ਕਰਜ਼ਈ ਕਿਸਾਨਾਂ ਦੀ ਬਾਂਹ ਨਾ ਫੜਨ ’ਤੇ ਕੇਂਦਰ ਉੱਤੇ ਵਰ੍ਹੇ ਕੈਪਟਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਜ਼ੇ ਦੇ ਜਾਲ ਵਿਚ ਫਸੇ ਕਿਸਾਨਾਂ ਦੀ ਬਾਂਹ ਨਾ ਫੜਨ ਲਈ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ’ਤੇ ਵਰ੍ਹਦਿਆਂ ਕਿਹਾ ਹੈ ਕਿ ਜੇਕਰ ਉਨ੍ਹਾਂ ਕਿਸਾਨਾਂ ਪ੍ਰਤੀ ਆਪਣਾ ਵਤੀਰਾ ਨਾ ਬਦਲਿਆ ਤਾਂ ਪੰਜਾਬ ਸਮੇਤ ਬਾਕੀ ਰਾਜਾਂ ਵਿਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਨਹੀਂ ਰੁਕਣਗੀਆਂ।
ਕਰਜ਼ਾ ਰਾਹਤ ਸਕੀਮ ਦੇ ਤੀਜੇ ਪੜਾਅ ਦੀ ਸ਼ੁਰੂਆਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਆਪਣੇ ਪੱਧਰ ’ਤੇ ਕਿਸਾਨਾਂ ਨੂੰ ਮੁਕੰਮਲ ਤੌਰ ’ਤੇ ਕਰਜ਼ੇ ਦੇ ਜਾਲ ਵਿਚੋਂ ਨਹੀਂ ਕੱਢ ਸਕਦੇ ਹਨ। ਇਸ ਲਈ ਕੇਂਦਰ ਨੂੰ ਕਿਸਾਨਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਅਨੇਕਾਂ ਵਾਰ ਪ੍ਰਧਾਨ ਮੰਤਰੀ ਅਤੇ ਕੇਂਦਰੀ ਵਿੱਤ ਮੰਤਰੀ ਨੂੰ ਮਿਲ ਕੇ ਇਹ ਮਾਮਲਾ ਉਠਾ ਚੁੱਕੇ ਹਨ ਪਰ ਉਹ ਕਿਸਾਨਾਂ ਦੀ ਗੰਭੀਰ ਹਾਲਤ ਨੂੰ ਸਮਝਣ ਵਿਚ ਨਾਕਾਮ ਰਹੇ ਹਨ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਤੀਜੇ ਪੜਾਅ ਤਹਿਤ ਸਹਿਕਾਰੀ ਬੈਂਕਾਂ ਦੇ 1.42 ਲੱਖ ਕਿਸਾਨਾਂ ਨੂੰ 1009 ਕਰੋੜ ਦੀ ਕਰਜ਼ ਰਾਹਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਪੜਾਅ ਦੇ ਮੁਕੰਮਲ ਹੋਣ ਉਪਰੰਤ ਚੌਥੇ ਪੜਾਅ ਤਹਿਤ ਵਪਾਰਕ ਬੈਂਕਾਂ ਦੇ 18000 ਕਿਸਾਨਾਂ ਨੂੰ ਕਰਜ਼ ਰਾਹਤ ਸਕੀਮ ਅਧੀਨ ਕਵਰ ਕੀਤਾ ਜਾਵੇਗਾ।
ਯੋਜਨਾ ਦੇ ਤੀਜੇ ਪੜਾਅ ਦੌਰਾਨ ਰੋਪੜ ਦੇ ਕੁੱਲ ਲਾਭਪਾਤਰੀਆਂ ਵਿਚੋਂ 2413 ਕਿਸਾਨਾਂ ਨੇ ਅੱਜ 17.74 ਕਰੋੜ ਦੇ ਕਰਜ਼ ਰਾਹਤ ਸਰਟੀਫਿਕੇਟ ਪ੍ਰਾਪਤ ਕੀਤੇ। ਕੈਪਟਨ ਨੇ ਕਿਹਾ ਕਿ ਪੇਂਡੂ ਸੜਕਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਵੱਲੋਂ 30 ਜੂਨ ਤੱਕ 2000 ਕਰੋੜ ਦੀ ਲਾਗਤ ਨਾਲ 16000 ਕਿਲੋਮੀਟਰ ਪੇਂਡੂ ਲਿੰਕ ਸੜਕਾਂ ਨੂੰ ਮਜ਼ਬੂਤ ਕੀਤਾ ਜਾਵੇਗਾ ਅਤੇ ਪੇਂਡੂ ਲਿੰਕ ਸੜਕਾਂ ’ਤੇ ਪੁਲਾਂ ਦੀ ਮੁਰੰਮਤ ਅਤੇ ਵਾਧੇ ਉਪਰ 200 ਕਰੋੜ ਰੁਪਏ ਖ਼ਰਚੇ ਜਾਣਗੇ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ, ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਜ਼ਿਲ੍ਹਾ ਕਾਂਗਰਸ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ, ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ, ਸਿੰਜਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਸਰਵਜੀਤ ਸਿੰਘ, ਸਹਿਕਾਰਤਾ ਵਿਭਾਗ ਦੇ ਸਕੱਤਰ ਵਿਕਾਸ ਗਰਗ, ਖੇਤੀਬਾੜੀ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂ, ਰੂਪਨਗਰ ਡਿਵੀਜ਼ਨ ਦੇ ਕਮਿਸ਼ਨਰ ਆਰ ਕੇ ਕੌਸ਼ਿਕ, ਡਿਪਟੀ ਕਮਿਸ਼ਨਰ ਸੁਮੀਤ ਜਾਰੰਗਲ, ਐਸਐਸਪੀ ਸਵਪਨ ਸ਼ਰਮਾ ਆਦਿ ਹਾਜ਼ਰ ਸਨ।

Previous articleAssam protests have hit economy: State BJP chief
Next articleਸੀਬੀਆਈ ਦੇ ਨਵੇਂ ਮੁਖੀ ਦੀ ਚੋਣ ਸਬੰਧੀ ਬੈਠਕ ਬੇਸਿੱਟਾ ਰਹੀ