ਸਿੱਧੂ ਤੇ ਅਕਾਲੀਆਂ ਵਿਚਾਲੇ ਛਿੜੀ ਪੋਸਟਰ ਜੰਗ

ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਿਚ ਪੋਸਟਰ ਜੰਗ ਸ਼ੁਰੂ ਹੋ ਗਈ ਹੈ। ਦੋਹਾਂ ਧਿਰਾਂ ਨੇ ਅੱਜ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਵੱਡੇ ਵੱਡੇ ਹੋਰਡਿੰਗ ਲਾ ਕੇ ਇਕ-ਦੂਜੇ ਵਿਰੁੱਧ ਤਿੱਖੀਆਂ ਟਿੱਪਣੀਆਂ ਕੀਤੀਆਂ। ਪੋਸਟਰਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਅਤੇ ਮਜੀਠੀਆ ਨੂੰ ਨਿਸ਼ਾਨਾ ਬਣਾਇਆ ਸੀ। ਇਕ ਹੋਰਡਿੰਗ ਬੋਰਡ ’ਤੇ ਲਹੌਰ ਦੀਆਂ ਗਲੀਆਂ ਵਿਚ ਗੋਲਗੱਪੇ ਖਾ ਰਹੇ ਸੁਖਬੀਰ ਤੇ ਮਜੀਠੀਏ ਦੀਆਂ ਫੋਟੋਆਂ ਲਾ ਕੇ ਉੱਪਰ ਮੋਟੇ ਅੱਖਰਾਂ ਵਿਚ ਲਿਖਿਆ ਹੋਇਆ ਸੀ ਕਿ ‘ਲਾਹੌਰ ਦੇ ਗੋਲਗੱਪੇ, ਪੰਜਾਬ ’ਚੋਂ ਗੱਫੇ…. ਆਣ ਦਿਓ ਬਸ’। ਇਸ ਦੇ ਨਾਲ ਹੀ ਇਕ ਹੋਰ ਬੋਰਡ ਲਾਇਆ ਗਿਆ ਹੈ ਜਿਸ ’ਤੇ ਲਿਖਿਆ ਹੈ ‘ਕੀਹਨੇ ਦੇਸ਼ ਖਾਧਾ, ਕੀਹਨੇ ਪੰਜਾਬ ਖਾਧਾ, ਕੀਹਨੇ ਪੰਥ ਖਾਧਾ, ਦੁਨੀਆਂ ਸਭ ਜਾਣਦੀ ਹੈ’। ਇਸ ਸਿਰਲੇਖ ਦੇ ਹੇਠਾਂ ਬਹੁਤ ਸਾਰੀਆਂ ਤਸਵੀਰਾਂ ਲਾਈਆਂ ਗਈਆਂ ਹਨ ਜਿਨ੍ਹਾਂ ਵਿਚ ਜ਼ਿਆਦਾਤਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਹੇ ਨਵਾਜ਼ ਸ਼ਰੀਫ ਦੀਆਂ ਤਸਵੀਰਾਂ ਹਨ ਜਿਨ੍ਹਾਂ ਵਿਚ ਦੋਵੇਂ ਇਕ ਦੂਜੇ ਦੇ ਗਲੇ ਲੱਗ ਰਹੇ ਹਨ। ਇਨ੍ਹਾਂ ਤਸਵੀਰਾਂ ਵਿਚ ਹੀ ਨਵਾਜ਼ ਸ਼ਰੀਫ ਦੇ ਨਾਲ ਬਿਕਰਮ ਮਜੀਠੀਆ, ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਖੜ੍ਹੇ ਦਿਖਾਈ ਦਿੰਦੇ ਹਨ। ਪਾਕਿਸਤਾਨ ਦੇ ਮੌਜੂਦਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਨਾਲ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ 28 ਨਵੰਬਰ 2918 ਦੀ ਤਸਵੀਰ ਵੀ ਲਾਈ ਗਈ ਹੈ ਜਦੋਂ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਹਾਲਾਂਕਿ ਇਹ ਬੋਰਡ ਕੁਝ ਘੰਟਿਆਂ ਬਾਅਦ ਹੀ ਅਕਾਲੀ ਦਲ ਦੇ ਆਗੂਆਂ ਨੇ ਸਕਾਈਲਾਰਕ ਚੌਂਕ ਵਿਚੋਂ ਉਖਾੜ ਕੇ ਸੁੱਟ ਦਿੱਤੇ ਸਨ। ਸ਼ਹਿਰ ਦੇ ਹੋਰ ਪਾਸਿਆਂ ’ਚ ਨਵਜੋਤ ਸਿੰਘ ਸਿੱਧੂ ਦੀ ਉਹ ਤਸਵੀਰ ਪ੍ਰਮੁੱਖਤਾ ਨਾਲ ਛਾਪੀ ਹੋਈ ਹੈ ਜਿਸ ਵਿਚ ਉਹ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਬਾਜਵਾ ਨੂੰ ਜੱਫੀ ਪਾ ਰਹੇ ਹਨ। ਇਸ ਤਸਵੀਰ ਦੇ ਹੇਠਾਂ ਲਿਖਿਆ ਹੈ ‘ਜਨਰਲ ਬਾਜਵਾ ਨਾਲ ਯਾਰੀ, ਸਿੱਧੂ ਦੀ ਦੇਸ਼ ਨਾਲ ਗਦਾਰੀ’।

Previous articleਲੋਕ ਸਭਾ ਚੋਣਾਂ: ਦੇਵੀ ਸਿਰੋਹੀ ਆਜ਼ਾਦ ਉਮੀਦਵਾਰ ਵਜੋਂ ਨਿੱਤਰੇਗੀ
Next articleਕਿਸਾਨਾਂ ਨੇ ਫਿਰ ਕੀਤਾ ਲੁਧਿਆਣਾ ਜਾਮ