ਅਯੁੱਧਿਆ ’ਚ ਰਾਮ ਮੰਦਰ ਬਣਾਉਣ ਦੇ ਮੁੱਦੇ ’ਤੇ ਰਾਸ਼ਟਰੀ ਸਵੈ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਅੱਜ ਕਿਹਾ ਕਿ ਇਹ ਮਾਮਲਾ ਫ਼ੈਸਲਾਕੁਨ ਦੌਰ ’ਚ ਹੈ। ਮੰਦਰ ਬਣਨ ਕੰਢੇ ਹੈ, ਇਸ ਲਈ ਸੋਚ ਸਮਝ ਕੇ ਕਦਮ ਚੁੱਕਣੇ ਪੈਣਗੇ। ਉਨ੍ਹਾਂ ਕਿਹਾ ਕਿ ਪ੍ਰਾਰਥਨਾ ਦੇ ਨਾਲ ਨਾਲ ਜੇਕਰ ਲੋੜ ਪਈ ਤਾਂ ਲੋਕਾਂ ’ਚ ਰੋਹ ਵੀ ਪੈਦਾ ਕੀਤਾ ਜਾਣਾ ਚਾਹੀਦਾ ਹੈ। ਸ੍ਰੀਰਾਮ ਜਨਮ ਭੂਮੀ ਬੋਰਡ ਦੇ ਪ੍ਰਧਾਨ ਮਹੰਤ ਨ੍ਰਿਤਯਗੋਪਾਲ ਦਾਸ ਦੀ ਪ੍ਰਧਾਨਗੀ ਹੇਠ ਕੁੰਭ ਮੇਲੇ ’ਚ ਚੱਲ ਰਹੀ ਧਰਮ ਸੰਸਦ ਨੂੰ ਸੰਬੋਧਨ ਕਰਦਿਆਂ ਭਾਗਵਤ ਨੇ ਕਿਹਾ, ‘ਆਉਣ ਵਾਲੇ ਇਨ੍ਹਾਂ ਚਾਰ-ਛੇ ਮਹੀਨਿਆਂ ਦੇ ਇਸ ਪ੍ਰੋਗਰਾਮ ਨੂੰ ਧਿਆਨ ’ਚ ਰੱਖ ਕੇ ਸਭ ਕੁਝ ਸੋਚਣਾ ਚਾਹੀਦਾ ਹੈ। ਮੈਂ ਸਮਝਦਾ ਹਾਂ ਕਿ ਇਨ੍ਹਾਂ ਚਾਰ-ਛੇ ਮਹੀਨੇ ਦੀ ਚੱਕ-ਥਲ ਤੋਂ ਪਹਿਲਾਂ ਕੁਝ ਹੋ ਗਿਆ ਤਾਂ ਠੀਕ ਹੈ। ਉਸ ਤੋਂ ਬਾਅਦ ਜ਼ਰੂਰ ਹੋਵੇਗਾ ਤੇ ਇਹ ਅਸੀਂ ਸਾਰੇ ਦੇਖਾਂਗੇ।’ ਉਨ੍ਹਾਂ ਮੋਦੀ ਸਰਕਾਰ ਦੀ ਕਾਰਗੁਜ਼ਾਰੀ ਦੀ ਵੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਅਲਾਹਬਾਦ ਹਾਈ ਕੋਰਟ ਦੇ ਲਖਨਊ ਬੈਂਚ ਦੇ ਫ਼ੈਸਲੇ ਨਾਲ ਇਹ ਸਾਬਤ ਹੋ ਗਿਆ ਹੈ ਕਿ ਢਾਂਚੇ ਦੇ ਹੇਠਾਂ ਮੰਦਰ ਹੈ। ਹੁਣ ਉਨ੍ਹਾਂ ਨੂੰ ਭਰੋਸਾ ਹੈ ਕਿ ਜੋ ਕੁਝ ਵੀ ਬਣੇਗਾ ਉਹ ਸ਼ਾਨਦਾਰ ਮੰਦਰ ਹੀ ਹੋਵੇਗਾ ਅਤੇ ਹੋਰ ਕੁਝ ਵੀ ਨਹੀਂ ਬਣੇਗਾ। ਉਨ੍ਹਾਂ ਕਿਹਾ ਕਿ ਮੰਦਰ ਬਣਾਉਣ ਦਾ ਮਾਮਲਾ ਆਪਣੇ ਫ਼ੈਸਲਾਕੁਨ ਦੌਰ ਵਿੱਚ ਹੈ। ਉਹ ਕੋਈ ਵੀ ਪ੍ਰੋਗਰਾਮ ਕਰਨਗੇ ਤਾਂ ਇਸ ਦਾ ਪ੍ਰਭਾਵ ਸਿੱਧਾ ਚੋਣਾਂ ਉਤੇ ਪਵੇਗਾ।