ਪੁਲਵਾਮਾ ਵਿੱਚ ਲੰਘੇ ਦਿਨ ਸੀਆਰਪੀਐਫ਼ ਦੇ ਕਾਫ਼ਲੇ ’ਤੇ ਹੋਏ ਫਿਦਾਈਨ ਹਮਲੇ ਵਿੱਚ ਸ਼ਹੀਦ ਹੋਣ ਵਾਲੇ 40 ਸੁਰੱਖਿਆ ਕਰਮੀਆਂ ਵਿੱਚੋਂ ਚਾਰ ਪੰਜਾਬ ਨਾਲ ਸਬੰਧਤ ਹਨ। ਇਨ੍ਹਾਂ ਸੁਰੱਖਿਆ ਜਵਾਨਾਂ ਦੇ ਪਰਿਵਾਰ ਤੇ ਪਿੰਡ ਵਾਸੀ ਸ਼ੋਕ ਵਿੱਚ ਹਨ ਤੇ ਪੁਲਵਾਮਾ ਹਮਲੇ ਨੂੰ ਲੈ ਕੇ ਉਨ੍ਹਾਂ ਦਾ ਖੂਨ ਉਬਾਲੇ ਮਾਰ ਰਿਹਾ ਹੈ। ਉਨ੍ਹਾਂ ਦੀ ਇਕੋ ਮੰਗ ਹੈ ਕਿ ਪਾਕਿਸਤਾਨ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇ।
ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਣ ਵਾਲੇ ਪੰਜਾਬ ਨਾਲ ਸਬੰਧਤ ਚਾਰ ਜਵਾਨਾਂ ਦੀ ਪਛਾਣ ਮੋਗਾ ਦੇ ਕੋਟ ਈਸੇ ਖਾਂ ਪਿੰਡ ਦੇ ਜੈਮਲ ਸਿੰਘ, ਤਰਨ ਤਾਰਨ ਦੇ ਗੰਡੀਵਿੰਡ ਪਿੰਡ ਦੇ ਸੁਖਜਿੰਦਰ ਸਿੰਘ, ਆਨੰਦਪੁਰ ਸਾਹਿਬ ਦੇ ਰਾਓਲੀ ਪਿੰਡ ਦੇ ਕੁਲਵਿੰਦਰ ਸਿੰਘ ਅਤੇ ਗੁਰਦਾਸਪੁਰ ਦੇ ਆਰੀਆ ਨਗਰ ਪਿੰਡ ਦੇ ਮਨਿੰਦਰ ਸਿੰਘ ਅਤਰੀ ਵਜੋਂ ਹੋਈ ਹੈ। ਇਨ੍ਹਾਂ ਪਿੰਡਾਂ ਦੇ ਦ੍ਰਿਸ਼ ਦਿਲ ਕੰਬਾਊ ਸਨ। ਪਰਿਵਾਰ ਆਪਣੇ ਜੀਆਂ ਦੀ ਮੌਤ ਤੋਂ ਗ਼ਮਜ਼ਦਾ ਹਨ। ਵੱਡੀ ਗਿਣਤੀ ’ਚ ਸਥਾਨਕ ਲੋਕ ਪਰਿਵਾਰਾਂ ਦੇ ਦੁੱਖ ’ਚ ਸ਼ਰੀਕ ਹੋਏ। ਇਨ੍ਹਾਂ ਲੋਕਾਂ ਨੇ ਫ਼ੌਜੀ ਜਵਾਨਾਂ ਦੀ ਕੁਰਬਾਨੀ ’ਤੇ ਮਾਣ ਜਤਾਉਣ ਦੇ ਨਾਲ ਹੀ ਪਾਕਿਸਤਾਨ ਨੂੰ ਮੂੰਹ ਤੋੜਵਾਂ ਜਵਾਬ ਦੇਣ ਦੀ ਗੱਲ ਵੀ ਕਹੀ। ਜੈਮਲ ਸਿੰਘ ਉਸ ਬੱਸ ਦਾ ਡਰਾਈਵਰ ਸੀ, ਜਿਸ ਨੂੰ ਫਿਦਾਈਨ ਹਮਲਾਵਰ ਨੇ ਅਵੰਤੀਪੋਰਾ ਦੇ ਸ੍ਰੀਨਗਰ-ਜੰਮੂ ਸ਼ਾਹਰਾਹ ’ਤੇ ਧਮਾਕਾਖੇਜ਼ ਸਮੱਗਰੀ ਨਾਲ ਲੱਦੀ ਆਪਣੀ ਐਸਯੂਵੀ ਨਾਲ ਟੱਕਰ ਮਾਰੀ ਸੀ। ਜੈਮਲ ਦੇ ਪਿਤਾ ਜਸਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦੇ ਪੁੱਤ ਨੇ ਦੇਸ਼ ਲਈ ਆਪਣੀ ਜਾਨ ਵਾਰ ਦਿੱਤੀ। ਅੰਮ੍ਰਿਤਸਰ ਨਜ਼ਦੀਕ ਤਰਨ ਤਾਰਨ ਦੇ ਗੰਡੀਵਿੰਡ ਪਿੰਡ ਦੇ 35 ਸਾਲਾ ਸੁਖਜਿੰਦਰ ਸਿੰਘ ਦਾ ਪਰਿਵਾਰ ਵੀ ਗ਼ਮਗੀਨ ਹੈ। ਪਿੰਡ ਵਾਲਿਆਂ ਨੇ ਦੱਸਿਆ ਕਿ ਉਹੀ ਲੰਮੀ ਛੁੱਟੀ ਮਗਰੋਂ ਅਜੇ ਲੰਘੇ ਦਿਨੀਂ ਡਿਊਟੀ ’ਤੇ ਗਿਆ ਸੀ। ਪੰਚਾਇਤ ਮੈਂਬਰ ਅੰਗਰੇਜ਼ ਸਿੰਘ ਨੇ ਦੱਸਿਆ ਕਿ ਸੁਖਜਿੰਦਰ ਸਿੰਘ ਦਾ ਪੰਜ ਛੇ ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਉਸਦਾ ਇਕ ਪੁੱਤ ਹੈ। ਉਧਰ ਆਨੰਦਪੁਰ ਸਾਹਿਬ ਦੇ ਰਾਓਲੀ ਪਿੰਡ ਦੇ ਇਕ ਵਿਅਕਤੀ ਨੇ ਦੱਸਿਆ ਕਿ ਸਿਪਾਹੀ ਕੁਲਵਿੰਦਰ ਸਿੰਘ (26) ਦੀ ਮੰਗਣੀ ਹੋ ਚੁੱਕੀ ਸੀ ਤੇ ਨਵੰਬਰ ਮਹੀਨੇ ’ਚ ਉਸਦਾ ਵਿਆਹ ਰੱਖਿਆ ਹੋਇਆ ਸੀ। ਉਸਦਾ ਪਿਤਾ ਬੱਸ ਚਾਲਕ ਤੇ ਮਾਂ ਘਰੇਲੂ ਮਹਿਲਾ ਹੈ।
INDIA ਪੁਲਵਾਮਾ ਹਮਲੇ ਵਿੱਚ ਸ਼ਹੀਦ ਜਵਾਨਾਂ ’ਚੋਂ ਚਾਰ ਪੰਜਾਬ ਦੇ