ਪੰਜਾਬਣ

(ਸਮਾਜ ਵੀਕਲੀ)

ਜੋਤੀ ਹੈਰਾਨ ਹੋਈ ਖੜ੍ਹੀ ਸੀ ਜਦੋਂ ਉਸ ਦੀ ਮਾਂ ਨੇ ਉਸਨੂੰ ਕਿਹਾ ਸੀ, ‘ਬਿਊਟੀ ਪਾਰਲਰ ਜਾ ਕੇ ਵਾਲ ਕਟਵਾ ਆਈਂ , ਬਿਲਕੁਲ ਬੁਆਏ ਕੱਟ, ਨਾਲ਼ੇ ਤੇਰਾ ਡੈਡੀ ਅੱਜ ਤੇਰੇ ਲਈ ਪੱਛਮੀ ਤਰੀਕੇ ਦੇ ਕੱਪੜੇ ਵੀ ਲੈ ਆਊ ।’ ਅਸਲ ‘ਚ ਕੱਲ ਜੋਤੀ ਨੂੰ ਮੁੰਡੇ ਵਾਲਿਆਂ ਨੇ ਦੇਖਣ ਆਉਣਾ ਹੈ l ਪਰ ਜੋਤੀ ਚਾਹ ਕੇ ਵੀ ਨਾਂਹ ਨਾ ਕਰ ਸਕੀ l ਹਾਂ ਉਸਨੇ ਸਿੱਖੀ ਦੀ ਨਿਸ਼ਾਨੀ ਕੇਸ ਕਟਵਾਣ ਤੋਂ ਬਹੁਤ ਨਾਂਹ -ਨੁੱਕਰ ਕੀਤੀ l ਪਰ ਉਸਦੇ ਮਾਂ ਬਾਪ ਵਾਰ -ਵਾਰ ਇਹੀ ਦੁਹਾਈ ਦੇ ਰਹੇ ਹਨ, ਇੰਨਾ ਚੰਗਾ ਰਿਸ਼ਤਾ ਏ, ਮੁੰਡਾ ਬਾਹਰ ਸੈੱਟ ਆ, ਤੈਨੂੰ ਵਿਆਹ ਮਗਰੋਂ ਨਾਲ ਹੀ ਲੈ ਜਾਏਗਾ ਉੱਥੇ, ਚੰਗਾ ਪੈਸਾ ਵਾ, ਨਾ ਅਸੀਂ ਫਿਰ ਕਿਉਂ ਰਿਸ਼ਤਾ ਠੁਕਰਾ ਦਈਏ l’

ਖੈਰ ! ਜੋਤੀ ਨੂੰ ਇੰਗਲੈਂਡ ਤੋਂ ਮੁੰਡੇ ਵਾਲੇ ਦੇਖਣ ਲਈ ਆ ਗਏ l ਜੋਤੀ ਪੱਛਮੀ ਰਵਾਇਤ ਦੇ ਕੱਪੜਿਆਂ ‘ਚ ਉਨ੍ਹਾਂ ਦੇ ਸਾਹਮਣੇ ਸੀ l ਕੁੜੀ ਦੇ ਪਿਓ ਨੇ ਉਨ੍ਹਾਂ ਦੀ ਸੇਵਾ ‘ਚ ਕੋਈ ਕਸਰ ਨਾ ਛੱਡੀ l ਮੁੰਡੇ ਵਾਲੇ ਵੀ ਖੁਸ਼ ਸੀ l ਲੱਗਦਾ ਸੀ ਹੁਣੇ ‘ਹਾਂ ‘ ਹੋਈ ਕਿ ਹੋਈ l

” ਕਿਵੇਂ ਫੇਰ, ਕੀ ਖਿਆਲ ਹੈ ਤੁਹਾਡਾ?” ਕੁੜੀ ਦੇ ਪਿਓ ਨੇ ਗੱਲ ਤੋਰੀ l “ਜੀ, ਕੁੜੀ ਤਾ ਤੁਹਾਡੀ ਬਹੁਤ ਸੋਹਣੀ ਏ, ਪਰ….. l ” “ਪਰ ! ਪਰ ਕੀ ਜਨਾਬ?” “ਪਰ ਸਾਨੂੰ ਤਾ ਸਿੱਧੀ -ਸਾਦੀ ਪੰਜਾਬਣ ਕੇਸਾ ਧਾਰੀ ਕੁੜੀ ਚਾਹੀਦੀ ਏ,ਇਸ ਲਈ ਤਾਂ ਅਸੀਂ ਇੰਗਲੈਂਡ ਤੋਂ ਇਥੇ ਰਿਸ਼ਤੇ ਲਈ ਆਏ ਹਾਂ l ਨਹੀਂ ਤਾਂ ਉੱਥੇ ਕਿੱਧਰੇ ਕੁੜੀਆਂ ਦਾ ਘਾਟਾ ਸੀ ਸਾਨੂੰ l”

“ਮਾਫ ਕਰਨਾ, ਅਸੀਂ ਇਹ ਰਿਸ਼ਤਾ ਨਹੀਂ ਕਰ ਸਕਦੇ l” ਮੁੰਡੇ ਦਾ ਪਿਓ ਕਹਿ ਕੇ ਉੱਠ ਖਲੋਤਾ l “ਪਰ…. ਅਸੀਂ…. ” ਤੇ ਬਾਕੀ ਵਾਕ ਜੋਤੀ ਦੇ ਡੈਡੀ ਦੇ ਮੂੰਹ ਵਿੱਚ ਹੀ ਰਹਿ ਗਿਆ l ਮੁੰਡੇ ਵਾਲੇ ਜਾ ਚੁੱਕੇ ਸਨ l ਜੋਤੀ ਫੁੱਟ -ਫੁੱਟ ਰੋ ਰਹੀ ਸੀ l ਪਰ ਉਸਨੂੰ ਚੁੱਪ ਕਰਾਉਣ ਲਈ ਉਸਦੇ ਮਾਂ -ਬਾਪ ਕੋਲ ਸ਼ਬਦ ਨਹੀਂ ਸਨ l

ਲੇਖਿਕਾ ਮਨਪ੍ਰੀਤ ਕੌਰ ਭਾਟੀਆ 

ਐਮ .ਏ, ਬੀ. ਐੱਡ। ਫ਼ਿਰੋਜ਼ਪੁਰ ਸ਼ਹਿਰ ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਔਰਤ ਦਾ ਵਜੂਦ
Next articleਗੀਤ