ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅੱਜ ਐਲਾਨ ਕੀਤਾ ਕਿ ਉਹ ਹਿਰਾਸਤ ਵਿੱਚ ਲਏ ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ‘ਸ਼ਾਂਤੀ ਦੇ ਸੁਨੇਹੇ’ ਵਜੋਂ ਸ਼ੁੱਕਰਵਾਰ ਨੂੰ ਰਿਹਾਅ ਕਰ ਦੇਣਗੇ। ਖ਼ਾਨ ਨੇ ਭਾਰਤੀ ਪਾਇਲਟ ਦੀ ਰਿਹਾਈ ਨੂੰ ਗੁਆਂਢੀ ਮੁਲਕ ਨਾਲ ਗੱਲਬਾਤ ਦਾ ਰਾਹ ਖੋਲ੍ਹਣ ਦੀ ਦਿਸ਼ਾ ਵਿੱਚ ‘ਪਹਿਲਾ ਕਦਮ’ ਕਰਾਰ ਦਿੱਤਾ ਹੈ। ਮੁਲਕ ਦੇ ਵਜ਼ੀਰੇ ਆਜ਼ਮ ਨੇ ਇਹ ਐਲਾਨ ਅੱਜ ਇਥੇ ਸੰਸਦ ਦੇ ਸਾਂਝੇ ਇਜਲਾਸ ਦੌਰਾਨ ਕੀਤਾ। ਉਂਜ ਖ਼ਾਨ ਨੇ ਸਾਫ਼ ਕਰ ਦਿੱਤਾ ਕਿ ਤਲਖੀ ਘਟਾਉਣ ਦੇ ਪਾਕਿਸਤਾਨੀ ਯਤਨਾਂ ਨੂੰ ਉਹਦੀ ਕਮਜ਼ੋਰੀ ਨਾ ਸਮਝਿਆ ਜਾਵੇ। ਉਧਰ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੋਵਾਂ ਮੁਲਕਾਂ ਦਰਮਿਆਨ ਵਧਦੀ ਤਲਖੀ ਨੂੰ ਘੱਟ ਕਰਨ ਲਈ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨਾਲ ਗੱਲਬਾਤ ਕਰਨ ਲਈ ਤਿਆਰ ਹਨ। ਇਸ ਤੋਂ ਪਹਿਲਾਂ ਸੰਸਦ ਦੇ ਸਾਂਝੇ ਇਜਲਾਸ ਦੌਰਾਨ ਵਿਰੋਧੀ ਧਿਰ ਦੇ ਆਗੂ ਸ਼ਾਹਬਾਜ਼ ਸ਼ਰੀਫ਼ ਤਕਰੀਰ ਲਈ ਖੜ੍ਹੇ ਹੋਏ ਤਾਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਉਨ੍ਹਾਂ ਨੂੰ ਵਿਚਾਲੇ ਟੋਕਣ ਲਈ ਮੁਆਫ਼ੀ ਮੰਗਦਿਆਂ ਕਿਹਾ ਕਿ ਉਹ ਇਹ ਐਲਾਨ ਕਰਨਾ ਚਾਹੁੰਦੇ ਹਨ ਕਿ ਪਾਕਿਸਤਾਨੀ ਹਵਾਈ ਫ਼ੌਜ ਵੱਲੋਂ ਬੁੱਧਵਾਰ ਨੂੰ ਹਿਰਾਸਤ ਵਿੱਚ ਲਏ ਭਾਰਤੀ ਪਾਇਲਟ ਨੂੰ ‘ਸ਼ਾਂਤੀ ਦੇ ਸੁਨੇਹੇ’ ਵਜੋਂ ਭਲਕੇ ਸ਼ੁੱਕਰਵਾਰ ਨੂੰ ਰਿਹਾਅ ਕਰ ਦਿੱਤਾ ਜਾਵੇਗਾ। ਖ਼ਾਨ ਨੇ ਕਿਹਾ, ‘ਅਮਨ ਦੀ ਆਪਣੀ ਖਾਹਿਸ਼ ਦੇ ਚਲਦਿਆਂ ਮੈਂ ਇਹ ਐਲਾਨ ਕਰਦਾ ਹਾਂ ਕਿ ਪਾਕਿਸਤਾਨ ਭਲਕੇ (ਸ਼ੁੱਕਰਵਾਰ) ਗੱਲਬਾਤ ਦੀ ਦਿਸ਼ਾ ਵਿੱਚ ਪਹਿਲਾ ਕਦਮ ਪੁੱਟਦਿਆਂ ਸਾਡੀ ਹਿਰਾਸਤ ਵਿੱਚ ਬੰਦ ਭਾਰਤੀ ਹਵਾਈ ਫ਼ੌਜ ਦੇ ਅਧਿਕਾਰੀ ਨੂੰ ਰਿਹਾਅ ਕਰ ਦੇਵੇਗਾ।’ ਪਾਕਿਸਤਾਨੀ ਸੰਸਦ ਮੈਂਬਰਾਂ ਨੇ ਵਜ਼ੀਰੇ ਆਜ਼ਮ ਦੇ ਇਸ ਐਲਾਨ ਦਾ ਮੇਜ਼ ਥਾਪੜ ਕੇ ਸਵਾਗਤ ਕੀਤਾ। ਇਮਰਾਨ ਖ਼ਾਨ ਨੇ ਕਿਹਾ, ‘ਹਵਾਈ ਹਮਲੇ ਕਰਨ ਦਾ ਇਕੋ ਇਕ ਮੰਤਵ ਆਪਣੀ ਸਮਰੱਥਾ ਤੇ ਇੱਛਾ ਸ਼ਕਤੀ ਨੂੰ ਦਰਸਾਉਣਾ ਸੀ।’ ਉਨ੍ਹਾਂ ਭਾਰਤ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਸ ਨੇ ਹਮਲਾਵਰ ਰੁਖ਼ ਨਾਲ ਪੇਸ਼ਕਦਮੀ ਕੀਤੀ ਤਾਂ ਇਹ ਪਾਕਿਸਤਾਨ ਨੂੰ ਜਵਾਬ ਦੇਣ ਲਈ ਮਜਬੂਰ ਕਰਨਾ ਹੋਵੇਗਾ। ਖ਼ਾਨ ਨੇ ਸਾਫ਼ ਕਰ ਦਿੱਤਾ ਕਿ ਤਲਖੀ ਘਟਾਉਣ ਦੇ ਪਾਕਿਸਤਾਨੀ ਯਤਨਾਂ ਨੂੰ ਉਹਦੀ ਕਮਜ਼ੋਰੀ ਨਾ ਸਮਝਿਆ ਜਾਵੇ।