ਕੁਪਵਾੜਾ ਮੁਕਾਬਲੇ ’ਚ ਪੰਜ ਸੁਰੱਖਿਆ ਜਵਾਨ ਤੇ ਇੱਕ ਨਾਗਰਿਕ ਹਲਾਕ

ਜੰਮੂ ਕਸ਼ਮੀਰ ਦੇ ਰਾਜੌਰੀ ਅਤੇ ਪੁਣਛ ਸੈਕਟਰਾਂ ਵਿੱਚ ਪਾਕਿਸਤਾਨ ਦੀ ਫੌਜ ਵੱਲੋਂ ਲਗਾਤਾਰ ਅੱਠਵੇਂ ਦਿਨ ਕੰਟਰੋਲ ਰੇਖਾ ਉੱਤੇ ਭਾਰੀ ਗੋਲਾਬਾਰੀ ਜਾਰੀ ਹੈ। ਗੋਲਾਬਾਰੀ ’ਚ ਇੱਕ ਔਰਤ ਨਸੀਮ ਅਖ਼ਤਰ ਸਮੇਤ ਦੋ ਵਿਅਕਤੀ ਜ਼ਖ਼ਮੀ ਹੋਏ ਹਨ। ਭਾਰਤੀ ਫੌਜ ਦੇ ਵੱਲੋਂ ਵੀ ਇਸ ਦਾ ਢੁਕਵਾਂ ਜਵਾਬ ਦਿੱਤਾ ਜਾ ਰਿਹਾ ਹੈ। ਰਾਜੌਰੀ ਦੇ ਸਿਵਲ ਪ੍ਰਸ਼ਾਸਨ ਨੇ ਗੋਲਾਬਾਰੀ ਤੋੋਂ ਪ੍ਰਭਾਵਿਤ ਲੋਕਾਂ ਤੱਕ ਪਹੁੰਚ ਕੀਤੀ ਹੈ। ਸਰਕਾਰੀ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਕੁਪਵਾੜਾ ਜ਼ਿਲ੍ਹੇ ਦੇ ਬਾਬਾਗੁੰਡ ਇਲਾਕੇ ਵਿੱਚ ਅਤਿਵਾਦੀਆਂ ਨਾਲ ਹੋਏ ਮੁਕਾਬਲੇ ਵਿੱਚ ਸੀਆਰਪੀਐੱਫ ਦੇ ਇੱਕ ਇੰਸਪੈਕਟਰ ਸਮੇਤ ਪੰਜ ਜਵਾਨ ਹਲਾਕ ਹੋ ਗਏ ਹਨ। ਅਤਿਵਾਦੀ ਇੱਕ ਘਰ ਵਿੱਚ ਛੁਪੇ ਹੋਏ ਹਨ ਤੇ ਆਖ਼ਰੀ ਖ਼ਬਰਾਂ ਆਉਣ ਤੱਕ ਮੁਕਾਬਲਾ ਜਾਰੀ ਸੀ। ਮੁਕਾਬਲੇ ਵਾਲੀ ਥਾਂ ਸੁਰੱਖਿਆ ਬਲਾਂ ਦਾ ਵਿਰੋਧ ਕਰਦੇ ਹੋਏ ਇੱਕ ਸਿਵਲੀਅਨ ਦੀ ਮੌਤ ਹੋ ਗਈ ਤੇ ਚਾਰ ਜ਼ਖ਼ਮੀ ਹੋਏ ਹਨ।
ਸਰਕਾਰੀ ਸੂਤਰਾਂ ਅਨੁਸਾਰ ਪਾਕਿਸਤਾਨ ਦੀ ਫੌਜ ਵੱਲੋਂ ਹੋਵਿਟਜ਼ਰ 105 ਐਮਐਮ ਤੋਪਾਂ ਅਤੇ ਹੋਰ ਭਾਰੀ ਹਥਿਆਰਾਂ ਨਾਲ ਪੁਣਛ ਖੇਤਰ ਵਿੱਚ ਗੋੋਲਾਬਾਰੀ ਕਰਕੇ ਸਿਵਲੀਅਨ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਦੌਰਾਨ ਪਾਕਿਸਤਾਨ ਦੀ ਫੌਜ ਨੇ ਉੜੀ ਸੈਕਟਰ ਵਿੱਚ ਭਾਰਤ ਵਾਲੇ ਪਾਸੇ ਸਰਹੱਦੀ ਚੌਕੀਆਂ ਨੂੰ ਅਤੇ ਬਾਰਾਮੂਲਾ ਜ਼ਿਲ੍ਹੇ ਵਿੱਚ ਕਮਾਲਕੋਟ ਪਿੰਡ ਨੂੰ ਗੋਲਾਬਾਰੀ ਕਰਕੇ ਨਿਸ਼ਾਨਾ ਬਣਾਇਆ ਹੈ। ਇਸ ’ਚ ਇੱਕ ਨਾਗਰਿਕ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਰਾਜੌਰੀ ਦੇ ਸਰਹੱਦੀ ਖਿੱਤੇ ਦੇ ਗੋਲਾਬਾਰੀ ਤੋਂ ਪ੍ਰਭਾਵਿਤ ਲੋਕਾਂ ਤੱਕ ਪਹੁੰਚ ਕੀਤੀ ਹੈ। ਰਾਜੌਰੀ ਦੇ ਡਿਪਟੀ ਕਮਿਸ਼ਨਰ ਮੁਹੰਮਦ ਐਜਾਜ਼ ਅਸਦ ਨੇ ਕੰਟਰੋਲ ਰੇਖਾ ਨੇੜੇ ਮਾਂਜਾਕੋਟ ਸੈਕਟਰ ਵਿੱਚ ਪ੍ਰਭਾਵਿਤ ਖੇਤਰ ਦਾ ਦੌਰਾ ਕਰਕੇ ਸਹਾਇਤਾ ਕਾਰਜਾਂ ਬਾਰੇ ਜਾਣਕਾਰੀ ਹਾਸਲ ਕੀਤੀ।

Previous articleJailed ex-Brazil President Lula to attend grandson’s funeral
Next articleਸਰਹੱਦੀ ਲੋਕਾਂ ਨਾਲ ਮੋਢਾ ਜੋੜ ਕੇ ਖੜ੍ਹਾਂਗੇ: ਕੈਪਟਨ