ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਫੰਡਾਂ ਦੇ ਖੁੱਲ੍ਹੇ ਗੱਫੇ ਦਿੰਦਿਆਂ 150 ਕਰੋੜ ਦੇ ਵਿਕਾਸ ਪ੍ਰਾਜੈਕਟਾਂ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਛੇਤੀ ਹੀ ਏਸ਼ੀਅਨ ਵਿਕਾਸ ਬੈਂਕ ਦੀ ਸਹਾਇਤਾ ਨਾਲ 699 ਕਰੋੜ ਦੇ ਪ੍ਰਾਜੈਕਟ ਤਹਿਤ ਪਟਿਆਲਾ ਵਾਸੀਆਂ ਨੂੰ ਨਹਿਰੀ ਪਾਣੀ ’ਤੇ ਅਧਾਰਿਤ ਸਾਫ਼ ਅਤੇ ਸ਼ੁੱਧ ਪੀਣ ਵਾਲੇ ਪਾਣੀ ਦੀ ਬੇਰੋਕ ਸਪਲਾਈ ਮੁਹੱਈਆ ਕਰਵਾਈ ਜਾਵੇਗੀ। ਯਾਦ ਰਹੇ ਕਿ ਪੰਜਾਬ ਸਰਕਾਰ ਨੇ ਪਹਿਲਾਂ ਹੀ ਪਟਿਆਲਾ ਸਮੇਤ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਦੇ ਵਸਨੀਕਾਂ ਨੂੰ ਨਹਿਰੀ ਪਾਣੀ ’ਤੇ ਆਧਾਰਿਤ ਸ਼ੁੱਧ ਜਲ ਸਪਲਾਈ ਮੁਹੱਈਆ ਕਰਵਾਉਣ ਲਈ ਵਿਸਥਾਰਤ ਯੋਜਨਾ ਉਲੀਕੀ ਹੋਈ ਹੈ। ਮੁੱਖ ਮੰਤਰੀ ਨੇ ਇਹ ਐਲਾਨ ਇੱਥੇ ਗਣਤੰਤਰ ਦਿਵਸ ਸਮਾਰੋਹ ਮੌਕੇ ਕੀਤੇ।
ਮੁੱਖ ਮੰਤਰੀ ਨੇ ਨੇ ਐਲਾਨ ਕੀਤਾ ਕਿ ਸ਼ਹਿਰ ਦੀਆਂ ਸਾਰੀਆਂ ਵੱਡੀਆਂ ਸੜਕਾਂ ਸਮੇਤ ਗਲੀਆਂ ਦਾ ਨਵੀਨੀਕਰਨ ਕੀਤਾ ਜਾਵੇਗਾ ਤੇ ਵਾਰਡਾਂ ’ਚ ਹੋਰ ਬੁਨਿਆਦੀ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ। ਕੈਪਟਨ ਨੇ ਪਟਿਆਲਾ ਦੀ ਵੱਡੀ ਅਤੇ ਛੋਟੀ ਨਦੀ ਦੇ ਸੁੰਦਰੀਕਰਨ, ਨਵੇਂ ਬੱਸ ਅੱਡੇ ਦੀ ਉਸਾਰੀ ਲਈ ਟੈਂਡਰਾਂ ਅਤੇ ਹੋਰ ਲੋੜੀਂਦੀ ਪ੍ਰਕਿਰਿਆ ਖ਼ਤਮ ਹੋਣ ਮਗਰੋਂ ਇਸ ਦਾ ਨਿਰਮਾਣ ਵੀ ਛੇਤੀ ਕਰਵਾਉਣ, ਡੇਅਰੀਆਂ ਨੂੰ ਸ਼ਹਿਰ ਤੋਂ ਬਾਹਰ ਅਬਲੋਵਾਲ ਵਿਖੇ ਜਲਦੀ ਤਬਦੀਲ ਕਰਨ ਦਾ ਐਲਾਨ ਵੀ ਕੀਤਾ।
ਉਨ੍ਹਾਂ ਨੇ ਆਜ਼ਾਦੀ ਸੰਗਰਾਮ ’ਚ ਹਿੱਸਾ ਪਾਉਣ ਵਾਲੇ 21 ਆਜ਼ਾਦੀ ਘੁਲਾਟੀਆਂ ਅਤੇ 7 ਆਜ਼ਾਦੀ ਘੁਲਾਟੀਆਂ ਦੇ ਪਰਿਵਾਰਕ ਮੈਂਬਰਾਂ, ਬਿਹਤਰ ਸੇਵਾਵਾਂ ਨਿਭਾਉਣ ਵਾਲੀਆਂ 100 ਤੋਂ ਵੱਧ ਸ਼ਖ਼ਸੀਅਤਾਂ ਅਤੇ ਸੰਸਥਾਵਾਂ ਸਮੇਤ 51 ਸਕੂਲੀ ਵਿਦਿਆਰਥਣਾਂ ਨੂੰ ਸਾਈਕਲ, ਦਿਵਿਆਂਗ ਵਿਅਕਤੀਆਂ ਨੂੰ 19 ਟਰਾਈਸਾਈਕਲ ਅਤੇ ਲੋੜਵੰਦ 24 ਔਰਤਾਂ ਨੂੰ ਸਿਲਾਈ ਮਸ਼ੀਨਾਂ ਵੀ ਵੰਡੀਆਂ। ਉਨ੍ਹਾਂ ਸਮਾਗਮਾਂ ’ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੇ ਸਕੂਲਾਂ ਤੇ ਕਾਲਜਾਂ ’ਚ 28 ਜਨਵਰੀ ਦੀ ਛੁੱਟੀ ਦਾ ਐਲਾਨ ਵੀ ਕੀਤਾ। ਇਸ ਮੌਕੇ ਵਿਕਾਸ ਕਾਰਜ ਦਰਸਾਉਂਦੀਆਂ 18 ਝਾਕੀਆਂ ਵੀ ਕੱਢੀਆਂ ਗਈਆਂ।
INDIA ਮੁੱਖ ਮੰਤਰੀ ਵੱਲੋਂ ਪਟਿਆਲਾ ਲਈ 150 ਕਰੋੜ ਦੇ ਪ੍ਰਾਜੈਕਟਾਂ ਦਾ ਐਲਾਨ