(ਸਮਾਜ ਵੀਕਲੀ)
ਅੱਜ ਟੈਕਨੋਲੋਜੀ ਦੇ ਯੁੱਗ ਵਿੱਚ ਜਿੱਥੇ ਜ਼ਿੰਦਗੀ ਬਹੁਤ ਸੁਖਾਲੀ ਹੋ ਗਈ ਹੈ ਉਥੇ ਸਮੱਸਿਆਵਾਂ ਵੀ ਬਹੁਤ ਵਧ ਗਈਆਂ ਹਨ। ਸਾਡੇ ਨੌਜਵਾਨ ਟੈਕਨਾਲੋਜੀ ਨੂੰ ਗਲਤ ਤਰੀਕੇ ਨਾਲ ਇਸਤੇਮਾਲ ਕਰ ਰਹੇ ਹਨ।ਜੋ ਉਹ ਕਰ ਰਹੇ ਹਨ ਉਸ ਦੇ ਮਾਰੂ ਸਿੱਟਿਆਂ ਤੋਂ ਉਹ ਜਾਣੂ ਨਹੀਂ।ਮਾਂ ਬਾਪ ਇਸ ਬਾਰੇ ਜ਼ਿਆਦਾ ਨਹੀਂ ਜਾਣਦੇ।ਮੋਬਾਈਲ ਫੋਨ ਜੋ ਹਰ ਹੱਥ ਵਿੱਚ ਹੈ, ਦਾ ਗਲਤ ਇਸਤੇਮਾਲ ਹੋ ਰਿਹਾ ਹੈ।ਸ਼ਾਇਦ ਬਹੁਤ ਘੱਟ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਹੋਵੇਗੀ ਕਿ ਨੌਜਵਾਨ ਮੁੰਡੇ ਕੁੜੀਆਂ ਫੋਨ ਸੈਕਸ ਕਰਦੇ ਹਨ।ਇਸ ਵਿੱਚ ਵੀਡੀਓ ਕਾਲ ਦਾ ਪ੍ਰਯੋਗ ਕੀਤਾ ਜਾਂਦਾ ਹੈ।ਇਸ ਵੀਡੀਓ ਦੀ ਰਿਕਾਰਡਿੰਗ ਵੀ ਕੀਤੀ ਜਾ ਸਕਦੀ ਹੈ।ਅਜਿਹੀ ਰਿਕਾਰਡਿੰਗ ਨੂੰ ਜਦੋਂ ਚਾਹੇ ਗਲਤ ਤਰੀਕੇ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ।ਅਜਿਹੀਆਂ ਹਰਕਤਾਂ ਵਿਚ ਕੁੜੀਆਂ ਦਾ ਭਵਿੱਖ ਦਾਅ ਤੇ ਲੱਗਦਾ ਹੈ।
ਨੌਜਵਾਨ ਬੱਚੇ ਇਸ ਗੱਲ ਨੂੰ ਨਹੀਂ ਸਮਝਦੇ ਕਿ ਇਸ ਦੇ ਸਿੱਟੇ ਕੀ ਨਿਕਲਣਗੇ।ਕੁੜੀਆਂ ਭਾਵਨਾਵਾਂ ਦੇ ਵਹਿਣ ਵਿੱਚ ਵਹਿ ਕੇ ਅਜਿਹੇ ਕੰਮ ਕਰ ਬੈਠਦੀਆਂ ਹਨ ਜੋ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਨਮੋਸ਼ੀ ਦਾ ਕਾਰਨ ਬਣਦੇ ਹਨ।ਹੁਣ ਇਹ ਆਮ ਵਰਤਾਰਾ ਹੈ ਮੁੰਡਾ ਆਪਣੀ ਸਹੇਲੀ ਨੂੰ ਹੋਰਨਾਂ ਕੁੜੀਆਂ ਨਾਲ ਵਾਕਫ਼ੀਅਤ ਕਰਵਾਉਣ ਲਈ ਕਹਿੰਦਾ ਹੈ।ਜਾਂ ਫਿਰ ਆਪਣੀਆਂ ਸਹੇਲੀਆਂ ਦੀਆਂ ਵੀਡਿਓ ਬਣਾਉਣ ਲਈ ਕਹਿੰਦਾ ਹੈ।ਸੋਚਣ ਵਾਲੀ ਗੱਲ ਇਹ ਹੈ ਪੜ੍ਹੀਆਂ ਲਿਖੀਆਂ ਕੁੜੀਆਂ ਨੂੰ ਇਹ ਗੱਲ ਸਮਝ ਕਿਉਂ ਨਹੀਂ ਆਉਂਦੀ ਕਿ ਜੋ ਦੂਜੀ ਕੁੜੀ ਬਾਰੇ ਗੱਲ ਕਰਦਾ ਹੈ ਕਿੰਨਾ ਕੁ ਸੱਚਾ ਹੋ ਸਕਦਾ ਹੈ।
ਉਹ ਕਿਉਂ ਨਹੀਂ ਸਮਝਦੀਆ ਕਿ ਉਨ੍ਹਾਂ ਨੂੰ ਜ਼ਰੀਆ ਬਣਾ ਕੇ ਇਸਤੇਮਾਲ ਕੀਤਾ ਜਾ ਰਿਹਾ ਹੈ।ਅਜਿਹੇ ਦੋਸਤ ਨੂੰ ਉਸੇ ਪਲ ਛੱਡ ਦੇਣਾ ਬਿਹਤਰ ਹੈ ਜਦੋਂ ਅਜਿਹਾ ਕੁਝ ਕਰਨ ਲਈ ਕਹੇ।ਇੱਥੇ ਅਕਸਰ ਸਮੱਸਿਆ ਇਹ ਆਉਂਦੀ ਹੈ ਮੁੰਡੇ ਕੋਲ ਕੁੜੀ ਦੀ ਕੋਈ ਨਾ ਕੋਈ ਇਤਰਾਜ਼ਯੋਗ ਵੀਡੀਓ ਜਾਂ ਫੋਟੋ ਹੁੰਦੇ ਹਨ ਜਿਸ ਦੇ ਡਰ ਤੋਂ ਕੁੜੀ ਅਜਿਹੇ ਕੰਮ ਵਿੱਚ ਭਾਗੀਦਾਰ ਬਣਦੀ ਹੈ।ਸੈਕਸਟਿੰਗ ਸ਼ਬਦ ਤੋਂ ਸ਼ਾਇਦ ਤੁਸੀਂ ਜਾਣੂ ਹੀ ਨਾ ਹੋਵੋ ਪਰ ਨੌਜਵਾਨ ਬੱਚਿਆਂ ਵਿੱਚ ਆਮ ਪ੍ਰਚੱਲਿਤ ਹੈ।ਇਹ ਚੈਟਿੰਗ ਤੋਂ ਕੀਤਾ ਗਿਆ ਸੈਕਸ ਹੈ।ਇਸ ਵਿਚ ਲੜਕੀਆਂ ਅਕਸਰ ਆਪਣੀਆਂ ਨਗਨ ਤਸਵੀਰਾਂ ਆਪਣੇ ਪ੍ਰੇਮੀ ਭੇਜ ਦਿੰਦੀਆਂ ਹਨ।
ਪ੍ਰੇਮੀ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਜੋ ਕੀਤਾ ਹੁੰਦਾ ਹੈ।ਉਹੀ ਪ੍ਰੇਮੀ ਇਨ੍ਹਾਂ ਤਸਵੀਰਾਂ ਦੇ ਨਾਲ ਲੜਕੀ ਨੂੰ ਬਲੈਕਮੇਲ ਕਰਦਾ ਹੈ ਅਤੇ ਆਪਣੀ ਇੱਛਾ ਮੁਤਾਬਿਕ ਇਸਤੇਮਾਲ ਵੀ ਕਰਦਾ ਹੈ।ਹੋ ਸਕਦਾ ਹੈ ਸੁਣਨ ਨੂੰ ਇਹ ਗੱਲਾਂ ਬਹੁਤ ਅਜੀਬ ਜਾਪਣ ਪਰ ਇਸ ਸੱਚ ਨੂੰ ਹੋ ਰਿਹਾ ਹੈ।ਸਾਨੂੰ ਸਮਾਜਿਕ ਤੌਰ ਤੇ ਹੋਰ ਸੁਚੇਤ ਹੋਣ ਦੀ ਲੋੜ ਹੈ।ਸਾਡਾ ਬੱਚਾ ਆਪਣੇ ਕਮਰੇ ਵਿੱਚ ਮੋਬਾਈਲ ਲੈ ਕੇ ਕੀ ਕਰਦਾ ਹੈ ਇਹ ਸਾਨੂੰ ਪਤਾ ਹੋਣਾ ਚਾਹੀਦਾ ਹੈ।ਇਸ ਗੱਲ ਦਾ ਅੰਦਾਜ਼ਾ ਤੁਸੀਂ ਬੱਚੇ ਦੇ ਵਿਹਾਰ ਤੋਂ ਲਾ ਸਕਦੇ ਹੋ।ਜੇਕਰ ਤੁਹਾਡਾ ਬੱਚਾ ਆਪਣੇ ਕਮਰੇ ਵਿੱਚ ਇਕੱਲਾ ਰਹਿਣਾ ਚਾਹੁੰਦਾ ਹੈ ਤਾਂ ਜ਼ਰੂਰ ਧਿਆਨ ਰੱਖੋ ਕਿਤੇ ਉਹ ਗਲਤ ਸੰਗਤ ਵਿੱਚ ਤਾਂ ਨਹੀਂ ਪੈ ਗਿਆ।ਇਹ ਲੜਕੇ ਅਤੇ ਲੜਕੀਆਂ ਦੋਨਾਂ ਲਈ ਜ਼ਰੂਰੀ ਹੈ। ਸਾਨੂੰ ਜ਼ਰੂਰਤ ਹੈ ਆਪਣੇ ਬੱਚਿਆਂ ਨਾਲ ਖੁੱਲ੍ਹ ਕੇ ਗੱਲ ਕਰਨ ਦੀ।
ਅਸੀਂ ਜੇਕਰ ਉਨ੍ਹਾਂ ਨਾਲ ਗੱਲ ਨਹੀਂ ਕਰਾਂਗੇ ਤਾਂ ਉਨ੍ਹਾਂ ਨੂੰ ਸੁਚੇਤ ਕਿਵੇਂ ਕਰਾਂਗੇ।ਸਾਡੇ ਸਮਾਜਿਕ ਪਰਦੇ ਵਿਚ ਜੋ ਕੁਝ ਵਾਪਰ ਰਿਹਾ ਹੈ ਬਹੁਤ ਘਿਨੌਣਾ ਹੈ।ਮੋਬਾਈਲ, ਲੈਪਟਾਪ ਅਤੇ ਕੰਪਿਊਟਰ ਦਾ ਗਲਤ ਇਸਤੇਮਾਲ ਬਹੁਤ ਖ਼ਤਰਨਾਕ ਸਾਬਿਤ ਹੋ ਸਕਦਾ ਹੈ।ਨੌਜਵਾਨ ਬੱਚਿਆਂ ਵਿੱਚ ਲਾਈਵ ਸੈਕਸ ਇਸ ਦਾ ਰੁਝਾਨ ਬਹੁਤ ਵਧ ਰਿਹਾ ਹੈ।ਇਸ ਵਿੱਚ ਉਨ੍ਹਾਂ ਨੂੰ ਕਿਤੇ ਬਾਹਰ ਜਾਣ ਦੀ ਵੀ ਲੋੜ ਨਹੀਂ।ਆਪਣੇ ਕਮਰੇ ਵਿਚ ਬੈਠਿਆਂ ਹੀ ਉਹ ਇਨ੍ਹਾਂ ਗਤੀਵਿਧੀਆਂ ਵਿੱਚ ਰੁੱਝ ਜਾਂਦੇ ਹਨ ਜੋ ਉਨ੍ਹਾਂ ਦੇ ਸਾਰੇ ਜੀਵਨ ਨੂੰ ਤਬਾਹ ਕਰ ਸਕਦੀਆਂ ਹਨ।ਇਸ ਲਈ ਬਹੁਤ ਜ਼ਰੂਰੀ ਹੈ ਕਿ ਬੱਚਿਆਂ ਨੂੰ ਇਸ ਪ੍ਰਤੀ ਸੁਚੇਤ ਕੀਤਾ ਜਾਵੇ।
ਉਨ੍ਹਾਂ ਨੂੰ ਪਤਾ ਹੋਵੇ ਕਿ ਇਨ੍ਹਾਂ ਚੀਜ਼ਾਂ ਦੀ ਰਿਕਾਰਡਿੰਗ ਕੀਤੀ ਜਾ ਸਕਦੀ ਹੈ।ਕਬੂਤਰ ਵਾਂਗ ਬਿੱਲੀ ਦੇਖ ਕੇ ਅੱਖਾਂ ਬੰਦ ਕਰ ਲੈਣ ਨਾਲ ਖ਼ਤਰਾ ਟਲ ਨਹੀਂ ਜਾਂਦਾ।ਸਾਨੂੰ ਅੱਖਾਂ ਖੋਲ੍ਹ ਕੇ ਇਸ ਖ਼ਤਰੇ ਦਾ ਸਾਹਮਣਾ ਕਰਨਾ ਪਵੇਗਾ।ਆਪਣੇ ਬੱਚਿਆਂ ਨੂੰ ਇਸ ਪ੍ਰਤੀ ਸੁਚੇਤ ਕਰਨਾ ਬਹੁਤ ਜ਼ਰੂਰੀ ਹੈ।
ਹਰਪ੍ਰੀਤ ਕੌਰ ਸੰਧੂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly