ਜਦ ਡਾ. ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸਨ ਤਾਂ ਸ੍ਰੀ ਨਰਿੰਦਰ ਮੋਦੀ ਉਨ੍ਹਾਂ ਨੂੰ ਮੋਨ ਮਨਮੋਹਨ ਸਿੰਘ ਕਹਿੰਦੇ ਸਨ ਕਿਉਂਕਿ ਉਹ ਬਹੁਤ ਹੀ ਘਟ ਬਿਆਨਬਾਜ਼ੀ ਕਰਦੇ ਸਨ।ਭਾਵੇਂ ਉਹ ਘੱਟ ਬੋਲਦੇ ਸਨ ਪਰ ਉਹ ਸਾਲ ਵਿੱਚ 2 ਕਾਨਫਰੰਸਾਂ ਜ਼ਰੂਰ ਕਰਦੇ ਸਨ ਤੇ ਜਦ ਵਿਦੇਸ਼ ਜਾਂਦੇ ਸਨ ਤਾਂ ਉਹ ਉੱਥੇ ਵੀ ਮੀਡਿਆ ਕਰਮੀਆਂ ਦਾ ਸਾਹਮਣਾ ਕਰਦੇ ਸਨ ਤੇ ਵਾਪਿਸ ਆ ਕੇ ਪ੍ਰੈਸ ਕਾਨਫਰੰਸ ਕਰਦੇ ਸਨ।ਹੈਰਾਨੀ ਇਸ ਗੱਲ ਦੀ ਹੈ ਕਿ ਮੋਦੀ ਦੇਸ਼ ਦੇ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਨੇ ਅਜੇ ਤੀਕ ਕੋਈ ਵੀ ਪ੍ਰੈਸ ਕਾਨਫਰੰਸ ਨਹੀਂ ਕਰਵਾਈ। ਜੇ ਉਨ੍ਹਾਂ ਦੀ ਮੀਡੀਆ ਪ੍ਰਤੀ ਇਹੋ ਪਹੁੰਚ ਰਹੀ ਤਾਂ ਉਨ੍ਹਾਂ ਦਾ ਨਾਂ ਗਿਨੀ ਬੁਕਸ ਵਿੱਚ ਲਿਖਿਆ ਜਾਵੇਗਾ।
ਹਰ ਪ੍ਰਧਾਨ ਮੰਤਰੀ ਨੇ ਮੀਡੀਆ ਸਲਾਹਕਾਰ ਰੱਖਿਆ ਹੁੰਦਾ ਹੈ ਪਰ ਮੋਦੀ ਨੇ ਅਜਿਹਾ ਨਹੀਂ ਕੀਤਾ। ਡਾ. ਮਨਮੋਹਨ ਸਿੰਘ ਜਦ ਪ੍ਰਧਾਨ ਮੰਤਰੀ ਸਨ ਤਾਂ ਉਹ ਜਦ ਵਿਦੇਸ਼ ਜਾਂਦੇ ਸਨ ਤਾਂ ਆਪਣੇ ਨਾਲ 40 ਤੋਂ ਵੀ ਵੱਧ ਮੀਡੀਆ ਕਰਮੀ ਖੜਦੇ ਸਨ ਤੇ ਜਹਾਜ਼ ਵਿੱਚ ਵੀ ਪ੍ਰੈਸ ਕਾਨਫਰੰਸ ਕਰਦੇ ਸਨ।ਪ੍ਰੈਸ ਰਿਪੋਟਰਾਂ ਨੂੰ ਵਿਦੇਸ਼ ਵਿੱਚ ਨਾਲ ਖੜ੍ਹਨ ਦੀ ਪਰੰਪਰਾ ਨੂੰ ਵੀ ਮੋਦੀ ਨੇ ਤੋੜਿਆ ਹੈ।
ਡਾ. ਮਨਮੋਹਨ ਸਿੰਘ ਦੀ 18 ਦਸੰਬਰ 2018 ਨੂੰ 6 ਜਿਲਦਾਂ ਵਿਚ ਚੇਜਿੰਗ ਇੰਡੀਆ (ਬਦਲ ਰਿਹਾ ਭਾਰਤ ) ਪੁਸਤਕ ਲੜੀ ਪ੍ਰਕਾਸ਼ਿਤ ਹੋਈ ਹੈ,ਜਿਨ੍ਹਾਂ ਵਿਚੋਂ ਇਕ ਪੁਸਤਕ ਵਿਚ ਉਨ੍ਹਾਂ ਨੇ ਮੀਡਿਆ ਦੇ ਆਪਣੇ ਸਬੰਧਾਂ ਬਾਰੇ ਵਿਸਥਾਰ ਨਾਲ ਜਿਕਰ ਕੀਤਾ ਹੈ ।ਉਨ੍ਹਾਂ ਪੁਸਤਕ ਰਲੀਜ਼ ਕਰਦੇ ਸਮੇਂ ਕਿਹਾ ਕਿ ਮੈਂ ਕਦੇ ਵੀ ਮੀਡਿਆ ਤੋਂ ਡਰਿਆ ਨਹੀਂ।ਵਿਦੇਸ਼ ਜਾਣ ਸਮੇਂ ਜਹਾਜ਼ ਵਿਚ,ਵਿਦੇਸ਼ ਵਿਚ ਤੇ ਵਾਪਿਸ ਦੇਸ਼ ਆ ਕੇ ਪ੍ਰੈਸ ਕਾਨਫ਼ਰੰਸਾਂ ਕੀਤੀਆਂ।
ਅਗਾਂਹਵਧੂ ਦੇਸ਼ਾਂ ਦੀ ਇਹ ਪਰੰਪਰਾ ਰਹੀ ਹੈ ਕਿ ਸਰਕਾਰੀ ਕੰਮਕਾਜ ਵਿੱਚ ਪਾਰਦਰਸ਼ਕਤਾ ਦਰਸਾਉਣ ਤੇ ਪ੍ਰਸ਼ਾਸ਼ਨ ਨੂੰ ਜ਼ੁਆਬਦੇਹ ਬਨਾਉਣ ਲਈ ਪ੍ਰੈਸ ਕਾਨਫਰੰਸਾਂ ਆਮ ਕੀਤੀਆਂ ਜਾਂਦੀਆਂ ਹਨ। ਅਮਰੀਕਾ ਦੀ ਮਿਸਾਲ ਸਾਡੇ ਸਾਹਮਣੇ ਹੈ ਕਿ ਰਾਸ਼ਟਰਪਤੀ ਟਰੰਪ ਅਕਸਰ ਵਿਵਾਦਤ ਬਿਆਨ ਕਰਕੇ ਅਕਸਰ ਮੀਡੀਆ ਵਿੱਚ ਰਹਿੰਦੇ ਹਨ। ਵਾਇਟ ਹਾਊਸ ਵੱਲੋਂ ਵੀ ਰੋਜ਼ਾਨਾਂ ਕੋਈ ਨਾ ਕੋਈ ਬਿਆਨ ਜਾਰੀ ਕੀਤਾ ਜਾਂਦਾ ਹੈ। ਮੋਦੀ ਸਰਕਾਰ ਵੱਲੋਂ ਵਿਸ਼ੇਸ਼ ਮੀਡਿਆ ਨੂੰ ਪਹਿਲ ਦਿੱਤੀ ਜਾਂਦੀ ਹੈ ਤੇ 2 ਟੀ ਵੀ ਚੈਨਲ ਅਜਿਹੇ ਹਨ ਜਿਹੜੇ ਉਸ ਦੀਆਂ ਮੁਲਾਕਾਤਾਂ ਦਰਸਾਉਂਦੇ ਰਹਿੰਦੇ ਹਨ ਤੇ ਉਨ੍ਹਾਂ ਨੂੰ ਇਸ਼ਤਿਹਾਰ ਕਥਿਤ ਤੌਰ ‘ਤੇ ਸਰਕਾਰ ਵੱਲੋਂ ਦਿੱਤੇ ਜਾਂਦੇ ਹਨ। ਇਨ੍ਹਾਂ ਪ੍ਰੈਸ ਕਾਨਫਰੰਸਾਂ ਵਿੱਚ ਵਿਵਾਦ ਸੁਆਲ ਨਹੀਂ ਪੁੱਛੇ ਜਾਂਦੇ ਸਨ।
ਡਾ. ਮਨਮੋਹਨ ਸਿੰਘ ਇੱਕ ਨਾਮਜਦ ਪ੍ਰਧਾਨ ਮੰਤਰੀ ਸਨ ਕਿਉਂਕਿ ਉਹ ਰਾਜ ਸਭਾ ਦੇ ਮੈਂਬਰ ਸਨ ਪਰ ਮੌਜੂਦਾ ਪ੍ਰਧਾਨ ਮੰਤਰੀ ਲੋਕ ਸਭਾ ਦੇ ਮੈਂਬਰ ਹਨ ਜਿਨ੍ਹਾਂ ਨੂੰ ਲੋਕਾਂ ਪ੍ਰਤੀ ਜ਼ਿਆਦਾ ਜੁਆਬਦੇਹ ਹੋਣਾ ਚਾਹੀਦਾ ਹੈ। ਉਹ ‘ਮਨ ਕੀ ਬਾਤ’ ਪ੍ਰੋਗਰਾਮ ਅਧੀਨ ਆਪਣੀ ਗੱਲ ਤਾਂ ਲੋਕਾਂ ਤੀਕ ਪਹੁੰਚਾ ਦਿੰਦੇ ਹਨ ਪਰ ਪ੍ਰੈਸ ਜਿਸ ਨੂੰ ਲੋਕਤੰਤਰ ਦਾ ਤੀਜਾ ਥੰਮ ਕਿਹਾ ਜਾਂਦਾ ਹੈ ਦਾ ਸਾਹਮਣਾ ਕਰਨ ਨੂੰ ਤਿਆਰ ਨਹੀਂ।ਅਜਿਹਾ ਕਰਕੇ ਉਹ ਚੰਗੀ ਪਰੰਪਰਾ ਨਹੀਂ ਪਾ ਰਹੇ।
ਮੀਡੀਆ ਕਰਮੀਆ ਦਾ ਸਰਕਾਰਾਂ ਨਾਲ ਹਮੇਸ਼ਾਂ ਗੂੜ੍ਹਾ ਸੰਬੰਧ ਰਿਹਾ ਹੈ। ਪਰ ਮੋਦੀ ਸਰਕਾਰ ਨੇ ਇਸ ਪਰੰਪਰਾ ਨੂੰ ਵੀ ਬੜੀ ਬੁਰੀ ਤਰ੍ਹਾਂ ਢਾਹ ਲਾਈ ਹੈ।ਸ੍ਰੀ ਅਟਲ ਬਿਹਾਰੀ ਵਾਜਪਾਈ ਸਮੇਤ ਸਾਰੇ ਪ੍ਰਧਾਨ ਮੰਤਰੀਆਂ ਨੇ ਪ੍ਰੈਸ ਸਲਾਹਕਾਰ ਰੱਖਿਆ ਹੁੰਦਾ ਸੀ ਜੋ ਕਿ ਮੀਡੀਆ ਕਰਮੀਆਂ ਨਾਲ ਜiੁੜਆ ਹੁੰਦਾ ਸੀ। ਹੁਣ ਮੀਡੀਆ ਨੂੰ ਇਹ ਨਹੀਂ ਪਤਾ ਕਿ ਪ੍ਰਧਾਨ ਮੰਤਰੀ ਦਫ਼ਤਰ ਕਿਸ ਨਾਲ ਸੰਪਰਕ ਕੀਤਾ ਜਾਵੇ। ਭਾਰਤ ਸਰਕਾਰ ਦਾ ਪ੍ਰੈਸ ਸੂਚਨਾ ਬਿਊਰੋ (ਪਬਲਿਕ ਇਨਫਰਮਿਸ਼ਨ ਬਿਊਰੋ) ਵੱਲੋਂ ਪਹਿਲਾਂ ਮਾਨਤਾ ਪ੍ਰਾਪਤ ਪ੍ਰੈਸ ਰਿਪੋਟਰਾਂ ਨੂੰ ਵੱਖ ਵੱੱਖ ਮਹਿਕਿਆਂ, ਮੰਤਰੀਆਂ ਪਾਸ ਆਮ ਜਾਣ ਦੀ ਖੁੱਲ੍ਹ ਸੀ, ਜੋ ਕਿ ਇਨ੍ਹਾਂ ਨੇ ਬੰਦ ਕਰ ਦਿੱਤੀ ਹੈ। ਕੇਂਦਰੀ ਸੂਚਨਾ ਬਿਊਰੋ ਦਾ ਪਛਾਣ ਪੱਤਰ ਹੋਣ ਦੇ ਬਾਵਜੂਦ ਵੀ ਕਈ ਤਰ੍ਹਾਂ ਸੁਆਲ ਪੁੱਛੇ ਜਾਂਦੇ ਹਨ। ਜਿਸ ਅਫ਼ਸਰ ਨੂੰ ਮਿਲਣਾ ਵੀ ਹੁੰਦਾ ਹੈ, ਉਹ ਵੀ ਕਈ ਤਰ੍ਹਾਂ ਦੇ ਉਲਟ ਪੁਲਟ ਸੁਆਲ ਪੁੱਛਦਾ ਹੈ। ਇਸ ਤਰ੍ਹਾਂ ਮੀਡੀਆਂ ਕਰਮੀਆਂ ਨੂੰ ਜਿਹੜੀਆਂ ਸੂਚਨਾਵਾਂ ਪਹਿਲਾਂ ਸੌਖਿਆਂ ਹੀ ਮਿਲ ਜਾਂਦੀਆਂ ਸਨ, ਹੁਣ ਮਿਲਣੀਆਂ ਬਹੁਤ ਮੁਸ਼ਕਲ ਹਨ।ਵਿਦੇਸ਼ੀ ਪੱਤਰਕਾਰਾਂ ਦਾ ਵੀ ਗਿਲਾ ਹੈ ਕਿ ਇਸ ਸਮੇਂ ਬਹੁਤ ਵਿਵਾਦਿਤ ਮੁੱਦੇ ਹਨ ਜਿਨ੍ਹਾਂ ਬਾਰੇ ਉਹ ਜਾਨਣਾ ਚਾਹੁੰਦੇ ਹਨ ਪਰ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਮਿਲਣ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ।
2015 ਵਿੱਚ ਸੂਚਨਾ ਅਧਿਕਾਰ ਅਧੀਨ ਨਾਗਰਿਕਾਂ ਨੂੰ ਜਾਣਕਾਰੀ ਲੈਣ ਦਾ ਅਧਿਕਾਰ ਦਿੱਤਾ ਗਿਆ ਹੈ ਪਰ ਮੌਜੂਦਾ ਸਰਕਾਰ ਨੇ ਇਸ ਦਾ ਕੇਂਦਰੀਕਰਨ ਕਰਕੇ ਇਸ ਨੂੰ ਪ੍ਰਧਾਨ ਮੰਤਰੀ ਦਫ਼ਤਰ ਤੀਕ ਸੀਮਤ ਕਰ ਦਿੱਤਾ ਹੈ। ਇਸ ਦਾ ਹੋਰ ਵੀ ਮਾੜਾ ਪੱਖ ਇਹ ਹੈ ਕਿ ਬਿਨਾਂ ਕਿਸੇ ਕਾਰਨ ਦੱਸੇ ਪ੍ਰਧਾਨ ਮੰਤਰੀ ਦਫ਼ਤਰ ਵਲੋਂ ਬਹੁਤ ਸਾਰੇ ਕੇਸਾਂ ਵਿਚ ਸੂਚਨਾ ਦੇਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ।
ਪਾਰਲੀਮੈਂਟ ਦੇ ਕੇਂਦਰੀ ਹਾਲ ਵਿੱਚ ਜਿੱਥੇ ਪਹਿਲਾਂ ਪੱਤਰਕਾਰ ਇਕੱਠੇ ਹੋ ਕੇ ਮੰਤਰੀਆਂ ਅਤੇ ਪਾਰਲੀਮੈਂਟ ਮੈਂਬਰਾਂ ਨੂੰ ਮਿਲਦੇ ਸਨ, ਹੁਣ ਉੱਥੇ ਪ੍ਰਧਾਨ ਮੰਤਰੀ ਦੇ ਵਿਸ਼ਵਾਸ਼ਪਾਤਰ ਗੁਜਰਾਤੀ ਦੀ ਡਿਊਟੀ ਲਾਈ ਗਈ ਹੈ, ਜਿਹੜਾ ਬੀ ਜੇ ਪੀ ਦੇ ਮੈਂਬਰਾਂ ਅਤੇ ਮੰਤਰੀਆਂ ਦੀ ਸੂਚੀ ਤਿਆਰ ਕਰਕੇ ਦੇਂਦਾ ਹੈ, ਜਿਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਨੀ ਹੁੰਦੀ ਹੈ।
ਹੁਣ ਸੁਆਲ ਪੈਦਾ ਹੁੰਦਾ ਹੈ ਕਿ ਮੀਡਿਆ ਬਾਰੇ ਪ੍ਰਧਾਨ ਮੰਤਰੀ ਦੀ ਅਜਿਹੀ ਪਹੁੰਚ ਕਿਉਂ ਹੈ ?ਗੁਜਰਾਤ ਦੇ ਪੱਤਰਕਾਰ ਜਿਹੜੇ ਮੋਦੀ ਨੂੰ ਗੁਜਰਾਤ ਦੇ ਮੁੱਖ ਮੰਤਰੀ ਸਮੇਂ ਤੋਂ ਜਾਣਦੇ ਹਨ ਦਾ ਕਹਿਣਾ ਹੈ ਕਿ ਮੀਡੀਆ ਪ੍ਰਤੀ ਇਹ ਪਹੁੰਚ ਉਸ ਸਮੇਂ ਤੋਂ ਹੀ ਹੈ ਜਦ 2002 ਵਿਚ ਗੁਜਰਾਤ ਵਿਚ 1000 ਤੋਂ ਉਪਰ ਮੁਸਲਮਾਨਾਂ ਦਾ ਕਤਲ ਕੀਤਾ ਗਿਆ ਸੀ ਤੇ ਭਾਰਤੀ ਤੇ ਵਿਦੇਸ਼ੀ ਪੱਤਰਕਾਰਾਂ ਨੇ ਗੁਜਰਾਤ ਸਰਕਾਰ ਨੂੰ ਬੁਰੀ ਤਰ੍ਹਾਂ ਘੇਰਿਆ ਸੀ। ਗੁਜਰਾਤ ਮਾਡਲ ਹੀ ਦਿੱਲੀ ਵਿੱਚ ਲਾਗੂ ਕੀਤਾ ਗਿਆ ਹੈ।
ਕਾਂਗਰਸ ਪਾਰਟੀ ਦਾ ਦੋਸ਼ ਹੈ ਕਿ ਡਾ. ਮਨਮੋਹਨ ਸਿੰਘ ਸਰਕਾਰ ਸਮੇਂ ਮੰਤਰੀ ਵੱਖ ਵੱਖ ਵਿਸ਼ਿਆਂ ਉੱਤੇ ਅਕਸਰ ਪ੍ਰੈਸ ਕਾਨਫਰੰਸਾਂ ਕਰਿਆ ਕਰਦੇ ਸਨ ਤੇ ਪੱਤਰਕਾਰਾਂ ਨੂੰ ਉਨ੍ਹਾਂ ਦੇ ਸੁਆਲਾਂ ਦੇ ਜੁਆਬ ਦੇਂਦੇ ਸਨ। ਭਾਵੇਂ ਡਾ. ਮਨਮੋਹਨ ਸਿੰਘ ਬਹੁਤ ਘੱਟ ਬੋਲਦੇ ਸਨ ਪਰ ਮੰਤਰੀ ਵੱਖ ਵੱਖ ਸਕੈਂਡਲਾਂ ਸੰਬੰਧੀ ਜਾਂ ਸਰਕਾਰ ਦੀਆਂ ਗਲਤੀਆਂ ਸੰਬੰਧੀ ਅਕਸਰ ਪ੍ਰੈਸ ਕਾਨਫਰੰਸਾਂ ਕਰਿਆ ਕਰਦੇ ਸਨ। ਪਰ ਹੁਣ ਮੋਦੀ ਸਰਕਾਰ ਨੇ ਕੇਵਲ ਦੋ ਮੰਤਰੀਆਂ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸ਼ਾਦਿ ਅਤੇ ਸੂਚਨਾ ਅਤੇ ਪ੍ਰਸਾਰ ਮੰਤਰੀ ਪ੍ਰਕਾਸ਼ ਜਾਵੇਦਕਰ ਨੂੰ ਸਰਕਾਰ ਵੱਲੋਂ ਬੋਲਣ ਦਾ ਅਧਿਕਾਰ ਦਿੱਤਾ ਹੈ।
ਗੁਜਰਾਤ ਦੰਗਿਆਂ ਤੋਂ ਬਾਦ ਅਮਰੀਕਾ ਨੇ ਮੋਦੀ ਨੂੰ ਵੀਜਾ ਦੇਣ ‘ਤੇ ਪਾਬੰਦੀ ਲਾ ਦਿੱਤੀ ਸੀ ਤੇ ਉਹ ਅਮਰੀਕਾ ਕੇਵਲ ਪ੍ਰਧਾਨ ਮੰਤਰੀ ਬਣਨ ਪਿੱਛੋਂ ਹੀ ਜਾ ਸਕੇ ਸਨ ।ਇਸ ਤਰ੍ਹਾਂ ਪ੍ਰਧਾਨ ਮੰਤਰੀ ਦਾ ਜੀਵਨ ਬੜੇ ਵਿਵਾਦਾਂ ਵਿਚ ਘਿਰਿਆ ਹੋਇਆ ਹੈ।ਜੇ ਹੁਣ ਵੀ ਵੇਖਿਆ ਜਾਵੇ ਤਾਂ ਮੋਦੀ ਵੱਲੋਂ ਅੱਛੇ ਦਿਨ ਲਿਆਉਣ ਲਈ ਜਿਹੜੇ ਵਾਅਦੇ ਚੋਣ ਮੈਨੀਫੈਸਟੋ ਵਿੱਚ ਕੀਤੇ ਗਏ, ਉਨ੍ਹਾਂ ਵਿੱਚ ਕੋਈ ਵੀ ਪੂਰਾ ਨਹੀਂ ਕੀਤਾ ਗਿਆ ਜਿਸ ਬਾਰੇ ਹਰ ਕੋਈ ਜਾਣਦਾ ਹੈ। ਮੌਜੂਦਾ ਸਰਕਾਰ ਨੇ ਪਿਛਲੀ ਸਰਕਾਰ ਦੀਆਂ ਨੀਤੀਆਂ ਨੂੰ ਹੀ ਲਾਗੂ ਕੀਤਾ ਜਿਨ੍ਹਾਂ ਦਾ ਬਤੌਰ ਵਿਰੋਧੀ ਪਾਰਟੀ ਉਹ ਵਿਰੋਧ ਕਰਦੇ ਰਹਿ ਹਨ।
ਭਾਰਤੀ ਜਨਤਾ ਪਾਰਟੀ ਕੋਲ ਚੋਣਾਂ ਸਮੇਂ ਕੀਤੇ ਵਾਇਦਿਆਂ ਜਿਵੇਂ ਕਿ ਵਿਦੇਸ਼ਾਂ ਵਿੱਚ ਕਾਲਾ ਧਨ ਲਿਆ ਕੇ ਹਰੇਕ ਖਾਤੇ ਵਿੱਚ 15-15 ਲੱਖ ਰੁਪਏ ਜਮ੍ਹਾਂ ਕਰਾਉਣਾ, ਹਰ ਸਾਲ 2 ਕਰੋੜ ਨੌਕਰੀਆਂ ਪੈਦਾ ਕਰਨਾ, ਕਿਸਾਨਾਂ ਨੂੰ ਫ਼ਸਲਾਂ ਦੀਆਂ ਕੀਮਤਾਂ ਲਾਗਤ ਕੀਮਤ ਨਾਲੋਂ ਡਿਉੜੀਆਂ ਦੇਣਾ, ਰਾਮ ਮੰਦਰ ਬਣਾਉਣਾ ਵਗੈਰਾ ਵਗੈਰਾ ਕੋਈ ਵੀ ਪੂਰਾ ਨਹੀਂ ਹੋਇਆ ਤੇ ਨਾ ਹੀ ਉਨ੍ਹਾਂ ਕੋਲ ਇਨ੍ਹਾਂ ਦੇ ਕੋਈ ਢੁੱਕਵੇਂ ਜੁਆਬ ਹਨ। ਉਨ੍ਹਾਂ ਇੱਕ ਚੁੱਪ ਸੌ ਸੁੱਖ ਵਾਲੀ ਨੀਤੀ ਧਾਰਨ ਕੀਤੀ ਹੋਈ ਹੈ। ਕੋਈ 2400 ਕਰੋੜ ਰੁਪਏ ਸਰਕਾਰ ਦੀਆਂ ਪ੍ਰਾਪਤੀਆਂ ਦੇ ਅਖ਼ਬਾਰਾਂ ਅਤੇ ਟੀ.ਵੀ. ਚੈਨਲਾਂ ‘ਤੇ ਗੁਣ ਗਾਇਨ ਕਰਕੇ ਵੋਟਾਂ ਬਟੋਰਨ ਲਈ ਟੈਕਸਾਂ ਦਾ ਪੈਸਿਆਂ ਖ਼ਰਚ ਹੋ ਚੁੱਕਾ ਹੈ।ਦੇਸ਼ ਦੀਆਂ ਸਮੱਸਿਆਵਾਂ ਘਟਣ ਦੀ ਥਾਂ ‘ਤੇ ਨਾ ਕੇਵਲ ਵਧੀਆਂ ਹਨ, ਸਗੋਂ ਗੁੰਝਲਦਾਰ ਹੋਈਆ ਹਨ ।
ਇਸ ਸਰਕਾਰ ਉਪਰ ਤਾਨਾਸ਼ਾਹ ਸਰਕਾਰ ਹੋਣ ਦਾ ਦੋਸ਼ ਵੀ ਲਗਦਾ ਹੈ।ਸਰਕਾਰ ਵਿਰੁਧ ਪ੍ਰਚਾਰ ਕਰਨ ਵਾਲੇ ਚੈਨਲਾਂ ਦੀ ਆਵਾਜ਼ ਦਬਾਉਣ ਲਈ ਕਈ ਹੱਥਕੰਡੇ ਵਰਤੇ ਜਾਂਦੇ ਹਨ।ਐਨ ਡੀ ਟੀ ਵੀ ਦੇ ਦਫ਼ਤਰ ਤੇ ਉਸ ਨੂੰ ਚਲਾਉਣ ਵਾਲਿਆਂ ਦੇ ਘਰ ਸੀ ਬੀ ਆਈ ਦੇ ਛਾਪੇ ਮਾਰੇ ਗਏ।ਸਰਕਾਰ ਵਿਰੁਧ ਲਿਖਣ ਵਾਲੇ ਲੇਖਕਾਂ ‘ਤੇ ਦੇਸ਼ ਧ੍ਰੋਹ ਦੇ ਕੇਸ ਦਰਜ ਕੀਤੇ ਗਏ ਤੇ ਕਈ ਕਤਲ ਕੀਤੇ ਗਏ।ਵੰਨ ਸੁਵੰਨਤਾ ਪ੍ਰਫ਼ੁਲਤ ਕਰਨ ਦੀ ਥਾਂ ‘ਤੇ ਵਿਸ਼ੇਸ਼ ਵਿਚਾਰਧਾਰਾ ਨੂੰ ਥੋਪਿਆ ਜਾ ਰਿਹਾ ਹੈ। ਇਸ ਤਰ੍ਹਾਂ ਲੋਕ ਤੰਤਰ ਦੀ ਥਾਂ ‘ਤੇ ਤਾਨਾਸ਼ਾਹੀ ਸ਼ਾਸਨ ਚਲ ਰਿਹਾ ਹੈ।
ਇਸ ਲਈ ਲੋੜ ਹੈ ਕਿ ਆਉਂਦੀਆਂ ਚੋਣਾਂ ਵਿਚ ਅਜਿਹੀ ਪਾਰਟੀ ਨੂੰ ਅੱਗੇ ਲਿਆਂਦਾ ਜਾਵੇ ਜਿਹੜੀ ਬੋਲਣ ਤੇ ਲਿਖਣ ਦੀ ਆਜ਼ਾਦੀ ਨੂੰ ਮੁੜ ਬਹਾਲ ਕਰੇ । ਪ੍ਰਧਾਨ ਮੰਤਰੀ ਦੇ ਮੀਡੀਆ ਨਾਲ ਸੁਖਾਵੇਂ ਸਬੰਧ ਹੋਣ ਤੇ ਉਹ ਸਮੇਂ ਸਮੇਂ ਪ੍ਰੈਸ ਕਾਨਫ਼੍ਰੰਸਾਂ ਕਰੇ ਤਾਂ ਜੁ ਉਨ੍ਹਾਂ ਨੂੰ ਲੋਕਾਂ ਦੇ ਮਸਲਿਆਂ ਬਾਰੇ ਸਹੀ ਜਾਣਕਾਰੀ ਮਿਲ ਸਕੇ।
-ਡਾ. ਚਰਨਜੀਤ ਸਿੰਘ ਗੁਮਟਾਲਾ ,919417533060