ਭਾਜਪਾ ਨੇ 2014 ਦੀਆਂ ਚੋਣਾਂ ’ਚ ਮੈਨੂੰ ਵਰਤਿਆ: ਅੰਨਾ ਹਜ਼ਾਰੇ

ਲੋਕਪਾਲ ਦੀ ਨਿਯੁਕਤੀ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ’ਤੇ ਚੱਲ ਰਹੇ ਸਮਾਜਿਕ ਕਾਰਕੁਨ ਅੰਨਾ ਹਜ਼ਾਰੇ ਨੇ ਅੱਜ ਕਿਹਾ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ ਜਿੱਤਣ ਲਈ ਭਾਰਤੀ ਜਨਤਾ ਪਾਰਟੀ ਵੱਲੋਂ ਉੁਨ੍ਹਾਂ ਨੂੰ ਵਰਤਿਆ ਗਿਆ।
ਆਪਣੇ ਪਿੰਡ ਰਾਲੇਗਣ ਸਿੱਧੀ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਸ੍ਰੀ ਹਜ਼ਾਰੇ ਨੇ ਕਿਹਾ, ‘‘ਹਾਂ, ਭਾਜਪਾ ਨੇ 2014 ਵਿੱਚ ਮੇਰਾ ਇਸਤੇਮਾਲ ਕੀਤਾ ਸੀ। ਹਰ ਕੋਈ ਜਾਣਦਾ ਹੈ ਕਿ ਲੋਕਪਾਲ ਲਈ ਇਹ ਮੇਰਾ ਅੰਦੋਲਨ ਸੀ ਜਿਸ ਨੇ ਭਾਜਪਾ ਤੇ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਲਿਆਂਦਾ। ਹੁਣ ਮੇਰੇ ਦਿਲ ਵਿੱਚੋਂ ਉਨ੍ਹਾਂ ਲਈ ਸਨਮਾਨ ਖ਼ਤਮ ਹੋ ਚੁੱਕਾ ਹੈ।’’
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰਫ਼ ਦੇਸ਼ ਦੇ ਲੋਕਾਂ ਨੂੰ ਵਰਗਲਾ ਰਹੇ ਹਨ ਅਤੇ ਦੇਸ਼ ਨੂੰ ਤਾਨਾਸ਼ਾਹੀ ਵੱਲ ਲੈ ਕੇ ਜਾ ਰਹੇ ਹਨ। ਭਾਜਪਾ ਦੀ ਅਗਵਾਈ ਵਾਲੀ ਮਹਾਂਰਾਸ਼ਟਰ ਸਰਕਾਰ ਪਿਛਲੇ ਚਾਰ ਸਾਲਾਂ ਤੋਂ ਝੂਠ ਬੋਲ ਰਹੀ ਹੈ ਪਰ ਇਹ ਝੂਠ ਕਦੋਂ ਤੱਕ ਚੱਲੇਗਾ। ਉਨ੍ਹਾਂ ਕਿਹਾ ਕਿ ਇਸ ਸਰਕਾਰ ਨੇ ਦੇਸ਼ ਵਾਸੀਆਂ ਨੂੰ ਸ਼ਰਮਸਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦਾ ਦਾਅਵਾ ਕਿ ਉਨ੍ਹਾਂ ਦੀਆਂ 90 ਫ਼ੀਸਦੀ ਮੰਗਾਂ ਮੰਨ ਲਈਆਂ ਹਨ, ਵੀ ਗ਼ਲਤ ਹੈ। ਉਨ੍ਹਾਂ ਕਿਹਾ ਕਿ ਸਾਲ 2011 ਅਤੇ 2014 ਵਿੱਚ ਉਨ੍ਹਾਂ ਦੇ ਅੰਦੋਲਨ ਤੋਂ ਫਾਇਦਾ ਲੈਣ ਵਾਲੇ ਲੋਕ ਹੁਣ ਉਨ੍ਹਾਂ ਦੀਆਂ ਮੰਗਾਂ ਤੋਂ ਪਿੱਠ ਮੋੜ ਗਏ ਹਨ ਅਤੇ ਪਿਛਲੇ ਪੰਜ ਸਾਲਾਂ ਵਿੱਚ ਕੁਝ ਵੀ ਲਾਗੂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਦੇ ਮੰਤਰੀ ਉਨ੍ਹਾਂ ਕੋਲ ਆਉਣਗੇ ਅਤੇ ਮਸਲੇ ਸਬੰਧੀ ਗੱਲਬਾਤ ਕਰਨਗੇ ਪਰ ਫੋਕੇ ਭਰੋਸਿਆਂ ਪ੍ਰਤੀ ਉਨ੍ਹਾਂ ਦੀ ਨਾਂਹ ਹੀ ਰਹੇਗੀ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦਾ ਵਾਅਦਿਆਂ ਤੋਂ ਭਰੋਸਾ ਉੱਠ ਚੁੱਕਿਆ ਹੈ, ਇਸ ਵਾਸਤੇ ਸਭ ਕੁਝ ਲਿਖਤ ਵਿੱਚ ਦੇਣਾ ਹੋਵੇਗਾ। ਇਕ ਸਵਾਲ ਦੇ ਜਵਾਬ ਵਿੱਚ ਸ੍ਰੀ ਹਜ਼ਾਰੇ ਨੇ ਕਿਹਾ ਕਿ ਇਸ ਅੰਦੋਲਨ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਸਵਾਗਤ ਹੈ ਪਰ ਉਹ ਸ੍ਰੀ ਕੇਜਰੀਵਾਲ ਨੂੰ ਆਪਣੇ ਨਾਲ ਮੰਚ ਸਾਂਝਾ ਕਰਨ ਦੀ ਇਜਾਜ਼ਤ ਨਹੀਂ ਦੇਣਗੇ।

Previous articleEgypt court sentences 8 to death for attempting to kill al-Sisi
Next articleUS envoy reaches Seoul to prepare for Trump-Kim second summit