ਹਵਾਈ ਹਮਲਾ ਅਤਿਵਾਦ ਖ਼ਿਲਾਫ਼ ਭਾਰਤ ਦੀ ਦ੍ਰਿੜ੍ਹਤਾ ਦਾ ਪ੍ਰਗਟਾਵਾ: ਕੈਪਟਨ

ਬਾਲਾਕੋਟ ਹਵਾਈ ਹਮਲੇ ਬਾਰੇ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦੇ ਬਿਆਨ ਵੱਖੋ ਵੱਖਰੇ ਹਨ। ਇਸ ਹਵਾਈ ਹਮਲੇ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਤਿਵਾਦ ਨਾਲ ਨਜਿੱਠਣ ਲਈ ਭਾਰਤ ਨੇ ਪਾਕਿਸਤਾਨ ਨੂੰ ਆਪਣਾ ਦ੍ਰਿੜ੍ਹ ਇਰਾਦਾ ਦਿਖਾ ਦਿੱਤਾ ਹੈ। ਇਸ ਵਿੱਚ ਕਿੰਨੇ ਅਤਿਵਾਦੀ ਮਾਰੇ ਗਏ, ਇਹ ਗੱਲ ਮਾਇਨੇ ਨਹੀਂ ਰੱਖਦੀ। ਮੁੱਖ ਮੰਤਰੀ ਅੱਜ ਇੱਥੇ ਦੁਰਗਿਆਣਾ ਮੰਦਿਰ ਦੀ ਕਾਰ ਸੇਵਾ ਅਤੇ ਪੀਣ ਵਾਲੇ ਪਾਣੀ ਵਾਸਤੇ ਨਹਿਰੀ ਪਾਣੀ ਦੀ ਵਰਤੋਂ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ ਵਾਸਤੇ ਪੁੱਜੇ ਸਨ। ਮੁੱਖ ਮੰਤਰੀ ਦੁਰਗਿਆਣਾ ਮੰਦਿਰ ’ਚ ਸਰੋਵਰ ਦੀ ਕਾਰ ਸੇਵਾ ਦੀ ਸ਼ੁਰੂਆਤ ਕੀਤੀ ਹੈ ਅਤੇ ਮੰਦਿਰ ਕਮੇਟੀ ਨੂੰ ਇਕ ਕਰੋੜ ਰੁਪਏ ਤੇ ਕੁਝ ਜ਼ਮੀਨ ਦੇਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਕੋਈ ਵੀ ਮੁਲਕ ਲੜਾਈ ਦੇ ਪੱਖ ’ਚ ਨਹੀਂ ਹੈ। ਭਾਰਤ ਅਤੇ ਪਾਕਿਸਤਾਨ ਦੋਵੇਂ ਐਟਮੀ ਤਾਕਤਾਂ ਹਨ। ਕੋਈ ਵੀ ਮੁਲਕ ਇਸ ਹੱਕ ਵਿੱਚ ਨਹੀਂ ਹੈ ਕਿ ਐਟਮੀ ਹਥਿਆਰਾਂ ਦੀ ਵਰਤੋਂ ਕੀਤੀ ਜਾਵੇ ਪਰ ਇਸਲਾਮਾਬਾਦ ਵੱਲੋਂ ਜੰਗ ਵਿੱਚ ਹਾਰ ਦੀ ਸਥਿਤੀ ਸਮੇਂ ਇਨ੍ਹਾਂ ਹਥਿਆਰਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਮਕਬੂਜ਼ਾ ਕਸ਼ਮੀਰ ਵਿੱਚ ਅਤਿਵਾਦੀ ਕੈਂਪਾਂ ’ਤੇ ਹਵਾਈ ਹਮਲਾ ਕਰਕੇ ਭਾਰਤ ਨੇ ਸਾਬਤ ਕੀਤਾ ਹੈ ਕਿ ਉਹ ਆਪਣੇ ਸੈਨਿਕਾਂ ਅਤੇ ਨਿਰਦੋਸ਼ ਨਾਗਰਿਕਾਂ ਦੀਆਂ ਮੌਤਾਂ ਦਾ ਬਦਲਾ ਜ਼ਰੂਰ ਲਵੇਗਾ। ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਿਚਾਲੇ ਹੋਏ ਗੱਠਜੋੜ ਬਾਰੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਆਖਿਆ ਕਿ ਇਹ ਦੋਵਾਂ ਪਾਰਟੀਆਂ ਦਾ ਫ਼ੈਸਲਾ ਹੈ। ਕਾਂਗਰਸ ਵੱਲੋਂ ਕਿਸੇ ਨਾਲ ਗੱਠਜੋੜ ਕੀਤੇ ਜਾਣ ਦੇ ਸਵਾਲ ਬਾਰੇ ਉਨ੍ਹਾਂ ਆਖਿਆ ਕਿ ਕਾਂਗਰਸ ਨੂੰ ਕਿਸੇ ਵੀ ਪਾਰਟੀ ਨਾਲ ਗੱਠਜੋੜ ਦੀ ਲੋੜ ਨਹੀਂ ਹੈ। ਉਨ੍ਹਾਂ ਆਖਿਆ ਕਿ ਲੋਕ ਸਰਕਾਰ ਦੀ ਕਾਰਗੁਜ਼ਾਰੀ ਦੇ ਆਧਾਰ ’ਤੇ ਹੀ ਕਾਂਗਰਸ ਨੂੰ ਵੋਟਾਂ ਪਾਉਣਗੇ।

Previous articleਬਿਜਲੀ ਕਾਮਿਆਂ ਨੇ ਕਾਂਗੜ ਨੂੰ ਕਾਲੀਆਂ ਝੰਡੀਆਂ ਵਿਖਾਈਆਂ
Next articleਭਾਰਤੀ-ਅਮਰੀਕੀਆਂ ਵੱਲੋਂ ਯੂਐੱਨ ਸਦਰਮੁਕਾਮ ਦੇ ਬਾਹਰ ਪ੍ਰਦਰਸ਼ਨ