ਸਰਹੱਦੀ ਤਣਾਅ: ਕੈਪਟਨ ਦੀ ਫੇਰੀ ਮੁਲਤਵੀ

ਫ਼ੌਜ ਤੇ ਬੀਐੱਸਐਫ ਦੀ ਸਲਾਹ ’ਤੇ ਦੌਰਾ ਅੱਗੇ ਪਾਇਆ; ਫੇਰੀ ਭਵਿੱਖੀ ਹਾਲਤਾਂ ’ਤੇ ਨਿਰਭਰ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫ਼ੌਜ ਅਤੇ ਬੀਐੱਸਐਫ ਦੀ ਸਲਾਹ ’ਤੇ ਸਰਹੱਦੀ ਜ਼ਿਲ੍ਹਿਆਂ ਦਾ ਤਿੰਨ ਦਿਨਾ ਦੌਰਾ ਇਕ ਦਿਨ ਅੱਗੇ ਪਾ ਦਿੱਤਾ ਹੈ। ਮੁੱਖ ਮੰਤਰੀ ਦਫ਼ਤਰ ਦੇ ਸੂਤਰਾਂ ਦਾ ਦੱਸਣਾ ਹੈ ਕਿ ਭਾਰਤ-ਪਾਕਿ ਦਰਮਿਆਨ ਸਰਹੱਦੀ ਤਣਾਅ ਵਧਣ ਕਾਰਨ ਪੰਜਾਬ ਨਾਲ ਲੱਗਦੀ ਸਰਹੱਦ ’ਤੇ ਸੈਨਾ ਅਤੇ ਬੀਐੱਸਐਫ ਜਵਾਨਾਂ ਦੀ ਤਾਇਨਾਤੀ ਵਧਾਈ ਜਾ ਰਹੀ ਹੈ। ਕੇਂਦਰੀ ਗ੍ਰਹਿ ਜਾਂ ਰੱਖਿਆ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਪਿੰਡ ਖਾਲੀ ਕਰਾਉਣ ਸਬੰਧੀ ਫ਼ਿਲਹਾਲ ਕੋਈ ਹਦਾਇਤ ਜਾਰੀ ਨਹੀ ਕੀਤੀ। ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦਰਮਿਆਨ ਹੋਈ ਗੱਲਬਾਤ ਦੌਰਾਨ ਵੀ ਕੌਮਾਂਤਰੀ ਸਰਹੱਦ ਦੇ ਨਜ਼ਦੀਕ ਵਸੇ ਪਿੰਡਾਂ ਵਾਸੀਆਂ ਨੂੰ ਹਟਾਉਣ ਸਬੰਧੀ ਕੋਈ ਫ਼ੈਸਲਾ ਨਹੀਂ ਲਿਆ ਗਿਆ। ਕੈਪਟਨ ਨੇ ਅੱਜ ਲਗਾਤਾਰ ਦੂਜੇ ਦਿਨ ਉੱਚ ਸਿਵਲ ਤੇ ਪੁਲੀਸ ਅਧਿਕਾਰੀਆਂ ਨਾਲ ਸਰਹੱਦੀ ਤਣਾਅ ਤੇ ਕਾਨੂੰਨ ਵਿਵਸਥਾ ਦੇ ਮੁੱਦੇ ’ਤੇ ਵਿਚਾਰ ਕੀਤਾ। ਮੀਟਿੰਗ ਵਿੱਚ ਇੰਟੈਲੀਜੈਂਸ ਬਿਊਰੋ ਦੇ ਸੀਨੀਅਰ ਅਧਿਕਾਰੀ ਮਨਮੋਹਨ ਸਿੰਘ ਨੂੰ ਵੀ ਵਿਸ਼ੇਸ਼ ਤੌਰ ’ਤੇ ਬੁਲਾਇਆ ਗਿਆ ਸੀ। ਮੀਟਿੰਗ ਵਿਚ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਡੀਜੀਪੀ ਦਿਨਕਰ ਗੁਪਤਾ, ਡੀਜੀਪੀ (ਇੰਟੈਲੀਜੈਂਸ) ਵੀ.ਕੇ. ਭਾਵੜਾ ਅਤੇ ਹੋਰ ਅਧਿਕਾਰੀ ਸ਼ਾਮਲ ਸਨ। ਮੀਟਿੰਗ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਤੇ ਹੰਗਾਮੀ ਹਾਲਤ ਦੇ ਮੱਦੇਨਜ਼ਰ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ। ਖਾਸ ਕਰ ਹਸਪਤਾਲਾਂ ’ਚ ਡਾਕਟਰਾਂ ਤੇ ਸਿਹਤ ਅਮਲੇ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ। ਮੀਟਿੰਗ ਦੌਰਾਨ ਇਹੀ ਤੈਅ ਹੋਇਆ ਹੈ ਕਿ ਜੇ ਭਾਰਤੀ ਸੈਨਾ ਅਤੇ ਬੀਐੱਸਐਫ ਦੇ ਅਧਿਕਾਰੀਆਂ ਨੇ ਹਰੀ ਝੰਡੀ ਦਿੱਤੀ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਰੇ 6 ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਕਰਨਗੇ। ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੁੱਖ ਮੰਤਰੀ ਨਾਲ ਜਾਣਗੇ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ। ਪੰਜਾਬ ਸਰਕਾਰ ਵੱਲੋਂ ਸਮੁੱਚੇ ਸੂਬੇ ਵਿੱਚ ਚੌਕਸੀ ਤੇ ਹੁਕਮ ਦਿੱਤੇ ਗਏ ਹਨ ਤੇ ਨਾਜ਼ੁਕ ਅਤੇ ਸੰਵੇਦਨਸ਼ੀਲ ਥਾਵਾਂ ’ਤੇ ਸੁਰੱਖਿਆ ਵਧਾਉਣ ਲਈ ਵੀ ਕਿਹਾ ਹੈ। ਪੰਜਾਬ ਪੁਲੀਸ ਵੱਲੋਂ ਰਾਜ ਵਿਚਲੇ ਸਿਵਲ ਤੇ ਹਵਾਈ ਸੈਨਾ ਦੇ ਸਮੂਹ ਹਵਾਈ ਅੱਡਿਆਂ ’ਤੇ ਸੁਰੱਖਿਆ ਦੇ ਬੰਦੋਬਸਤ ਕੀਤੇ ਗਏ ਹਨ। ਡਾਇਰੈਕਟਰ ਜਨਰਲ ਸਿਵਲ ਐਵੀਏਸ਼ਨ ਵੱਲੋਂ ਅੱਜ ਚੰਡੀਗੜ੍ਹ ਅਤੇ ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਆਮ ਉਡਾਣਾਂ ਵੀ ਬੰਦ ਕਰ ਦਿੱਤੀਆਂ ਗਈਆਂ ਸਨ ਪਰ ਬਾਅਦ ਦੁਪਹਿਰ ਇਹ ਹੁਕਮ ਵਾਪਸ ਲੈ ਲਏ ਗਏ।

Previous articleਪਾਕਿਸਤਾਨ ਨੇ ਭਾਰਤੀ ਹਵਾਈ ਫ਼ੌਜ ਦਾ ਜਹਾਜ਼ ਡੇਗਿਆ, ਪਾਇਲਟ ਫੜਿਆ
Next articleਕਾਂਗਰਸ ਸਣੇ 21 ਵਿਰੋਧੀ ਧਿਰਾਂ ਵੱਲੋਂ ਫ਼ੌਜੀ ਕਾਰਵਾਈ ਦੀ ਸ਼ਲਾਘਾ