ਅਤਿਵਾਦ ਨਾਲ ਨਜਿੱਠਣ, ਸਮੁੰਦਰੀ ਤੇ ਸਾਈਬਰ ਸੁਰੱਖਿਆ ’ਚ ਸਹਿਯੋਗ ਕਰਨਗੇ ਦੋਵੇਂ ਮੁਲਕ
ਭਾਰਤ ਦੌਰੇ ’ਤੇ ਆਏ ਸਾਊਦੀ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਨੇ ਅੱਜ ਇੱਥੇ ਕਿਹਾ ਕਿ ਅਤਿਵਾਦ ਤੇ ਕੱਟੜਵਾਦ ਸਾਰਿਆਂ ਲਈ ‘ਸਾਂਝੀ ਚੁਣੌਤੀ’ ਹਨ ਤੇ ਸਾਊਦੀ ਅਰਬ ਇਨ੍ਹਾਂ ਨਾਲ ਨਜਿੱਠਣ ਲਈ ਭਾਰਤ ਤੇ ਹੋਰ ਗੁਆਂਢੀ ਮੁਲਕਾਂ ਨੂੰ ਪੂਰਨ ਸਹਿਯੋਗ ਕਰੇਗਾ। ਸਲਮਾਨ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅੱਜ ਕੀਤੀ ਗੱਲਬਾਤ ਨੂੰ ‘ਵਿਸਤਾਰਤ ਤੇ ਸਫ਼ਲ’ ਕਰਾਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਾਊਦੀ ਆਗੂ ਇਸਲਾਮਾਬਾਦ ਦੇ ਦੌਰੇ ਤੋਂ ਬਾਅਦ ਉਸ ਵੇਲੇ ਭਾਰਤ ਆਏ ਹਨ ਜਦ ਭਾਰਤ-ਪਾਕਿ ਸਬੰਧਾਂ ਵਿਚ ਪੁਲਵਾਮਾ ਹਮਲੇ ਦੇ ਮੱਦੇਨਜ਼ਰ ਤਣਾਅ ਸਿਖ਼ਰਾਂ ’ਤੇ ਹੈ। ਸ੍ਰੀ ਮੋਦੀ ਨੇ ਜਿੱਥੇ ਇਸ ਹਮਲੇ ਨੂੰ ਅਤਿਵਾਦ ਦਾ ਸਭ ਤੋਂ ਘਿਨੌਣਾ ਚਿਹਰਾ ਗਰਦਾਨਿਆ, ਉੱਥੇ ਸ਼ਹਿਜ਼ਾਦੇ ਨੇ ਹਮਲੇ ਦਾ ਜ਼ਿਕਰ ਤੱਕ ਨਹੀਂ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਤਿਵਾਦ ਆਲਮੀ ਚੁਣੌਤੀ ਹੈ ਤੇ ਖ਼ਤਰਾ ਪੂਰੀ ਦੁਨੀਆ ’ਤੇ ਮੰਡਰਾ ਰਿਹਾ ਹੈ। ਮੋਦੀ ਨੇ ਪਾਕਿ ਦਾ ਨਾਂ ਲਏ ਬ਼ਗੈਰ ਕਿਹਾ ਕਿ ਅਤਿਵਾਦ ਨੂੰ ਸ਼ਹਿ ਦੇਣ ਵਾਲੇ ਮੁਲਕਾਂ ’ਤੇ ਦਬਾਅ ਬਣਾਉਣ ਦੀ ਕਵਾਇਦ ਆਰੰਭਣ ਦੀ ਲੋੜ ਹੈ। ਇਸ ਮੌਕੇ ਭਾਰਤ ਅਤੇ ਸਾਊਦੀ ਅਰਬ ਨੇ ਵੱਖ-ਵੱਖ ਖੇਤਰਾਂ ਦੇ ਪੰਜ ਸਮਝੌਤਿਆਂ ਉੱਤੇ ਸਹੀ ਪਾਈ। ਇਨ੍ਹਾਂ ਵਿਚ ਵਪਾਰਕ ਤੇ ਨਿਵੇਸ਼ ਖੇਤਰ ਅਹਿਮ ਹਨ। ਦੋਵੇਂ ਮੁਲਕ ਇਕ ਵਪਾਰਕ ਸੰਮੇਲਨ ਕਰਵਾਉਣ ਤੇ ਰਣਨੀਤਕ ਭਾਈਵਾਲ ਕੌਂਸਲ ਬਣਾਉਣ ਲਈ ਵੀ ਸਹਿਮਤ ਹੋਏ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਮਜ਼ਬੂਤ ਦੁਵੱਲੇ ਸਬੰਧਾਂ ਦਾ ਹਾਮੀ ਹੈ ਤੇ ਦੋਵੇਂ ਮੁਲਕ ਅਤਿਵਾਦ ਨਾਲ ਨਜਿੱਠਣ, ਸਮੁੰਦਰੀ ਇਲਾਕਿਆਂ ਦੀ ਸੁਰੱਖਿਆ ਤੇ ਸਾਈਬਰ ਸਕਿਉਰਿਟੀ ਖੇਤਰਾਂ ਵਿਚ ਸਹਿਯੋਗ ਕਰਨਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋ ਮਹੀਨੇ ਪਹਿਲਾਂ ਅਰਜਨਟੀਨਾ ਵਿਚ ਦੋਵਾਂ ਮੁਲਕਾਂ ਵਿਚਾਲੇ ਹੋਈ ਮੀਟਿੰਗ ਦੇ ਸਾਰਥਕ ਨਤੀਜੇ ਨਿਕਲੇ ਹਨ ਤੇ ਸੰਸਥਾਗਤ ਨਿਵੇਸ਼ ਲਈ ਨਵੇਂ ਰਾਹ ਖੁੱਲ੍ਹੇ ਹਨ। ਉਨ੍ਹਾਂ ਕਿਹਾ ਕਿ ਸਾਊਦੀ ਨਿਵੇਸ਼ ਨੂੰ ਸਰਲ ਬਣਾਉਣ ਲਈ ਇਕ ਵਿਸ਼ੇਸ਼ ਢਾਂਚਾ ਕਾਇਮ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨੇ ਸਾਊਦੀ ਆਗੂ ਦਾ ਖ਼ੁਦ ਹਵਾਈ ਅੱਡੇ ’ਤੇ ਸਵਾਗਤ ਕੀਤਾ ਸੀ ਤੇ ਸੰਕੇਤ ਦਿੱਤਾ ਸੀ ਕਿ ਖਾੜੀ ਦੇਸ਼ ਭਾਰਤ ਲਈ ਕਈ ਪੱਖਾਂ ਤੋਂ ਅਹਿਮ ਹੈ। ਸਾਊਦੀ ਸ਼ਹਿਜ਼ਾਦਾ ਮੁਹੰਮਦ ਬਿਨ ਸਲਮਾਨ ਬੁੱਧਵਾਰ ਦੇਰ ਰਾਤ ਵਾਪਸ ਪਰਤ ਗਏ ਹਨ।