38-38 ਸੀਟਾਂ ’ਤੇ ਲੜਨਗੇ ਚੋਣ; ਕਾਂਗਰਸ ਗੱਠਜੋੜ ਤੋਂ ਬਾਹਰ;
ਟੀਐੱਮਸੀ, ਆਰਜੇਡੀ ਤੇ ਸੀਪੀਆਈ (ਐੱਮ) ਵੱਲੋਂ ਸਵਾਗਤ
ਉੱਤਰ ਪ੍ਰਦੇਸ਼ ਵਿਚ ਰਵਾਇਤੀ ਵਿਰੋਧੀਆਂ ਵੱਜੋਂ ਜਾਣੀਆਂ ਜਾਂਦੀਆਂ ਸਮਾਜਵਾਦੀ ਪਾਰਟੀ (ਐੱਸਪੀ) ਤੇ ਬਹੁਜਨ ਸਮਾਜ ਪਾਰਟੀ (ਬੀਐੱਸਪੀ) ਨੇ ਅੱਜ ਗੱਠਜੋੜ ਕਰਦਿਆਂ 2019 ਦੀਆਂ ਲੋਕ ਸਭਾ ਚੋਣਾਂ 38-38 ਸੀਟਾਂ ਵੰਡ ਕੇ ਲੜਨ ਦਾ ਐਲਾਨ ਕੀਤਾ ਹੈ। ਦੋਵਾਂ ਧਿਰਾਂ ਨੇ ਕਾਂਗਰਸ ਨੂੰ ਗੱਠਜੋੜ ਤੋਂ ਬਾਹਰ ਹੀ ਰੱਖਿਆ ਹੈ, ਪਰ ਅਮੇਠੀ ਤੇ ਰਾਇ ਬਰੇਲੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਯੂਪੀਏ ਚੇਅਰਪਰਸਨ ਸੋਨੀਆ ਗਾਂਧੀ ਲਈ ਛੱਡ ਦਿੱਤੀਆਂ ਹਨ। ਇਸ ਤੋਂ ਇਲਾਵਾ ਦੋ ਸੀਟਾਂ ਗੱਠਜੋੜ ਦੇ ਛੋਟੇ ਭਾਈਵਾਲਾਂ ਲਈ ਰੱਖੀਆਂ ਗਈਆਂ ਹਨ ਤੇ ਉਨ੍ਹਾਂ ਦੇ ਨਾਂ ਹਾਲੇ ਨਸ਼ਰ ਨਹੀਂ ਕੀਤੇ ਗਏ। ਸੂਤਰਾਂ ਮੁਤਾਬਕ ਰਾਸ਼ਟਰੀ ਲੋਕ ਦਲ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਗੱਠਜੋੜ ਬਾਰੇ ਐਲਾਨ ਕਰਦਿਆਂ ਅੱਜ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਤੇ ਬਸਪਾ ਸੁਪਰੀਮੋ ਮਾਇਆਵਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ’ਤੇ ਵਿਅੰਗ ਕੱਸਦਿਆਂ ਕਿਹਾ ਕਿ ਯੂਪੀ ਦਾ ਇਹ ਗੱਠਜੋੜ ‘ਗੁਰੂ ਚੇਲੇ’ ਦੀ ਨੀਂਦ ਉਡਾ ਦੇਵੇਗਾ। ਮਾਇਆਵਤੀ ਨੇ ਕਿਹਾ ਕਿ ਜਿਵੇਂ ਜ਼ਿਮਨੀ ਚੋਣਾਂ ਵਿਚ ਉਨ੍ਹਾਂ ਭਾਜਪਾ ਨੂੰ ਮਾਤ ਦਿੱਤੀ ਸੀ, ਉਸੇ ਤਰ੍ਹਾਂ ਲੋਕ ਸਭਾ ਚੋਣਾਂ ਵਿਚ ਵੀ ਵਾਪਰੇਗਾ। ਭਾਜਪਾ ਨੇ ਗੱਠਜੋੜ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਦੋਵੇਂ ਪਾਰਟੀਆਂ ਉੱਤਰ ਪ੍ਰਦੇਸ਼ ਜਾਂ ਦੇਸ਼ ਲਈ ਨਹੀਂ ਬਲਕਿ ਆਪਣੀ ਹੋਂਦ ਬਚਾਉਣ ਲਈ ਇਕੱਠੀਆਂ ਹੋਈਆਂ ਹਨ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਗੱਠਜੋੜ ਦਾ ਸਵਾਗਤ ਕੀਤਾ ਹੈ। ਸੀਪੀਆਈ (ਐੱਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਤੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਨੇ ਵੀ ਗੱਠਜੋੜ ਦਾ ਸਵਾਗਤ ਕੀਤਾ ਹੈ। ਦੱਸਣਯੋਗ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੇ 71 ਸੀਟਾਂ ਉੱਤੇ ਜਿੱਤ ਪ੍ਰਾਪਤ ਕੀਤੀ ਸੀ ਤੇ ਇਸ ਦੇ ਭਾਈਵਾਲ ਅਪਨਾ ਦਲ ਨੇ ਦੋ ਸੀਟਾਂ ਜਿੱਤੀਆਂ ਸਨ। ਐੱਸਪੀ ਨੂੰ ਉਸ ਵੇਲੇ ਪੰਜ, ਕਾਂਗਰਸ ਨੂੰ ਦੋ ਤੇ ਬੀਐੱਸਪੀ ਦਾ ਖਾਤਾ ਤੱਕ ਨਹੀਂ ਸੀ ਖੁੱਲ੍ਹ ਸਕਿਆ। ਕਾਂਗਰਸ ਨੂੰ ਗੱਠਜੋੜ ਦਾ ਹਿੱਸਾ ਨਾ ਬਣਾਏ ਜਾਣ ਬਾਰੇ ਪੁੱਛਣ ’ਤੇ ਮਾਇਆਵਤੀ ਨੇ ਕਿਹਾ ਕਿ ਪਾਰਟੀ ਨੇ ਸਾਲਾਂ ਬੱਧੀ ਮੁਲਕ ’ਤੇ ਰਾਜ ਕੀਤਾ ਹੈ। ਇਸ ਦੌਰਾਨ ਗਰੀਬੀ, ਬੇਰੁਜ਼ਗਾਰੀ ਤੇ ਭ੍ਰਿਸ਼ਟਾਚਾਰ ਵਧਿਆ ਅਤੇ ਰੱਖਿਆ ਸੌਦਿਆਂ ਵਿਚ ਵੀ ਘਪਲੇ ਹੋਏ। ਉਨ੍ਹਾਂ ਕਿਹਾ ਕਿ ਜਿਵੇਂ ਬੋਫੋਰਜ਼ ਨੇ ਕਾਂਗਰਸ ਦੇ ਪੈਰ ਉਖਾੜ ਦਿੱਤੇ, ਰਾਫਾਲ ਵੀ ਭਾਜਪਾ ਨੂੰ ਭਾਰੀ ਪਏਗਾ। ਉਨ੍ਹਾਂ ਨਾਲ ਹੀ ਕਿਹਾ ਕਿ ਕਾਂਗਰਸ ਨਾਲ ਪਹਿਲਾਂ ਕੀਤੇ ਗੱਠਜੋੜਾਂ ਦਾ ਬਸਪਾ ਨੂੰ ਕੋਈ ਲਾਭ ਨਹੀਂ ਹੋਇਆ ਜਦਕਿ ਐੱਸਪੀ ਨਾਲ ਗੱਠਜੋੜ ਤੋਂ ਬਾਅਦ ਵੋਟਾਂ ਦਾ ਗਣਿਤ ਫਿੱਟ ਬੈਠਿਆ ਹੈ। ਐੱਸਪੀ ਮੁਖੀ ਅਖਿਲੇਸ਼ ਯਾਦਵ ਨੇ ਕਿਹਾ ਕਿ ਪੱਛਮੀ ਉੱਤਰ ਪ੍ਰਦੇਸ਼ ਵਿਚ ਰਾਸ਼ਟਰੀ ਲੋਕ ਦਲ ਨਾਲ ਗੱਠਜੋੜ ਬਾਰੇ ਜਲਦੀ ਜਾਣਕਾਰੀ ਦਿੱਤੀ ਜਾਵੇਗੀ। ਮਾਇਆਵਤੀ ਨੇ ਕਿਹਾ ਕਿ ਇਹ ਗੱਠਜੋੜ ਹੁਣ ਲੰਮਾ ਚੱਲੇਗਾ, ਲੋਕ ਸਭਾ ਚੋਣਾਂ ਤੇ ਯੂਪੀ ਦੀਆਂ ਵਿਧਾਨ ਸਭਾ ਚੋਣਾਂ ਤੋਂ ਵੀ ਅਗਾਂਹ ਤੱਕ। ਮਾਇਆਵਤੀ ਨੂੰ ਪ੍ਰਧਾਨ ਮੰਤਰੀ ਉਮੀਦਵਾਰ ਐਲਾਨੇ ਜਾਣ ਦੀ ਸੂਰਤ ਵਿਚ ਬਸਪਾ ਸੁਪਰੀਮੋ ਨੂੰ ਸਮਰਥਨ ਦੇਣ ਬਾਰੇ ਪੁੱਛੇ ਜਾਣ ’ਤੇ ਅਖਿਲੇਸ਼ ਨੇ ਕੋਈ ਸਿੱਧਾ ਜਵਾਬ ਦੇਣ ਤੋਂ ਟਾਲਾ ਵੱਟਿਆ ਤੇ ਕਿਹਾ ਕਿ ਸਭ ਜਾਣਦੇ ਹੀ ਹਨ ਕਿ ਉਹ ਕਿਸ ਦੀ ਹਮਾਇਤ ਕਰਨਗੇ। ਅਖਿਲੇਸ਼ ਨੇ ਕਿਹਾ ਕਿ ਉਹ ਪਹਿਲਾਂ ਵੀ ਕਹਿੰਦੇ ਰਹੇ ਹਨ ਕਿ ਯੂਪੀ ਨੇ ਹੀ ਦੇਸ਼ ਨੂੰ ਪ੍ਰਧਾਨ ਮੰਤਰੀ ਦਿੱਤਾ ਹੈ। ਬਸਪਾ ਆਗੂ ਮਾਇਆਵਤੀ ਨੇ ਕਿਹਾ ਕਿ ਸ਼ਿਵਪਾਲ ਯਾਦਵ ਦੀ ਅਗਵਾਈ ਵਾਲੀ ਪ੍ਰਗਤੀਸ਼ੀਲ ਸਮਾਜਵਾਦੀ ਪਾਰਟੀ-ਲੋਹੀਆ ਧਿਰ ‘ਭਾਜਪਾ ਦਾ ਥਾਪੜਾ ਪ੍ਰਾਪਤ ਹੈ’ ਤੇ ਇਹ ਨਾਕਾਮ ਸਾਬਿਤ ਹੋਵੇਗੀ। ਮਾਇਆਵਤੀ ਦੀ ਟਿੱਪਣੀ ਦਾ ਜਵਾਬ ਦਿੰਦਿਆਂ ਸ਼ਿਵਪਾਲ ਯਾਦਵ ਨੇ ਕਿਹਾ ਕਿ ਪਹਿਲਾਂ ਬਸਪਾ ਸੁਪਰੀਮ ਨੇ ਹੀ ਭਾਜਪਾ ਨਾਲ ਗੱਠਜੋੜ ਕਰ ਕੇ ਸਰਕਾਰ ਕਾਇਮ ਕੀਤੀ ਸੀ। ਅਖਿਲੇਸ਼ ਨੇ ਜ਼ੋਰ ਦੇ ਕੇ ਕਿਹਾ ਕਿ ਮਾਇਆਵਤੀ ਦਾ ਸਨਮਾਨ, ਉਨ੍ਹਾਂ ਦਾ ਸਨਮਾਨ ਹੈ। ਉਨ੍ਹਾਂ ਪਾਰਟੀ ਵਰਕਰਾਂ ਨੂੰ ਕਿਹਾ ਕਿ ਉਹ ਸੁਚੇਤ ਰਹਿਣ ਕਿਉਂਕਿ ਭਾਜਪਾ ਰਾਜ ਵਿਚ ਦੰਗਾ ਭੜਕਾ ਕੇ ਜਾਂ ਹੋਰ ਹੱਥਕੰਡੇ ਵਰਤ ਕੇ ਦਰਾਰ ਪਾਉਣ ਦੀ ਕੋਸ਼ਿਸ਼ ਕਰ ਸਕਦੀ ਹੈ। ਇਸ ਦੌਰਾਨ ਟੀਐੱਮਸੀ ਸੁਪਰੀਮੋ ਮਮਤਾ ਬੈਨਰਜੀ ਨੇ 19 ਜਨਵਰੀ ਨੂੰ ਕੋਲਕਾਤਾ ਦੇ ਬ੍ਰਿਗੇਡ ਪਰੇਡ ਗਰਾਊਂਡ ਵਿਚ ਕੀਤੀ ਜਾ ਰਹੀ ਵਿਰੋਧੀ ਧਿਰਾਂ ਦੀ ਸਾਂਝੀ ਰੈਲੀ ਲਈ ਐੱਸਪੀ, ਤੇਲਗੂ ਦੇਸਮ ਪਾਰਟੀ, ਜਨਤਾ ਦਲ (ਸੈਕੂੁਲਰ), ਆਮ ਆਦਮੀ ਪਾਰਟੀ, ਐੱਨਸੀਪੀ, ਪੀਡੀਪੀ, ਐੱਨਸੀਪੀ, ਡੀਐੱਮਕੇ, ਕਾਂਗਰਸ ਤੇ ਹੋਰਾਂ ਨੂੰ ਸੱਦਾ ਭੇਜਿਆ ਹੈ।