27/02/2019 – ਜੰਮੂ ਕਸ਼ਮੀਰ ਚ ਵਾਪਰੀ ਜਾਂ ਵਰਤਾਈ ਗਈ ਦੁਖਦਾਈ ਘਟਨਾ ਜਿਸ ਵਿੱਚ 44 ਜਵਾਨਾਂ ਦੇ ਪਰਖਚੇ ਉੱਡ ਗਏ ਤੇ ਬਹੁਤ ਸਾਰੇ ਗੰਭੀਰ ਰੂਪ ਵਿੱਚ ਫੱਟੜ ਹੋਏ ਉਹਨਾਂ ਵਿੱਚੋਂ ਇਕ ਦੀ ਮੌਤ ਪਿਛਲੇ ਦਿਨੀਂ ਹੋ ਗਈ ਤੇ ਜੋ ਜੇਰੇ ਇਲਾਜ ਹਨ ਉਹਨਾ ਵਿੱਚੋਂ ਕਿੰਨੇ ਕੁ ਸਹੀ ਹਾਲਤ ਚ ਵਾਪਸ ਘਰ ਪਹੁੰਚਣਗੇ, ਇਸ ਸੰਬੰਧੀ ਅਜੇ ਪੱਕੇ ਪੀਡੇ ਤੌਰ ‘ਤੇ ਕੁੱਜ ਵੀ ਕਹਿਣਾ ਸਮੇਂ ਤੋਂ ਪਹਿਲਾਂ ਦੀ ਗੱਲ ਹੈ । ਆਪਣੀ ਗੱਲ ਅੱਗੇ ਤੋਰਨ ਤੋਂ ਪਹਿਲਾਂ ਛੋਟੇ ਹੁੰਦਿਆਂ ਸੁਣੀ ਬਘਿਆੜ ਤੇ ਵੇਲੇ ਵਾਲੀ ਕਹਾਣੀ ਯਾਦ ਆ ਰਹੀ ਹੈ ਕਿ ਦੋਵੇਂ ਨਦੀ ਕੰਂਢੇ ਇਕੱਠੇ ਹੀ ਪਾਣੀ ਪੀ ਰਹੇ ਸਨ । ਨਦੀ ਚ ਵਗ ਰਹੇ ਪਾਣੀ ਦੀ ਵਹਾਅ ਲੇਲੇ ਦੀ ਤਰਫ਼ ਹੋਣ ਦੇ ਬਾਵਜੂਦ ਵੀ ਬਘਿਆੜ, ਲੇਲੇ ‘ਤੇ ਪਾਣੀ ਜੂਠਾ ਕਰਨ ਦੀ ਦੋਸ਼ ਲਗਾ ਰਿਹਾ ਸੀ । ਲੇਲੇ ਦੇ ਵਾਰ ਵਾਰ ਕਹਿਣ ‘ਤੇ ਕਿ ਪਾਣੀ ਦਾ ਵਹਾਅ ਉਸ ਵੱਲੋਂ ਆ ਰਿਹਾ ਹੈ ਜਿਸ ਕਰਕੇ ਉਹ ਬਘਿਆੜ ਦਾ ਪਾਣੀ ਜੂਠਾ ਨਹੀਂ ਕਰ ਰਿਹਾ ਤਾਂ ਬਘਿਆੜ ਲੇਲੇ ਨੂੰ ਖਾਣ ਵਾਸਤੇ ਦੂਸਰਾ ਬਹਾਨਾ ਲਗਾਉਂਦਿਆ ਕਹਿੰਦਾ ਕਿ ਜੇਕਰ ਤੂੰ ਮੇਰਾ ਪਾਣੀ ਜੂਠਾ ਨਹੀਂ ਕੀਤਾ ਤਾਂ ਤੇਰੇ ਪਿਓ ਜਾਂ ਦਾਦੇ ਪੜਦਾਦੇ ਨੇ ਕੀਤਾ ਹੋਵੇਗਾ । ਏਨੀ ਗੱਲ ਆਖ ਬਘਿਆੜ ਲੇਲੇ ‘ਤੇ ਝਪਟਿਆ ਤੇ ਉਸ ਨੂੰ ਪਾੜ੍tਕੇ ਖਾ ਗਿਆ । ਪੁਲਵਾਮਾ ਵਾਲੀ ਘਟਨਾ ਤੋਂ ਬਾਦ ਹੀ ਨਹੀਂ ਸਗੋਂ ਬਹੁਤ ਸਾਲ ਪਹਿਲਾਂ ਤੋਂ ਪਾਕਿਸਤਾਨ ਤੇ ਭਾਰਤ ਦੇ ਤਲਖ ਸੰਬੰਧਾਂ ਉੱਤੇ ਇਹ ਕਹਾਣੀ ਕਾਫ਼ੀ ਹੱਦ ਤੱਕ ਢੁਕਵੀਂ ਹੈ । ਭਾਰਤ ਦੀਆ ਸਰਹੱਦੀ ਚਾਰੇ ਪਾਸੋਂ ਸਖ਼ਤ ਪਹਿਰੇ ਨਾਲ ਸੀਲ ਹੋਣ ਦੇ ਬਾਵਜੂਦ ਵੀ ਜਦ ਕੋਈ ਘਟਨਾ ਵਾਪਰਦੀ ਹੈ ਤਾਂ ਬਿਨਾ ਇਕ ਮਿੰਟ ਦੀ ਦੇਰੀ ਕੀਤਿਆਂ ਤੇ ਬਿਨਾ ਕਿਸੇ ਜਾਚ ਪੜਤਾਲ ਦੇ ਨਾਮ ਪਾਕਿਸਤਾਨ ਦਾ ਲਗਾ ਦਿੱਤਾ ਜਾਂਦਾ ਹੈ ਜਿਸ ਨੂੰ ਗੋਦੀ ਬੈਠਾ ਭਗਵਾਂ ਮੀਡੀਆ ਪੀਲੀ ਪੱਤਰਕਾਰੀ ਕਰਦਾ ਹੋਇਆ ਫੇਰ ਮਸਾਲਾ ਲਗਾ ਕੇ ਪੇਸ਼ ਕਰਦਾ ਹੈ ਤਾਂ ਕਿ ਲੋਕਾਂ ਦੀਆ ਭਾਵਨਾਵਾਂ ਭੜਕਣ, ਮੁਲਖ ਚ ਫਿਰਕੂ ਨਫ਼ਰਤ ਫੈਲੇ ਤੇ ਇਸ ਮੀਡੀਏ ਨੂੰ ਆਪਣੀ ਟੀ ਆਰ ਪੀ ਵਧਾਉਣ ਦੇ ਨਾਲ ਨਾਲ ਹੀ ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਦਾ ਮੌਕਾ ਮਿਲਦਾ ਰਹੇ ।
ਕਈ ਦਿਨਾਂ ਤੋਂ ਪੁਲਵਾਮਾ ਵਾਲੀ ਘਟਨਾ ਪਾਕਿਸਤਾਨ ਸਿਰ ਮੜ੍ਹਕੇ ਆ ਰਹੀਆਂ ਲੋਕ ਸਭਾ ਚੋਣਾਂ ਦਾ ਰੁਖ ਆਪਣੇ ਵੱਲ ਮੋੜਨ ਲਈ ਤੇ ਇਸ ਦੇ ਨਾਲ ਹੀ ਦੇਸ਼ ਦੇ ਹੋਰ ਸਿਆਸੀ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਪਰੇ ਕਰਨ ਵਾਸਤੇ ਪਾਕਿਸਤਾਨ ਨੂੰ ਸਬਕ ਸਿਖਾਉਣ ਦੀ ਜੋ ਗੱਲ ਹੋ ਰਹੀ ਸੀ ਉਸ ਦਾ ਨਤੀਜਾ ਕੱਲ੍ਹ ਇਹ ਨਿਕਲਿਆ ਕਿ ਰਾਤ ਦੇ ਘੁੱਪ ਹਨੇਰੇ ਚ ਸਰਹੱਦ ਪਾਰ ਹਵਾਈ ਹਮਲੇ ਰਾਹੀਂ ਕਿਸੇ ਵੈਰਾਨ ਜਗਾ ‘ਤੇ ਇਕ ਦੋ ਬੰਬ ਸੁਟਕੇ ਜੈਸ਼ ਏ ਮੁਹੰਮਦ ਅੱਤਵਾਦੀ ਜਥੇਬੰਦੀ ਦੇ 300 ਤੋਂ ਵਧ ਅੱਤਵਾਦੀਆ ਦੇ ਮਾਰੇ ਜਾਣ ਦੀ ਗਿਣਤੀ ਵੀ ਮਿੰਟਾਂ ਸਕਿੰਟਾਂ ਚ ਪੂਰੀ ਕਰਕੇ ਗੋਦੀ ਮੀਡੀਏ ਕੋਲ ਪਹੁੰਚਦੀ ਕਰ ਦਿੱਤੀ ਭਾਵੇ ਕਿ ਪਿਛਲੇ ਅਕਤੂਬਰ ਚ ਅੰਮਿ੍ਰਤਸਰ ਹੋਏ ਰੇਲ ਹਾਦਸੇ ਦੀ ਗਿਣਤੀ ਹਾਦਸਾ ਵਾਪਰਨ ਤੋ ਕਈ ਦਿਨ ਬਾਅਦ ਵੀ ਵਾਰ ਵਾਰ ਸੋਧੀ ਜਾਂਦੀ ਰਹੀ ਤੇ ਏਹੀ ਹਾਲ ਪੁਲਵਾਮਾ ਘਟਨਾ ਵੇਲੇ ਵੀ ਹੋਇਆ । ਇਸ ਤੋ ਵੀ ਅੱਗੇ ਦੀ ਗੱਲ ਇਹ ਕਿ ਪਾਕਿਸਤਾਨ ‘ਤੇ ਕੀਤੇ ਗਏ ਕਥਿਤ ਹਵਾਈ ਹਮਲੇ ਚ ਮਾਰੇ ਗਏ ਅਤਵਾਦੀਆ ਦੇ ਅੰਕੜੇ ਵੀ ਗੋਦੀ ਮੀਡੀਏ ਨੇ ਆਪੋ ਆਪਣੇ ਹਿਸਾਬ ਨਾਲ ਪੇਸ਼ ਕੀਤੇ ਹਨ । ਜੀ ਨਿਊਜ ਮੁਤਾਬਿਕ 400, ਏ ਬੀ ਪੀ ਮੁਤਾਬਿਕ 300, ਆਜ ਤੱਕ ਮੁਤਾਬਿਕ 200 ਤੋਂ 300 ਜਦ ਕਿ ਐਨ ਡੀ ਟੀ ਵੀ ਕਹਿੰਦਾ ਹੈ ਕਿ ਇਹ ਤਾਂ ਪੱਕੀ ਗੱਲ ਹੈ ਕਿ ਹਿੰਦੁਸਤਾਨ ਨੇ ਪਾਕਿਸਤਾਨ ਵਿਚਲੇ ਅੱਤਵਾਦੀ ਟਿਕਾਣਿਆਂ ‘ਤੇ ਏਅਰ ਸਟ੍ਰਾਈਕ ਜ਼ਰੂਰ ਕੀਤੀ ਹੈ ਪਰ ਮਰੇ ਕਿੰਨੇ ਹਨ ਇਸ ਬਾਰੇ ਕੋਈ ਪੱਕੀ ਖ਼ਬਰ ਨਹੀਂ ।
ਇਹ ਪਤਾ ਹੋਣ ਦੇ ਬਾਵਜੂਦ ਵੀ ਕਿ ਜੰਗ ਸਿਰਫ ਤੇ ਸਿਰਫ ਵਿਨਾਸ਼ ਤੇ ਤਬਾਹੀ ਦਾ ਦੂਜਾ ਨਾਮ ਹੈ । ਇਸ ਦੇ ਨਾਲ ਨਾ ਹੀ ਇਸ ਨਾਲ ਦੇਸ਼ ਦੇ ਕੋਈ ਮਸਲੇ ਹੱਲ ਹੋਣਗੇ, ਨਾ ਹੀ ਲੋਕਾਂ ਨੂੰ ਰੋਜ਼ਗਾਰ ਮਿਲੇਗਾ, ਨਾ ਹੀ ਮਹਿੰਗਾਈ ਘਟੇਗੀ, ਨਾ ਹੀ ਭਿ੍ਰਸਟਾਚਾਰ ਤੇ ਲੋਕਾਂ ਨਾਲ ਬੇਇਨਸਾਫ਼ੀ ਬੰਦ ਹੋਵੇਗੀ । ਅਗਲੀ ਗੱਲ ਇਹ ਕਿ ਜੰਗ ਨੂੰ ਸ਼ੁਰੂ ਕਰਨਾ ਅਸਾਨ ਹੈ ਪਰ ਇਸ 21ਵੀਂ ਸਦੀ ਚ ਇਸ ਨੂੰ ਬਾਦ ਚ ਕਾਬੂ ਕਰ ਸਕਣਾਵਜਾਂ ਬੰਦ ਕਰਨਾ ਕਿਸੇ ਦੇ ਵੀ ਵੱਸ ਚ ਨਹੀਂ ਤਦ ਵੀ ਹਿੰਦੁਸਤਾਨ ਦੇ ਲੋਕ ਏਨੇ ਬੇਵਕੂਫ਼ ਹਨ ਕਿ ਹਿੰਦੁਸਤਾਨ ਦੇ ਪਾਕਿਸਤਾਨ ‘ਤੇ ਕਥਿਤ ਹਮਲੇ ਤੋਂ ਖੁਸ਼ ਹੋ ਕੇ ਭੰਗੜੇ ਪਾ ਰਹੇ ਹਨ ਤੇ ਮਿਠਿਆਈਆਂ ਵੰਡ ਰਹੇ ਹਨ ।
ਇਸ ਚੱਲ ਰਹੇ ਘਟਨਾ ਕਰਮ ਚੋ ਇਕ ਗੱਲ ਇਹ ਵੀ ਉਭਰਵੇ ਰੂਪ ਚ ਸਾਹਮਣੇ ਆ ਰਹੀ ਹੈ ਕਿ ਪੜ੍ਹੇ ਲਿਖੇ ਤੇ ਅਨਪੜ੍ਹ ਚ ਕੀ ਅੰਤਰ ਹੁੰਦਾ । ਸਿਆਣੇ ਕਹਿੰਦੇ ਹਨ ਕਿ ਬਾਂਦਰ ਦੇ ਹੱਥ ਤੀਲਾਂ ਦੀ ਡੱਬੀ ਤੇ ਮੂਰਖ ਦੇ ਹੱਥ ਡਾਇਨਾਮਾਈਟ ਦਾ ਰਿਮੋਟ, ਦੋਹਾ ਦੀ ਨਤੀਜਾ ਤਬਾਹੀ ਹੁੰਦਾ ਹੈ । ਮੇਰਾ ਮਕਸਦ ਇਸ ਮਾਮਲੇ ਚ ਕਿਸੇ ਵੀ ਮੁਲਖ ਦੀ ਤਰਫ਼ਦਾਰੀ ਕਰਨਾ ਨਹੀਂ ਹੈ । ਪਰ ਪਾਕਿਸਤਾਨ ਦੇ ਵਜੀਰੱ ਆਜਮ ਇਮਰਾਨ ਖਾਨ ਦੀ ਅੱਜ ਦੀ ਤੇ ਪਿਛਲੇ ਦਿਨੀਂ ਦਿੱਤੀ ਗਈ ਤਕਰੀਰ ਸੁਣਂਨ ਤੋਂ ਬਾਦ ਇਹ ਗੱਲ ਬੇਝਿਜਕ ਹੋ ਕੇ ਕਹਿ ਸਕਦਾ ਹਾਂ ਕਿ ਜਿੱਥੇ ਪਾਕਿਸਤਾਨ ਇਸ ਅਤਿ ਸੰਜੀਦਾ ਮਸਲੇ ਤੇ ਸੂਝ ਤੇ ਦਿਆਨਤਦਾਰੀ ਦਿਖਾ ਰਿਹਾ ਹੈ ਉਥੇ ਹਿੰਦੁਸਤਾਨ ਦਾ ਅਨਪੜ੍ਹ ਪ੍ਰਂਧਾਨ ਮੰਤਰੀ ਆਪਣੀ ਸਿਆਸੀ ਭੁੱਖ ਮਿਟਾਉਣ ਲਈ ਮੂਰਖਤਾ ਦੀਆ ਸਾਰੀਆਂ ਹੱਦਾਂ ਟੱਪ ਕੇ ਅੱਗ ਨਾਲ ਖੇਡ ਰਿਹਾ ਹੈ । ਕੱਲ ਕਥਿਤ ਵੱਡੀ ਏਅਰ ਸਟਰਾਇਕ ਦਾ ਦਾਅਵਾ ਕਰਨ ਵਾਲੇ ਹਿੰਦੁਸਤਾਨ ਵਲੋਂ ਅੱਜ ਸਵੇਰੇ ਦੂਸਰੀ ਵਾਰ ਕੀਤੀ ਜਾ ਰਹੀ ਇਕ ਹੋਰ ਕੋਸ਼ਿਸ਼ ਨੂੰ ਅਸਫਲ ਕਰਦਿਆਂ ਪਾਕਿਸਤਾਨੀਆਂ ਨੇ ਹਿੰਦੁਸਤਾਨ ਦੇ ਦੋ ਲੜਾਕੂ ਜਹਾਜ ਸੁਟ ਲਏ ਜਿਸ ਕਾਰਨ ਦੋ ਪਾਇਲਟ ਮਾਰੇ ਗਏ ਤੇ ਇਕ ਪਾਕਿਸਤਾਨੀ ਫੌਜ ਨੇ ਜਿੰਦਾ ਕਾਬੂ ਕਰ ਲਿਆ । ਕਹਿੰਦੇ ਹਨ ਕਿ ਜਿਸ ਜੰਗ ਚ ਮੁਲਖ ਦੇ ਰਾਜੇ ਦੀ ਜਾਨ ਨੂੰ ਕੋਈ ਖਤਰਾ ਨਾ ਹੋਵੇ, ਉਹ ਜੰਗ ਨਹੀ ਸਗੋ ਸਿਆਸੀ ਉੱਲੂ ਸਿੱਧਾ ਕਰਨ ਦਾ ਜੁਗਾੜ ਹੁੰਦਾ ਹੈ । ਸਰਹੱਦਾ ‘ਤੇ ਮਾਵਾਂ ਦੇ ਪੁੱਤ ਮਰ ਰਹੇ ਹਨ ਤੇ ਸਿਆਸੀ ਲੋਕ ਬੈਠੇ ਤਮਾਸ਼ਾ ਦੇਖ ਰਹੇ ਹਨ ।ਹਿੰਦੁਸਤਾਨ ਚ
ਸਿਆਸਤ ਏਨੀ ਗੰਦੀ ਹੋ ਚੁਕੀ ਹੈ ਕਿ ਕੁਰਸੀ ਬਣਾਈ ਰੱਖਣ ਵਾਸਤੇ ਸਿਆਸੀ ਲੋਕ ਫਿਰਕੂ ਦੰਗੇ ਭੜਕਾ ਵੀ ਸਕਦੇ ਹਨ, ਵੱਡੇ ਵਿਸਫੋਟ
ਕਰਵਾ ਕੇ ਹੋਏ ਜਾਨੀ ਨੁਕਸਾਨ ਦਾ ਦੋਸ਼ ਕਿਸੇ ਦੂਸਰੱ ‘ਤੇ ਲਗਾ ਸਕਦੇ ਹਨ । ਇਸ ਤੋ ਵੀ ਅੱਗੇ ਜੇਕਰ ਫੇਰ ਵੀ ਉਹਨਾ ਦਾ ਮਕਸਦ ਹੱਲ ਨਾ ਹੋਇਆ ਤਾਂ ਮੁਲਖ ਨੂੰ ਜੰਗ ਦੀ ਭੱਠੀ ਚ ਵੀ ਝੋਕ ਸਕਦੇ ਹਨ ਤੇ ਇਹ ਸਭ ਕੁੱਜ ਅੱਜਕਲ੍ਹ ਹਿੰਦੁਸਤਾਨ ਦੀ ਸਿਆਸਤ ਚ ਇਕ ਆਮ ਜਿਹਾ ਵਰਤਾਰਾ ਹੈ । ਇਸ ਕਰਕੇ ਮੁਲਖ ਦੇ ਲੋਕਾ ਨੂੰ ਦੇਰ ਹੋਣ ਤੋਂ ਪਹਿਲਾਂ ਜਾਗਣਾ ਪਵੇਗਾ । ਲੋਕਾਂ ਦੇ ਖੂਨ ਦੇ ਪਿਆਸੇ ਏਹੋ ਜਿਹੇ ਭੇੜੀਏ ਕਿਸਮ ਦੇ ਸਿਆਸਤਦਾਨਾਂ ਨੂੰ ਉਖਾੜ ਫੇਕਣਾ ਅੱਜ ਦੇ ਹਿੰਦੁਸਤਾਨ ਚ
ਸਮੇਂ ਦੀ ਪਹਿਲੀ ਲੋੜ ਹੈ । ਕੰਧ ‘ਤੇ ਲਿਖਿਆ ਸੱਚ ਹੈ ਕਿ ਮਸਲੇ ਗਲਬਾਤ ਨਾਲ ਹੱਲ ਹੁੰਦੇ ਹਨ, ਜੰਗਾਂ ਨਾਲ ਨਹੀ । ਨਫਰਤ ਨੂੰ ਪਿਆਰ ਨਾਲ ਤੇ ਸਿਰਫ ਪਿਆਰ ਨਾਲ ਹੀ ਜਿੱਤਿਆ ਜਾ ਸਕਦਾ । ਦੂਸ਼ਣਬਾਜੀ ਕਰਨਾ ਕਿਸੇ ਵੀ ਮਸਲੇ ਦਾ ਹੱਲ ਨਹੀ । ਸੋ ਹਿੰਦੁਸਤਾਨ ਦੇ ਲੋਕ ਜਿੰਨੀ ਜਲਦੀ ਵਿਗੜੇ ਹੋਏ ਸਿਆਸੀ ਸਿਸਟਮ ਨੂੰ ਸਮਝ ਲੈਣਗੇ ਓਨਾ ਹੀ ਚੰਗਾ ਹੈ ਨਹੀ ਤਾਂ ਮੁਲਖ ਚ ਚਾਰੇ ਪਾਸੇ ਤਬਾਹੀ ਹੀ ਤਬਾਹੀ ਨਜਰ ਆਉਣ ਵਾਲੀ ਹੈ । ਰੱਬ ਖੈਰ ਕਰੇ ।
ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ