ਆਸਟਰੇਲੀਆ ਨੂੰ ਹਰਾਉਣ ਮਗਰੋਂ ਆਤਮਵਿਸ਼ਵਾਸ ਨਾਲ ਭਰੀ ਭਾਰਤੀ ਕ੍ਰਿਕਟ ਟੀਮ ਨੇ ਜਿੱਤ ਦੀ ਚਮਕ ਕਾਇਮ ਰੱਖੀ ਹੈ। ਉਸ ਨੇ ਅੱਜ ਇੱਥੇ ਪਹਿਲੇ ਇੱਕ ਰੋਜ਼ਾ ਕ੍ਰਿਕਟ ਮੈਚ ਵਿੱਚ ਨਿਊਜ਼ੀਲੈਂਡ ਨੂੰ ਅੱਠ ਵਿਕਟਾਂ ਨਾਲ ਹਰਾਇਆ। ਹਾਲਾਂਕਿ ਡੁੱਬਦੇ ਸੂਰਜ ਦੀਆਂ ਕਿਰਨਾਂ ਕਾਰਨ ਮੈਚ ਨੂੰ ਕੁੱਝ ਸਮੇਂ ਲਈ ਰੋਕਣਾ ਵੀ ਪਿਆ। ਪਹਿਲੀ ਵਾਰ ਅਜਿਹੇ ਹਾਲਾਤ ਬਣੇ ਹਨ, ਜਦੋਂ ਡਕਵਰਥ ਲੁਈਸ ਪ੍ਰਣਾਲੀ ਦੀ ਵਰਤੋਂ ਕੀਤੀ ਗਈ, ਉਹ ਵੀ ਉਦੋਂ, ਜਦੋਂ ਮੀਂਹ ਨਹੀਂ ਪਿਆ ਹੋਵੇ।
ਆਸਟਰੇਲੀਆ ਵਿੱਚ ਟੈਸਟ ਅਤੇ ਇੱਕ ਰੋਜ਼ਾ ਲੜੀ ਜਿੱਤ ਕੇ ਇੱਥੇ ਆਈ ਭਾਰਤੀ ਟੀਮ ਨੇ ਪੰਜ ਮੈਚਾਂ ਦੀ ਇਸ ਲੜੀ ਦੀ ਸ਼ੁਰੂਆਤ ਜਿੱਤ ਨਾਲ ਕੀਤੀ ਹੈ। ਜਿੱਤ ਲਈ 156 ਦੌੜਾਂ ਦਾ ਸੋਧਿਆ ਹੋਇਆ ਟੀਚਾ ਭਾਰਤ ਨੇ 34.5 ਓਵਰਾਂ ਵਿੱਚ ਦੋ ਵਿਕਟਾਂ ਗੁਆ ਕੇ ਹਾਸਲ ਕੀਤਾ।
ਇਸ ਤੋਂ ਪਹਿਲਾਂ ਫ਼ਿਰਕੀ ਗੇਂਦਬਾਜ਼ ਕੁਲਦੀਪ ਯਾਦਵ ਅਤੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਸ਼ਾਨਦਾਾਰ ਗੇਂਦਬਾਜ਼ੀ ਦੇ ਦਮ ’ਤੇ ਭਾਰਤ ਨੇ ਨਿਊਜ਼ੀਲੈਂਡ ਨੂੰ ਸਿਰਫ਼ 38 ਓਵਰਾਂ ਵਿੱਚ 157 ਦੌੜਾਂ ’ਤੇ ਢੇਰ ਕਰ ਦਿੱਤਾ ਸੀ। ਯਾਦਵ ਨੇ ਦਸ ਓਵਰਾਂ ਵਿੱਚ 39 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ, ਜਦਕਿ ਸ਼ਮੀ ਨੇ ਛੇ ਓਵਰਾਂ ਵਿੱਚ 19 ਦੌੜਾਂ ਦੇ ਕੇ ਤਿੰਨ ਸ਼ਿਕਾਰ ਕੀਤੇ। ਲੈੱਗ ਸਪਿੰਨਰ ਕੁਲਦੀਪ ਚਾਹਲ ਨੇ ਦੋ ਵਿਕਟਾਂ ਲਈਆਂ। ਨਿਊਜ਼ੀਲੈਂਡ ਲਈ ਕਪਤਾਨ ਕੇਨ ਵਿਲੀਅਮਸਨ ਨੇ 81 ਗੇਂਦਾਂ ਵਿੱਚ 64 ਦੌੜਾਂ ਬਣਾਈਆਂ। ਜਵਾਬ ਵਿੱਚ ਸ਼ਿਖਰ ਧਵਨ ਨੇ ਹਮਲਾਵਰ ਅੰਦਾਜ਼ ਵਿੱਚ ਪਾਰੀ ਦੀ ਸ਼ੁਰੂਆਤ ਕੀਤੀ ਅਤੇ 103 ਗੇਂਦਾਂ ਵਿੱਚ 75 ਦੌੜਾਂ ਦੀ ਪਾਰੀ ਖੇਡੀ। ਉਸ ਨੇ ਆਪਣੀ ਪਾਰੀ ਦੌਰਾਨ ਛੇ ਚੌਕੇ ਮਾਰੇ। ਭਾਰਤ ਦਾ ਸਕੋਰ ਜਦੋਂ ਇੱਕ ਵਿਕਟ ’ਤੇ 44 ਦੌੜਾਂ ਸੀ ਤਾਂ ਡੁੱਬਦੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਅੱਖਾਂ ਵਿੱਚ ਪੈਣ ਕਾਰਨ ਮੈਚ ਨੂੰ ਕੁੱਝ ਸਮਾਂ ਰੋਕਣਾ ਪਿਆ। ਕੌਮਾਂਤਰੀ ਕ੍ਰਿਕਟ ਵਿੱਚ ਅਜਿਹੀ ਸਮੱਸਿਆ ਪਹਿਲੀ ਵਾਰ ਵੇਖਣ ਨੂੰ ਮਿਲੀ। ਕਰੀਬ ਅੱਧੇ ਘੰਟੇ ਦੀ ਦੇਰੀ ਕਾਰਨ ਟੀਚਾ 49 ਓਵਰਾਂ ਵਿੱਚ 156 ਦੌੜਾਂ ਦਾ ਕਰ ਦਿੱਤਾ ਗਿਆ, ਜੋ ਭਾਰਤ ਨੇ ਬਿਨਾਂ ਪ੍ਰੇਸ਼ਾਨੀ ਦੇ ਹਾਸਲ ਕਰ ਲਿਆ। ਡਿਨਰ ਮਗਰੋਂ ਰੋਹਿਤ ਸ਼ਰਮਾ ਆਪਣੀ ਵਿਕਟ ਗੁਆ ਬੈਠਿਆ, ਪਰ ਵਿਰਾਟ ਕੋਹਲੀ ਅਤੇ ਧਵਨ ਨੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਕੋਹਲੀ ਨੇ 59 ਗੇਂਦਾਂ ਵਿੱਚ 45 ਦੌੜਾਂ ਬਣਾਈਆਂ। ਉਹ ਤੇਜ਼ ਗੇਂਦਬਾਜ਼ ਲੋਕੀ ਫਰਗੂਸਨ ਦੀ ਗੇਂਦ ’ਤੇ ਕੈਚ ਆਊਟ ਹੋਇਆ। ਧਵਨ ਆਪਣਾ 26ਵਾਂ ਇੱਕ ਰੋਜ਼ਾ ਨੀਮ ਸੈਂਕੜਾ ਪੂਰਾ ਕਰਨ ਦੇ ਨਾਲ ਹੀ ਸਭ ਤੋਂ ਤੇਜ਼ੀ ਨਾਲ 5000 ਦੌੜਾਂ ਪੂਰੀਆਂ ਕਰਨ ਵਾਲਾ ਸਾਂਝੇ ਤੌਰ ’ਤੇ ਚੌਥਾ ਬੱਲੇਬਾਜ਼ ਬਣ ਗਿਆ। ਉਸ ਨੇ 118 ਪਾਰੀਆਂ ਵਿੱਚ ਇਹ ਅੰਕੜਾ ਪਾਰ ਕੀਤਾ ਹੈ। ਪਿਛਲੀਆਂ ਨੌਂ ਪਾਰੀਆਂ ਦੌਰਾਨ ਖ਼ਰਾਬ ਲੈਅ ਨਾਲ ਜੂਝ ਰਹੇ ਧਵਨ ਨੇ ਇਸ ਪਾਰੀ ਮਗਰੋਂ ਸੁੱਖ ਦਾ ਸਾਹ ਲਿਆ।
ਇਸ ਤੋਂ ਪਹਿਲਾਂ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਨਿਊਜ਼ੀਲੈਂਡ ਦੀ ਸ਼ੁਰੂਆਤ ਬਹੁਤ ਖ਼ਰਾਬ ਰਹੀ। ਦੋਵੇਂ ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ ਅਤੇ ਕੋਲਿਨ ਮੁਨਰੋ ਪੰਜ ਓਵਰਾਂ ਦੇ ਅੰਦਰ ਹੀ ਪੈਵਿਲੀਅਨ ਪਰਤ ਗਏ, ਜਦੋਂ ਸਕੋਰ ਸਿਰਫ਼ 18 ਦੌੜਾਂ ਸੀ। ਦੋਵਾਂ ਨੂੰ ਸ਼ਮੀ ਨੇ ਆਊਟ ਕੀਤਾ। ਗੁਪਟਿਲ ਦੀ ਵਿਕਟ ਦੇ ਨਾਲ ਹੀ ਸ਼ਮੀ ਨੇ ਇੱਕ ਰੋਜ਼ਾ ਕ੍ਰਿਕਟ ਵਿੱਚ 100 ਵਿਕਟਾਂ ਪੂਰੀਆਂ ਕੀਤੀਆਂ। ਉਹ ਸਭ ਤੋਂ ਤੇਜ਼ੀ ਨਾਲ ਇੱਕ ਰੋਜ਼ਾ ਵਿਕਟਾਂ ਦਾ ਸੈਂਕੜਾ ਮਾਰਨ ਵਾਲਾ ਭਰਤੀ ਗੇਂਦਬਾਜ਼ ਬਣ ਗਿਆ ਹੈ।
Sports ਸੂਰਜ ਵੀ ਨਾ ਰੋਕ ਸਕਿਆ ਭਾਰਤ ਦੀ ਜਿੱਤ