ਲੁਧਿਆਣਾ ਇੱਥੇ ਸਲੇਮ ਟਾਬਰੀ ਦੀ ਭਾਰਤੀ ਕਲੋਨੀ ਵਿਚ ਰਹਿਣ ਵਾਲੇ ਪੰਕਜ (30 ਸਾਲ) ਅਤੇ ਉਸਦੀ ਪਤਨੀ ਪੂਨਮ (27 ਸਾਲ) ਨੇ ਐਤਵਾਰ ਦੇਰ ਰਾਤ ਆਪਣੇ ਘਰ ਵਿਚ ਸ਼ੱਕੀ ਹਾਲਤ ’ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਪੰਕਜ ਦੇ ਭਰਾ ਨੀਰਜ ਨੇ ਦੱਸਿਆ ਕਿ ਉਹ ਮੂਲ ਰੂਪ ਵਿਚ ਬਿਹਾਰ ਦੇ ਸਿਕੰਦਰਾਬਾਦ ਵਾਸੀ ਹਨ ਅਤੇ ਇੱਥੇ ਪੂਰਾ ਪਰਿਵਾਰ ਇੱਕ ਮਕਾਨ ’ਚ ਰਹਿੰਦਾ ਹੈ। ਪੰਕਜ ਫੈਕਟਰੀ ’ਚ ਕੰਮ ਕਰਦਾ ਸੀ ਅਤੇ ਉਸਦਾ ਵਿਆਹ ਕਰੀਬ ਅੱਠ ਸਾਲ ਪਹਿਲਾਂ ਪੂਨਮ ਨਾਲ ਹੋਇਆ ਸੀ। ਇਸ ਜੋੜੇ ਦੇ ਚਾਰ ਸਾਲ ਦਾ ਪੁੱਤਰ ਤੇ ਤਿੰਨ ਸਾਲ ਦੀ ਲੜਕੀ ਹੈ। ਨੀਰਜ ਨੇ ਦੱਸਿਆ ਕਿ ਕੁਝ ਦਿਨਾਂ ਤੋਂ ਪੰਕਜ ਪ੍ਰੇਸ਼ਾਨ ਸੀ ਪਰ ਉਸ ਨੇ ਆਪਣੀ ਪ੍ਰੇਸ਼ਾਨੀ ਦਾ ਕਾਰਨ ਕਿਸੇ ਨਾਲ ਸਾਂਝਾ ਨਹੀਂ ਕੀਤਾ ਸੀ। ਐਤਵਾਰ ਦੀ ਸ਼ਾਮ ਨੂੰ ਦੋਵੇਂ ਭਰਾ ਰਾਸ਼ਨ ਖਰੀਦ ਕੇ ਲਿਆਏ ਤੇ ਰਾਤ ਨੂੰ ਸਾਰੇ ਪਰਿਵਾਰ ਨੇ ਇਕੱਠਿਆਂ ਰੋਟੀ ਖਾਧੀ ਸੀ। ਰੋਟੀ ਖਾਣ ਤੋਂ ਬਾਅਦ ਪੰਕਜ ਦਾ ਪੁੱਤਰ ਉਸ ਦੇ ਕੋਲ ਹੀ ਸੌਂ ਗਿਆ ਜਦੋਂ ਕਿ ਲੜਕੀ ਪੰਕਜ ਤੇ ਪੂਨਮ ਨਾਲ ਸੌਂ ਗਈ। ਸੋਮਵਾਰ ਦੀ ਸਵੇਰੇ ਜਦੋਂ 8 ਵਜੇ ਤੱਕ ਦੋਵੇਂ ਕਮਰੇ ’ਚੋਂ ਬਾਹਰ ਨਾ ਆਏ ਤਾਂ ਉਨ੍ਹਾ ਨੇ ਦਰਵਾਜ਼ਾ ਖੜਕਾਇਆ। ਕੋਈ ਹੁੰਗਾਰਾ ਨਾ ਮਿਲਣ ’ਤੇ ਉਨ੍ਹਾਂ ਨੇ ਦਰਵਾਜ਼ਾ ਤੋੜ ਦਿੱਤਾ ਤਾਂ ਕਮਰੇ ਵਿਚ ਦੋਹਾਂ ਦੀਆਂ ਲਾਸ਼ਾਂ ਲਟਕ ਰਹੀਆਂ ਸਨ ਅਤੇ ਜੋੜੇ ਦੀ ਤਿੰਨ ਸਾਲ ਦੀ ਬੱਚੀ ਸੌਂ ਰਹੀ ਸੀ। ਉਨ੍ਹਾਂ ਨੇ ਘਟਨਾ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਦੇ ਉਚ ਅਧਿਕਾਰੀ ਤੇ ਥਾਣਾ ਸਲੇਮ ਟਾਬਰੀ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਜਾਂਚ ਤੋਂ ਬਾਅਦ ਦੋਹਾਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ। ਏਸੀਪੀ (ਉਤਰੀ) ਮੁਖਤਿਆਰ ਰਾਏ ਨੇ ਦੱਸਿਆ ਕਿ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਅਤੇ ਹੀ ਕੋਈ ਖ਼ੁਦਕੁਸ਼ੀ ਨੋਟ ਨਹੀਂ ਮਿਲਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।