ਹਰਮੋਹਨ ਧਵਨ ਤੇ ਅਵਿਨਾਸ਼ ਸ਼ਰਮਾ ਨੇ ਚੋਣ ਪਿੜ ਮਘਾਇਆ

ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਹਰਮੋਹਨ ਧਵਨ ਅਤੇ ‘ਚੰਡੀਗੜ੍ਹ ਦੀ ਆਵਾਜ਼’ ਪਾਰਟੀ ਦੇ ਉਮੀਦਵਾਰ ਅਵਿਨਾਸ਼ ਸਿੰਘ ਸ਼ਰਮਾ ਨੇ ਸ਼ਹਿਰ ਵਿੱਚ ਚੋਣ ਅਖਾੜੇ ਨੂੰ ਮਘਾ ਦਿੱਤਾ ਹੈ। ਚੰਡੀਗੜ੍ਹ ਆਵਾਜ਼ ਪਾਰਟੀ ਦੇ ਉਮੀਦਵਾਰ ਅਵਿਨਾਸ਼ ਸਿੰਘ ਸ਼ਰਮਾ ਨੇ ਅੱਜ ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹਿਰ ਵਿੱਚ ਕਾਂਗਰਸ, ਭਾਜਪਾ ਅਤੇ ‘ਆਪ’ ਦਾ ਸਿਆਸੀ ਤੌਰ ’ਤੇ ਭੋਗ ਪੈ ਗਿਆ ਹੈ ਕਿਉਂਕਿ ਲੋਕਾਂ ਕਾਂਗਰਸ ਅਤੇ ਭਾਜਪਾ ਦੇ ਮੁੱਢ ਤੋਂ ਬਣਦੇ ਆ ਰਹੇ ਸੰਸਦ ਮੈਂਬਰਾਂ ਦੇ ਝੂਠੇ ਵਾਅਦਿਆਂ ਨੂੰ ਦਹਾਕਿਆਂਬੱਧੀ ਹੰਢਾ ਚੁੱਕੇ ਹਨ। ਇਨ੍ਹਾਂ ਦੋਵਾਂ ਪਾਰਟੀਆਂ ਦੇ ਸੰਸਦ ਮੈਂਬਰ ਪਿੰਡਾਂ ਦੇ ਲਾਲ ਡੋਰੇ ਤੋਂ ਬਾਹਰੀਆਂ ਉਸਾਰੀਆਂ ਰੈਗੂਲਰ ਕਰਵਾਉਣ, ਹਾਊਸਿੰਗ ਬੋਰਡ ਦੇ ਫਲੈਟਾਂ ਵਿਚ ਵਸਦੇ ਪਰਿਵਾਰਾਂ ਦੇ ਮਸਲੇ ਹੱਲ ਕਰਨ ਸਮੇਤ ਹੋਰ ਕਈ ਮੁੱਦਿਆਂ ਉਪਰ ਲੋਕਾਂ ਨਾਲ ਧੋਖਾ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਚੰਡੀਗੜ੍ਹ ਵਿਚ ਕੋਈ ਵੀ ਖੇਤਰੀ ਪਾਰਟੀ ਨਹੀਂ ਸੀ ਕਿਉਂਕਿ ਕਾਂਗਰਸ ਤੇ ਭਾਜਪਾ ਪਾਰਟੀਆਂ ਦਿੱਲੀ ਤੋਂ ਚੱਲਦੀਆਂ ਹਨ। ਉਨ੍ਹਾਂ ਇਥੇ ਖੇਤਰੀ ਪਾਰਟੀ ਬਣਾ ਕੇ ਚੌਥਾ ਮੋਰਚਾ ਉਸਾਰਿਆ ਹੈ, ਜਿਸ ਵਿਚ ਕਈ ਹੋਰ ਪਾਰਟੀਆਂ ਸ਼ਾਮਲ ਹੋ ਰਹੀਆਂ ਹਨ। ਸ੍ਰੀ ਸ਼ਰਮਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਕਿਸੇ ਨਾਲ ਮੁਕਾਬਲਾ ਨਹੀਂ ਹੈ ਅਤੇ ਕਾਂਗਰਸ, ਭਾਜਪਾ ਤੇ ‘ਆਪ’ ਤਾਂ ਦੂਸਰੇ ਨੰਬਰ ਲਈ ਚੋਣ ਲੜ ਰਹੀਆਂ ਹਨ। ਉਨ੍ਹਾਂ ਕਿਹਾ ਸ੍ਰੀ ਧਵਨ ਪਰਵਾਸੀ ਮਜ਼ਦੂਰਾਂ ਦੇ ਮੁੜ ਵਸੇਬੇ ਦੇ ਝੂਠੇ ਦਾਅਵੇ ਕਰ ਰਹੇ ਹਨ ਕਿਉਂਕਿ ਜਦੋਂ ਤੋਂ ਕੇਂਦਰ ਸਰਕਾਰ ਵੱਲੋਂ ਮੁੜ ਵਸੇਬਾ ਨੀਤੀਆਂ ਚਲਾਈਆਂ ਜਾ ਰਹੀਆਂ ਹਨ, ਉਸ ਵੇਲੇ ਤਾਂ ਸ੍ਰੀ ਧਵਨ ਸਿਆਸਤ ਵਿਚ ਹੀ ਨਹੀਂ ਆਏ ਸਨ। ਪਾਰਟੀ ਦੇ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਚੋਣ ਕਮਿਸ਼ਨ ਵੱਲੋਂ ‘ਟੋਪੀ’ ਚੋਣ ਨਿਸ਼ਾਨ ਮਿਲਿਆ ਹੈ। ਦੂਸਰੇ ਪਾਸੇ ‘ਆਪ’ ਉਮੀਦਵਾਰ ਹਰਮੋਹਨ ਧਵਨ ਨੂੰ ਟਰੇਡਰਜ਼ ਯੂਨੀਅਨ ਸੈਕਟਰ-23 ਵੱਲੋਂ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਨੂੰ ਸੈਕਟਰ-20 ਤੇ 22 ਦੇ ਦੁਕਾਨਦਾਰ ਵੀ ਸਨਮਾਨਿਤ ਕਰ ਚੁੱਕੇ ਹਨ। ਸ੍ਰੀ ਧਵਨ ਨੇ ਕਿਹਾ ਕਿ ਚੰਡੀਗੜ੍ਹ ਦੇ ਹਰੇਕ ਵਰਗ ਵੱਲੋਂ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਇਸੇ ਦੌਰਾਨ ਕਾਂਗਰਸ ਅਤੇ ਭਾਜਪਾ ਦਾ ਇਸ ਵਾਰ ਕੌਣ ਉਮੀਦਵਾਰ ਹੋਵੇਗਾ, ਇਸ ਉਪਰ ਘਮਸਾਣ ਚੱਲ ਰਿਹਾ ਹੈ। ਭਾਜਪਾ ਵਿਚ ਜਿਥੇ ਸੰਸਦ ਮੈਂਬਰ ਕਿਰਨ ਖੇਰ ਮੁੜ ਚੋਣ ਲੜਣ ਦੀ ਚਾਹਵਾਨ ਹੈ ਉਥੇ ਭਾਜਪਾ ਚੰਡੀਗੜ੍ਹ ਦੇ ਪ੍ਰਧਾਨ ਸੰਜੇ ਟੰਡਨ ਵੀ ਇਸ ਵਾਰ ਲੋਕ ਸਭਾ ਲਈ ਟਿਕਟ ਲੈਣ ਲਈ ਯਤਨਸ਼ੀਲ ਹਨ। ਦੂਸਰੇ ਪਾਸੇ ਕਾਂਗਰਸ ਦੀ ਟਿਕਟ ਲਈ ਵੀ ਖਿਚੋਤਾਣ ਜਾਰੀ ਹੈ। ਫਿਲਹਾਲ ਭਾਵੇਂ ਟਿਕਟ ਦੇ ਦਾਅਵੇਦਾਰਾਂ ਵਿਚੋਂ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਸਭ ਤੋਂ ਅੱਗੇ ਹਨ ਪਰ ਹੁਣ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਤੋਂ ਇਲਾਵਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਦੇ ਵੀ ਚੰਡੀਗੜ੍ਹ ਤੋਂ ਚੋਣ ਲੜਣ ਦੀ ਚਾਹਵਾਨ ਹੋਣ ਦੀਆਂ ਖਬਰਾਂ ਮਿਲੀਆਂ ਹਨ।

Previous articleਰੇਲਵੇ ਵੱਲੋਂ ਤਿੰਨ ਲੱਖ ਨੌਕਰੀਆਂ ਦੇਣ ਦਾ ਐਲਾਨ ਨਵਾਂ ਜੁਮਲਾ: ਚਿਦੰਬਰਮ
Next articleਟੌਲ ਪਲਾਜ਼ਾ ਵਿਰੁੱਧ ਕਿਸਾਨਾਂ ਨੇ ਚੁੱਕਿਆ ਝੰਡਾ