨੂੰ ਮੁੱਖ ਮੰਤਰੀ ਦੇ ਨਾਂ ਇੱਕ ਮੰਗ ਪੱਤਰ ਵੀ ਸੌਂਪਿਆ। ਦੂਜੇ ਪਾਸੇ ’ਵਰਸਿਟੀ ਦੇ ਅਸਟੇਟ ਅਫਸਰ ਡਾ. ਵੀ ਐੱਸ ਹਾਂਸ ਨੇ ਪਹਿਲਾਂ ਹੀ ਆਖਿਆ ਹੋਇਆ ਹੈ ਕਿ ਵਿਦਿਆਰਥੀ ਘਰੋਂ ਆਉਂਦੇ ਸਮੇਂ ਅਤੇ ’ਵਰਸਿਟੀ ਤੋਂ ਘਰਾਂ ਨੂੰ ਜਾਣ ਸਮੇਂ ਹੋਸਟਲ ਤੋਂ ਆਪਣਾ ਸਾਮਾਨ ਆਦਿ ਗੱਡੀਆਂ ਵਿੱਚ ਰੱਖ ਕੇ ਲਿਜਾ ਸਕਦੇ ਹਨ।

Previous articleਬੱਚੇ ਦੀ ਲਾਸ਼ ਲੈ ਕੇ ਆ ਰਹੀ ਕਾਰ ਹਾਦਸੇ ਦਾ ਸ਼ਿਕਾਰ
Next articleਅਤਿਵਾਦ ਖ਼ਿਲਾਫ਼ ਕਦਮ ਨਾ ਚੁੱਕਣ ’ਤੇ ਨਤੀਜੇ ਭੁਗਤੇਗਾ ਪਾਕਿ: ਮੋਦੀ