ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ 14 ਅਕਤੂਬਰ 2015 ਨੂੰ ਕੋਟਕਪੂਰਾ ਵਿੱਚ ਵਾਪਰੇ ਗੋਲੀ ਕਾਂਡ ਸਬੰਧੀ ਪੰਜਾਬ ਦੇ ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਨੂੰ ਅੱਜ ਵਿਸ਼ੇਸ਼ ਜਾਂਚ ਟੀਮ ਨੇ ਆਪਣੇ ਫ਼ਰੀਦਕੋਟ ਕੈਂਪ ਦਫਤਰ ਵਿੱਚ ਪੁੱਛ ਪੜਤਾਲ ਲਈ ਦੁਬਾਰਾ ਬੁਲਾਇਆ ਅਤੇ ਉਸ ਤੋਂ ਅੱਠ ਘੰਟੇ ਲੰਮੀ ਪੁੱਛ ਪੜਤਾਲ ਕੀਤੀ।
ਜਾਂਚ ਟੀਮ ਨੇ ਸੰਸਦੀ ਸਕੱਤਰ ਨਾਲ-ਨਾਲ ਉਸ ਵੇਲੇ ਦੇ ਕੋਟਕਪੂਰਾ ਦੇ ਐੱਸਡੀਐੱਮ ਹਰਜੀਤ ਸਿੰਘ ਸੰਧੂ ਨੂੰ ਵੀ ਪੁੱਛ ਪੜਤਾਲ ਲਈ ਬੁਲਾਇਆ ਸੀ। ਇਸ ਤੋਂ ਪਹਿਲਾਂ ਮਨਤਾਰ ਸਿੰਘ ਬਰਾੜ 9 ਨਵੰਬਰ ਨੂੰ ਜਾਂਚ ਟੀਮ ਸਾਹਮਣੇ ਪੇਸ਼ ਹੋ ਚੁੱਕੇ ਹਨ। ਦੱਸਣਯੋਗ ਹੈ ਕਿ ਜਸਟਿਸ ਰਣਜੀਤ ਸਿੰਘ ਨੇ ਆਪਣੀ ਰਿਪੋਰਟ ਵਿੱਚ ਕਿਹਾ ਸੀ ਕਿ ਕੋਟਕਪੂਰਾ ਗੋਲੀ ਕਾਂਡ ਤੋਂ ਪਹਿਲਾਂ ਮਨਤਾਰ ਸਿੰਘ ਬਰਾੜ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਫੋਨ ਤੇ ਕਈ ਵਾਰ ਗੱਲਬਾਤ ਕੀਤੀ ਅਤੇ ਇਸ ਗੱਲਬਾਤ ਤੋਂ ਕੁਝ ਸਮਾਂ ਬਾਅਦ ਹੀ ਪੁਲੀਸ ਨੇ ਸ਼ਾਂਤਮਈ ਬੈਠੀ ਸੰਗਤ ਉੱਪਰ ਗੋਲੀ ਚਲਾ ਦਿੱਤੀ। ਗੋਲੀ ਚੱਲਣ ਵੇਲੇ ਪੰਜਾਬ ਦੇ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਅਤੇ ਉਸ ਦੀ ਸਮੂਚੀ ਟੀਮ ਵੀ ਮੌਕੇ ’ਤੇ ਹਾਜ਼ਰ ਸੀ। ਕੋਟਕਪੂਰਾ ਗੋਲੀ ਕਾਂਡ ਵਿੱਚ ਤਿੰਨ ਦਰਜਨ ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ ਸਨ ਅਤੇ ਇਸ ਗੋਲੀ ਕਾਂਡ ਤੋਂ ਕੁਝ ਸਮੇਂ ਬਾਅਦ ਹੀ ਬਹਿਬਲ ਕਾਂਡ ਵਾਪਰ ਗਿਆ, ਜਿੱਥੇ ਦੋ ਸਿੱਖ ਨੌਜਵਾਨ ਹਰਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਪੁਲੀਸ ਦੀ ਗੋਲੀ ਨਾਲ ਮਾਰੇ ਗਏ। ਜਾਂਚ ਟੀਮ ਦਾ ਮੰਨਣਾ ਹੈ ਜੇਕਰ ਕੋਟਕਪੂਰਾ ਗੋਲੀ ਕਾਂਡ ਨਾ ਵਾਪਰਦਾ ਤਾਂ ਬਹਿਬਲ ਕਲਾਂ ਵਾਲੀ ਘਟਨਾ ਕਦੇ ਨਾ ਵਾਪਰਦੀ। ਜਾਂਚ ਟੀਮ ਨੇ ਲੰਬੀ ਪੁੱਛ ਪੜਤਾਲ ਤੋਂ ਬਾਅਦ ਕੋਟਕਪੂਰਾ ਦੇ ਸਾਬਕਾ ਐੱਸ.ਡੀ.ਐੱਮ. ਨੂੰ ਫਾਰਗ ਕਰ ਦਿੱਤਾ ਪਰ ਸੰਸਦੀ ਸਕੱਤਰ ਨੂੰ ਖ਼ਬਰ ਲਿਖੇ ਜਾਣ (ਰਾਤ ਪੌਣੇ ਗਿਆਰਾਂ ਵਜੇ) ਤੱਕ ਕੈਂਪ ਆਫਿਸ ਵਿੱਚੋਂ ਬਾਹਰ ਨਹੀਂ ਜਾਣ ਦਿੱਤਾ ਸੀ।
ਸੰਸਦੀ ਸਕੱਤਰ ਦੀ ਪੁੱਛਗਿੱਛ ਕਾਰਨ ਜ਼ਿਲ੍ਹਾ ਪੁਲੀਸ ਵੀ ਕਾਫੀ ਚੌਕਸ ਰਹੀ। ਜ਼ਿਲ੍ਹਾ ਪੁਲੀਸ ਕੈਂਪ ਆਫਿਸ ਵਿਚ ਨਹੀਂ ਗਈ ਪ੍ਰੰਤੂ ਉਹ ਦਫਤਰ ਦੇ ਬਾਹਰ ਤਾਇਨਾਤ ਰਹੀ। ਖ਼ਬਰ ਲਿਖੇ ਜਾਣ ਤੱਕ ਸੰਸਦੀ ਸਕੱਤਰ ਜਾਂਚ ਟੀਮ ਕੋਲ ਹੀ ਮੌਜੂਦ ਸਨ। ਜਾਂਚ ਟੀਮ ਦੇ ਅਧਿਕਾਰੀਆਂ ਨੇ ਇਸ ਮਾਮਲੇ ਵਿੱਚ ਹਾਲ ਦੀ ਘੜੀ ਕੁਝ ਵੀ ਨਹੀਂ ਕਿਹਾ ਅਤੇ ਉਹ ਪੜਤਾਲ ਵਿੱਚ ਰੁੱਝੇ ਰਹੇ।
INDIA ਬੇਅਦਬੀ ਕਾਂਡ: ਅਕਾਲੀ ਆਗੂ ਮਨਤਾਰ ਸਿੰਘ ਬਰਾੜ ਕੋਲੋਂ ਅੱਠ ਘੰਟੇ ਪੁੱਛ-ਪੜਤਾਲ