ਈਡੀ ਨੂੰ ਸਕਸੈਨਾ ਤੇ ਤਲਵਾਰ ਦੀ ਹਿਰਾਸਤ ਮਿਲੀ

ਦਿੱਲੀ ਦੀ ਅਦਾਲਤ ਨੇ ਵੀਵੀਆਈਪੀ ਚੌਪਰ ਕੇਸ ਵਿੱਚ ਲੋੜੀਂਦੇ ਦੁਬਈ ਆਧਾਰਿਤ ਕਾਰੋਬਾਰੀ ਰਾਜੀਵ ਸਕਸੈਨਾ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਚਾਰ ਦਿਨਾ ਹਿਰਾਸਤ ਵਿੱਚ ਭੇਜ ਦਿੱਤਾ ਹੈ। ਉਧਰ ਈਡੀ ਨੂੰ ਕਾਲੇ ਧਨ ਨੂੰ ਸਫ਼ੇਦ ਕਰਨ ਦੇ ਮਾਮਲੇ ਵਿੱਚ ਅੱਜ ਕਥਿਤ ਲੌਬੀਕਾਰ ਦੀਪਕ ਤਲਵਾਰ ਦੀ ਵੀ ਸੱਤ ਦਿਨਾ ਹਿਰਾਸਤ ਮਿਲ ਗਈ। ਸਕਸੈਨਾ ਤੇ ਤਲਵਾਰ ਦੋਵਾਂ ਨੂੰ ਅੱਜ ਵੱਖੋ ਵੱਖਰੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਰਾਜੀਵ ਸਕਸੈਨਾ ਨੂੰ 3600 ਕਰੋੜ ਰੁਪਏ ਦੇ ਅਗਸਤਾਵੈਸਟਲੈਂਡ ਵੀਵੀਆਈਪੀ ਚੌਪਰ ਮਾਮਲੇ ਵਿੱਚ ਲੰਘੇ ਦਿਨ ਦੁਬਈ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਸਕਸੈਨਾ ਤੇ ਤਲਵਾਰ ਦੋਵਾਂ ਨੂੰ ਬੀਤੀ ਰਾਤ ਦੁਬਈ ਤੋਂ ਭਾਰਤ ਲਿਆਂਦਾ ਗਿਆ ਸੀ। ਈਡੀ ਨੇ ਕਾਰੋਬਾਰੀ ਰਾਜੀਵ ਸਕਸੈਨਾ ਨੂੰ ਵਿਸ਼ੇਸ਼ ਜੱਜ ਅਰਵਿੰਦ ਕੁਮਾਰ ਅੱਗੇ ਪੇਸ਼ ਕਰਦਿਆਂ ਅੱਠ ਦਿਨਾਂ ਦੀ ਹਿਰਾਸਤ ਮੰਗੀ ਸੀ, ਪਰ ਜੱਜ ਨੇ ਏਜੰਸੀ ਨੂੰ ਪੁੱਛਗਿੱਛ ਲਈ ਚਾਰ ਦਿਨ ਦੀ ਹਿਰਾਸਤ ਹੀ ਦਿੱਤੀ। ਸੁਣਵਾਈ ਦੌਰਾਨ ਸਕਸੈਨਾ ਦੇ ਵਕੀਲ ਨੇ ਦਾਅਵਾ ਕੀਤਾ ਸੀ ਕਿ ਉਹ ਦੇ ਮੁਵੱਕਿਲ ਨੂੰ ਕੈਂਸਰ ਹੈ, ਪਰ ਏਜੰਸੀ ਨੇ ਇਸ ਦਲੀਲ ਨੂੰ ਤਸਦੀਕ ਕਰਨ ਦੀ ਮੰਗ ਕੀਤੀ। ਉਧਰ ਈਡੀ ਨੇ ਕਾਰਪੋਰੇਟ ਐਵੀਏਸ਼ਨ ਲੌਬੀਕਾਰ ਦੀਪਕ ਤਲਵਾਰ ਨੂੰ ਵਿਸ਼ੇਸ਼ ਜੱਜ ਐਸ.ਐਸ.ਮਾਨ ਦੀ ਅਦਾਲਤ ਵਿੱਚ ਪੇਸ਼ ਕਰਕੇ 14 ਦਿਨ ਦੀ ਹਿਰਾਸਤ ਮੰਗੀ। ਤਲਵਾਰ ਵਿਦੇਸ਼ੀ ਫੰਡਿੰਗ ਰੂਟ ਜ਼ਰੀਏ ਲਏ 90 ਕਰੋੜ ਰੁਪਏ ਦੀ ਦੁਰਵਰਤੋਂ ਲਈ ਈਡੀ ਤੇ ਸੀਬੀਆਈ ਨੂੰ ਲੋੜੀਂਦਾ ਹੈ। ਉਸ ਖ਼ਿਲਾਫ਼ ਅਪਰਾਧਿਕ ਸਾਜ਼ਿਸ਼, ਧੋਖਾਧੜੀ ਤੇ ਐਫਸੀਆਰਏ ਦੀਆਂ ਕਈ ਧਾਰਾਵਾਂ ਤਹਿਤ ਕੇਸ ਦਰਜ ਹਨ। ਇਨਕਮ ਟੈਕਸ ਵਿਭਾਗ ਨੇ ਉਸ ਖ਼ਿਲਾਫ਼ ਟੈਕਸ ਚੋਰੀ ਦੇ ਵੱਖਰੇ ਦੋਸ਼ ਲਾਏ ਹਨ।

Previous articleDAC clears changes in defence procurement procedure to make it simpler
Next articleVerma defies Centre’s transfer order, may face action