ਅਭਿਨੰਦਨ ’ਤੇ ਹਰੇਕ ਭਾਰਤੀ ਨੂੰ ਮਾਣ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਦੇ ਸੋਹਲੇ ਗਾਉਂਦਿਆਂ ਕਿਹਾ ਕਿ ਹਰੇਕ ਭਾਰਤੀ ਨੂੰ ਉਸ ’ਤੇ ਮਾਣ ਹੈ। ਹਥਿਆਰਬੰਦ ਬਲਾਂ ’ਤੇ ਸ਼ੱਕ ਕਰਨ ਲਈ ਸਿਆਸੀ ਵਿਰੋਧੀਆਂ ਉਪਰ ਹਮਲਾ ਬੋਲਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਪਾਕਿਸਤਾਨ ਨੂੰ ਸਹਾਇਤਾ ਮਿਲੀ ਹੈ। ਪ੍ਰਧਾਨ ਮੰਤਰੀ ਨੇ ਕਾਂਗਰਸ ਦੀ ਅਗਵਾਈ ਹੇਠਲੀ ਪਿਛਲੀ ਯੂਪੀਏ ਸਰਕਾਰ ’ਤੇ ਵੀ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਸ ਨੇ 2008 ’ਚ 26/11 ਦੇ ਮੁੰਬਈ ਹਮਲਿਆਂ ਮਗਰੋਂ ਸਰਜੀਕਲ ਸਟਰਾਈਕ ਨਹੀਂ ਹੋਣ ਦਿੱਤੀ। ਇਥੇ ਕਈ ਸਰਕਾਰੀ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਮਗਰੋਂ ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਮੁਲਕ ਦੀ ਪਹਿਲੀ ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ’ਤੇ ਵੀ ਮਾਣ ਹੈ ਜੋ ਤਾਮਿਲਨਾਡੂ ਤੋਂ ਹਨ। ‘ਹਰੇਕ ਭਾਰਤੀ ਨੂੰ ਵੀ ਮਾਣ ਹੈ ਕਿ ਬਹਾਦਰ ਵਿੰਗ ਕਮਾਂਡਰ ਅਭਿਨੰਦਨ ਤਾਮਿਲਨਾਡੂ ਦਾ ਵਸਨੀਕ ਹੈ।’ ਉਨ੍ਹਾਂ ਕਿਹਾ ਕਿ ਪਿਛਲੇ ਦੋ ਦਿਨਾਂ ਦੀਆਂ ਘਟਨਾਵਾਂ ਤੋਂ ਸਾਬਿਤ ਹੋ ਗਿਆ ਹੈ ਕਿ ਮੁਲਕ ਦੇ ਹਥਿਆਰਬੰਦ ਬਲ ਮਜ਼ਬੂਤ ਹਨ। ਵਿਰੋਧੀ ਧਿਰਾਂ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ, ‘‘ਮੋਦੀ ਆਏਗਾ ਅਤੇ ਜਾਏਗਾ ਪਰ ਭਾਰਤ ਹਮੇਸ਼ਾ ਰਹੇਗਾ। ਕਿਰਪਾ ਕਰਕੇ ਆਪਣੀ ਸਿਆਸਤ ਚਮਕਾਉਣ ਲਈ ਭਾਰਤ ਨੂੰ ਕਮਜ਼ੋਰ ਕਰਨਾ ਬੰਦ ਕਰੋ।’’ ਉਨ੍ਹਾਂ ਕਿਹਾ ਕਿ ਦਹਿਸ਼ਤਗਰਦੀ ਖ਼ਿਲਾਫ਼ ਭਾਰਤ ਦੀ ਜੰਗ ਦੀ ਪੂਰੀ ਦੁਨੀਆਂ ਹਮਾਇਤ ਕਰ ਰਹੀ ਹੈ।

Previous articleਪ੍ਰਾਪਰਟੀ ਡੀਲਰ ਵੱਲੋਂ ਤੇਜ਼ਾਬ ਪੀ ਕੇ ਖ਼ੁਦਕੁਸ਼ੀ
Next articleਅਜ਼ਹਰ ਦੇ ਮੁੱਦੇ ਉੱਤੇ ਚੀਨ ਨਾਲ ਸੌਦੇਬਾਜ਼ੀ ਲਈ ਭਾਰਤ ਯਤਨਸ਼ੀਲ