ਉਮਰਾਨੰਗਲ ਦਾ ਚਾਰ ਦਿਨਾ ਪੁਲੀਸ ਰਿਮਾਂਡ

ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਗਰੋਂ ਕੋਟਕਪੂਰਾ ਦੇ ਚੌਂਕ ਵਿੱਚ ਸ਼ਾਂਤੀਪੂਰਵਕ ਰੋਸ ਧਰਨੇ ’ਤੇ ਬੈਠੀਆਂ ਸਿੱਖ ਸੰਗਤਾਂ ਉੱਪਰ ਗੋਲੀਆਂ ਚਲਾਉਣ ਦੇ ਦੋਸ਼ਾਂ ’ਚ ਗ੍ਰਿਫ਼ਤਾਰ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਅੱਜ ਇੱਥੇ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਵਿਸ਼ੇਸ਼ ਜਾਂਚ ਟੀਮ ਨੇ ਉਮਰਾਨੰਗਲ ਉੱਪਰ ਗੰਭੀਰ ਦੋਸ਼ ਲਾਉਂਦਿਆਂ ਪੁੱਛਗਿੱਛ ਲਈ ਦਸ ਦਿਨਾਂ ਦੇ ਪੁਲੀਸ ਰਿਮਾਂਡ ਦੀ ਮੰਗ ਕੀਤੀ ਸੀ। ਦੋ ਘੰਟੇ ਦੀ ਬਹਿਸ ਮਗਰੋਂ ਅਦਾਲਤ ਨੇ ਆਈਜੀ ਉਮਰਾਨੰਗਲ ਨੂੰ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।
ਪੁਲੀਸ ਰਿਮਾਂਡ ਦੀ ਅਰਜ਼ੀ ’ਤੇ ਬਹਿਸ ਕਰਦਿਆਂ ਵਿਸ਼ੇਸ਼ ਜਾਂਚ ਟੀਮ ਅਤੇ ਸਰਕਾਰੀ ਪੱਖ ਦੇ ਵਕੀਲਾਂ ਨੇ ਕਿਹਾ ਕਿ ਉਮਰਾਨੰਗਲ ਨੇ ਮੁੱਢਲੀ ਪੜਤਾਲ ਦੌਰਾਨ ਮੰਨਿਆ ਹੈ ਕਿ ਉਸ ਨੂੰ ਗੋਲੀ ਚਲਾਉਣ ਦੇ ਹੁਕਮ ਡੀਜੀਪੀ ਵੱਲੋਂ ਦਿੱਤੇ ਗਏ ਸਨ। ਪੁਲੀਸ ਅਧਿਕਾਰੀਆਂ ਨੇ ਅਦਾਲਤ ਨੂੰ ਦੱਸਿਆ ਕਿ ਉਹ ਇਸ ਤੱਥ ਦੀ ਪੜਤਾਲ ਕਰ ਰਹੇ ਹਨ ਕਿ ਡੀਜੀਪੀ ਨੇ ਕਿਹੜੇ ਹਾਲਾਤ ਵਿੱਚ ਆਈਜੀ ਨੂੰ ਗੋਲੀ ਚਲਾਉਣ ਦੇ ਨਿਰਦੇਸ਼ ਦਿੱਤੇ ਜਦੋਂ ਕਿ ਕੋਟਕਪੂਰਾ ਵਿੱਚ ਮਾਹੌਲ ਪੂਰੀ ਤਰ੍ਹਾਂ ਸ਼ਾਂਤੀਪੂਰਨ ਸੀ। ਪੁਲੀਸ ਨੇ ਦਾਅਵਾ ਕੀਤਾ ਕਿ ਕੋਟਕਪੂਰਾ ਗੋਲੀਕਾਂਡ ਵਿੱਚ ਸਾਬਕਾ ਡੀਜੀਪੀ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਕਿਉਂਕਿ ਕੋਟਕਪੂਰਾ ਵਿੱਚ ਬਿਨਾਂ ਕਿਸੇ ਕਾਰਨ ਤੋਂ ਗੋਲੀਆਂ ਚਲਾ ਕੇ ਦਰਜਨਾਂ ਲੋਕਾਂ ਨੂੰ ਜ਼ਖ਼ਮੀ ਕੀਤਾ ਗਿਆ ਸੀ। ਸਰਕਾਰ ਨੇ ਅਦਾਲਤ ਵਿੱਚ ਦਾਅਵਾ ਕੀਤਾ ਕਿ ਅਸਲ ਦੋਸ਼ੀਆਂ ਤੱਕ ਪਹੁੰਚਣ ਲਈ 2018 ਵਿੱਚ ਇਰਾਦਾ ਕਤਲ ਅਤੇ ਅਸਲੇ ਦੀ ਨਜਾਇਜ਼ ਵਰਤੋਂ ਦਾ ਪਰਚਾ ਦਰਜ ਕੀਤਾ ਗਿਆ ਸੀ ਅਤੇ ਇਸ ਪਰਚੇ ਦੀ ਪੜਤਾਲ ਤੋਂ ਬਾਅਦ ਹੀ ਉਮਰਾਨੰਗਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹਾਲਾਂਕਿ ਉਮਰਾਨੰਗਲ ਦੇ ਵਕੀਲਾਂ ਨੇ ਬਹਿਸ ਦੌਰਾਨ ਦਾਅਵਾ ਕੀਤਾ ਕਿ ਘਟਨਾ ਤੋਂ ਤਿੰਨ ਸਾਲ ਬਾਅਦ ਪਰਚਾ ਦਰਜ ਕੀਤਾ ਗਿਆ ਹੈ ਅਤੇ ਉਸ ਪਰਚੇ ਵਿੱਚ ਉਮਰਾਨੰਗਲ ਦਾ ਨਾਮ ਤੱਕ ਸ਼ਾਮਿਲ ਨਹੀਂ। ਉਨ੍ਹਾਂ ਦਾਅਵਾ ਕੀਤਾ ਕਿ ਸਿੱਖ ਸੰਗਤਾਂ ਨੂੰ ਖੁਸ਼ ਕਰਨ ਲਈ ਉਮਰਾਨੰਗਲ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਹੈ ਅਤੇ ਚੋਣਾਂ ਸਿਰ ’ਤੇ ਹੋਣ ਕਾਰਨ ਉਸ ਨੂੰ ਇਸ ਮਾਮਲੇ ਵਿੱਚ ਝੂਠਾ ਫਸਾਇਆ ਗਿਆ ਹੈ ਤਾਂ ਜੋ ਸਮੁੱਚੇ ਹਾਲਾਤ ਦਾ ਸਿਆਸੀ ਲਾਹਾ ਲਿਆ ਜਾ ਸਕੇ। ਇਸ ਤੋਂ ਪਹਿਲਾਂ ਉਮਰਾਨੰਗਲ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਪਹਿਲਾਂ ਉਸ ਦਾ ਮੈਡੀਕਲ ਮੁਆਇਨਾ ਕਰਵਾਇਆ ਗਿਆ। ਉਮਰਾਨੰਗਲ ਤੋਂ ਅੰਮ੍ਰਿਤਸਰ ਦੇ ਇੰਟੈਰੋਗੇਸ਼ਨ ਸੈਂਟਰ ਵਿੱਚ ਪੁੱਛ ਪੜਤਾਲ ਕੀਤੀ ਜਾਵੇਗੀ।

Previous articleਸਬੂਤ ਦਿਓ, ਕਾਰਵਾਈ ਕਰਾਂਗੇ: ਇਮਰਾਨ
Next articleਹਵਾਈ ਸ਼ੋਅ ਦੀ ਰਿਹਰਸਲ ਮੌਕੇ ਜਹਾਜ਼ ਟਕਰਾਏ, ਪਾਇਲਟ ਹਲਾਕ