ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਥੇ ਅੱਜ ਸ਼ੁਰੂ ਹੋਏ ਦੂਜੇ ਸਿਖਰ ਸੰਮੇਲਨ ਦੌਰਾਨ ਉੱਤਰੀ ਕੋਰੀਆ ਦੇ ਆਗੂ ਕਿਮ ਜੌਂਗ ਉਨ ਨਾਲ ਹੱਥ ਮਿਲਾਇਆ ਅਤੇ ਪਰਮਾਣੂ ਹਥਿਆਰਾਂ ਬਾਰੇ ਦੋਵਾਂ ਦੇਸ਼ਾਂ ਵਿਚਾਲੇ ਹੋਣ ਵਾਲੀ ਵਾਰਤਾ ਦੇ ਸਫ਼ਲ ਰਹਿਣ ਦੀ ਪੇਸ਼ੀਨਗੋਈ ਕੀਤੀ। ਹੈਨੋਈ ਦੇ ਲਗਜ਼ਰੀ ਸੋਫੀਟੈਲ ਲੈਜੈਂਡ ਮੈਟਰੋਪੋਲ ਹੋਟਲ ਵਿਚ ਦੋਵੇਂ ਨੇਤਾ ਇਕ ਦੂਜੇ ਨੂੰ ਨਿੱਘ ਨਾਲ ਮਿਲੇ ਅਤੇ ਟਰੰਪ ਨੇ ਸਿਖਰ ਸੰਮੇਲਨ ਬਹੁਤ ਹੀ ਸਫ਼ਲ ਰਹਿਣ ਦੀ ਕਾਮਨਾ ਕੀਤੀ। ਇਸ ਤੋਂ ਪਹਿਲਾਂ ਦੋਵੇਂ ਆਗੂ ਜੂਨ ਮਹੀਨੇ ਸਿੰਗਾਪੁਰ ਵਿਚ ਮਿਲੇ ਸਨ। ਅਮਰੀਕੀ ਤੇ ਉੱਤਰੀ ਕੋਰਿਆਈ ਝੰਡਿਆਂ ਦੇ ਸਾਹਵੇਂ ਟਰੰਪ ਤੇ ਕਿਮ ਨੇ ਹੱਥ ਮਿਲਾਏ ਅਤੇ ਇਕ ਦੂਜੇ ਦਾ ਸਵਾਗਤ ਕੀਤਾ। ਆਲੋਚਕਾਂ ਨੇ ਆਖਿਆ ਕਿ ਸਿੰਗਾਪੁਰ ਸਿਖਰ ਸੰਮੇਲਨ ਠੋਸ ਨਤੀਜਿਆਂ ਪੱਖੋਂ ਹਲਕਾ ਹੀ ਰਿਹਾ ਸੀ ਪਰ ਟਰੰਪ ਨੇ ਕਿਹਾ ਕਿ ਹਨੋਈ ਵਾਰਤਾ ਪਹਿਲੀ ਦੇ ਬਰਾਬਰ ਜਾਂ ਇਸ ਤੋਂ ਬਿਹਤਰ ਸਾਬਿਤ ਹੋਵੇਗੀ। ਕਿਮ ਨੇ ਕਿਹਾ ‘‘ ਮੈਨੂੰ ਯਕੀਨ ਹੈ ਕਿ ਇਸ ਵਾਰ ਵੱਡੇ ਨਤੀਜੇ ਹਾਸਲ ਹੋਣਗੇ ਅਤੇ ਸਾਰੇ ਲੋਕਾਂ ਵਲੋਂ ਇਨ੍ਹਾਂ ਦਾ ਸਵਾਗਤ ਕੀਤਾ ਜਾਵੇਗਾ।’’ ਦੋਵੇਂ ਧਿਰਾਂ ਦਰਮਿਆਨ ਵਾਰਤਾ ਵੀਰਵਾਰ ਨੂੰ ਸ਼ੁਰੂ ਹੋਣੀ ਹੈ। ਇਸ ਤੋਂ ਪਹਿਲਾਂ ਟਰੰਪ ਨੇ ਟਵੀਟ ਕੀਤਾ ਕਿ ਜੇ ਉਸ ਦੇ ‘‘ਮਿੱਤਰ’’ ਕਿਮ ਆਪਣੇ ਹਥਿਆਰ ਛੱਡਣ ਲਈ ਸਹਿਮਤ ਹੋ ਜਾਂਦੇ ਹਨ ਤਾਂ ਉੱਤਰੀ ਕੋਰੀਆ ਸੰਭਾਵਨਾਵਾਂ ਨਾਲ ਭਰਪੂਰ ਮੁਲਕ ਬਣ ਜਾਵੇਗਾ।ਉਂਜ, ਪਿੱਛੇ ਵਾਸ਼ਿੰਗਟਨ ਤੋਂ ਆ ਰਹੀਆਂ ਖਬਰਾਂ ਤੋਂ ਸੰਕੇਤ ਮਿਲ ਰਹੇ ਹਨ ਕਿ ਟਰੰਪ ਇਕ ਹੋਰ ਸਕੈਂਡਲ ਵਿਚ ਘਿਰ ਸਕਦੇ ਹਨ ਕਿਉਂਕਿ ਉਨ੍ਹਾਂ ਦੇ ਸਾਬਕਾ ਵਕੀਲ ਮਾਈਕਲ ਕੋਹੇਨ ਕਾਂਗਰਸ ਸਾਹਮਣੇ ਪੇਸ਼ ਹੋਣ ਵਾਲੇ ਹਨ ਅਤੇ ਜਿਨ੍ਹਾਂ ਟਰੰਪ ’ਤੇ ਧੋਖੇਬਾਜ਼ੀ ਤੇ ਮਕਾਰੀ ਦਾ ਦੋਸ਼ ਲਾਇਆ ਹੈ। ਸਿਖਰ ਵਾਰਤਾ ਸ਼ੁਰੂ ਹੋਣ ਤੋਂ ਪਹਿਲਾਂ ਜਦੋਂ ਪੱਤਰਕਾਰਾਂ ਨੇ ਕੋਹੇਨ ਵਲੋਂ ਲਾਏ ਦੋਸ਼ਾਂ ਬਾਰੇ ਟਰੰਪ ਦੀ ਪ੍ਰਤੀਕਿਰਿਆ ਪੁੱਛੀ ਤਾਂ ਉਨ੍ਹਾਂ ਆਪਣਾ ਸਿਰ ਝਟਕ ਦਿੱਤਾ।
HOME ਰਾਸ਼ਟਰਪਤੀ ਨੂੰ ਕਿਮ ਨਾਲ ਸਿਖਰ ਵਾਰਤਾ ਬੇਹੱਦ ਸਫ਼ਲ ਰਹਿਣ ਦੀ ਉਮੀਦ