ਧੀਆਂ ਦਾ ਵਾਸ ਪਰਵਾਸ ਹੀ ਹੁੰਦਾ ਹੈ, ਭਾਵੇਂ ਨਾਲ ਦੇ ਪਿੰਡ ਹੋਵੇ ਜਾਂ ਕਸਬੇ, ਨਾਲ ਦੇ ਜ਼ਿਲ੍ਹੇ ਹੋਵੇ ਜਾਂ ਫੇਰ ਸੂਬੇ। ਜਦੋਂ ਤੋਂ ਦੁਨੀਆ ਮੁੱਠੀ ‘ਚ ਆਣ ਲੱਗ ਪਈ, ਆਵਾਜਾਈ ਦੂਰ-ਦੂਰ ਤੱਕ ਹੋਣ ਲੱਗੀ ਤਾਂ ਪਰਵਾਸ ਦੂਜੇ ਦੇਸ਼ਾਂ ਵਿੱਚ ਹੋਣ ਲੱਗ ਪਿਆ। ਇਹ ਖੁਸ਼ਨੁਮਾ ਤਬਦੀਲੀ ਸੀ, ਜਿਸ ਨਾਲ ਇਸਤਰੀਆਂ ਲਈ ਸੁਪਨੀਲੀਆਂ ਧਰਤੀਆਂ ਉਤੇ ਖੁਸ਼ਹਾਲੀ ਦੇ ਦਰ ਖੁੱਲ੍ਹੇ। ਜਿੰਨਾ ਚਿਰ ਸੱਚੇ-ਸੁੱਚੇ ਰਿਸ਼ਤਿਆਂ ਦੀ ਪਾਲਣਾ ਹੁੰਦੀ ਰਹੀ ਅਤੇ ਨਿਯਮਾਂ ਨੂੰ ਸਹੀ ਤਰ੍ਹਾਂ ਮੰਨਿਆ ਜਾਂਦਾ ਰਿਹਾ, ਓਨਾ ਚਿਰ ਸੰਬੰਧ ਠੀਕ ਤਰ੍ਹਾਂ ਜੁੜਦੇ ਰਹੇ। ਅਜਿਹਾ ਹੁੰਦਿਆਂ ਖੁਸ਼ੀਆਂ ਵੀ ਵਧੀਆਂ, ਖੁਸ਼ਹਾਲੀਆਂ ਵੀ।
ਬਜ਼ੁਰਗਾਂ ਦੀ ਚਲਾਈ ਰੀਤ ਕਿ ਧੀਆਂ ਦਾ ਪਰਵਾਸ ਸਹੁਰੇ ਘਰ ਹੀ ਠੀਕ ਰਹੇਗਾ, ਅੱਜ ਤੱਕ ਠੀਕ ਨਿਭ ਰਹੀ ਹੈ, ਜਿਸ ਦਾ ਬਦਲ ਕਿਸੇ ਤਰ੍ਹਾਂ ਵੀ ਧੀ ਦੇ ਘਰ ਨੂੰ ਨਹੀਂ ਮੰਨਿਆ ਜਾ ਸਕਦਾ। ਸਹੁਰੇ ਘਰ ਧੀਆਂ ਨੂੰ ਜਿੱਥੇ ਖੁਸ਼ੀਆਂ ਭਰੀ ਜ਼ਿੰਦਗੀ ਨਸੀਬ ਹੁੰਦੀ ਹੈ, ਉਂਥੇ ਦੁਸ਼ਵਾਰੀਆਂ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ। ਇਹ ਘਰ-ਘਰ ਦੀ ਕਹਾਣੀ ਹੈ, ਜਿਹੜੀ ਧੀਆਂ ਨੂੰ ਵੀ ਨਿਭਾਉਣੀ ਪੈਂਦੀ ਹੈ ਭੈਣਾਂ ਨੂੰ ਵੀ, ਭਰਜਾਈਆਂ ਨੂੰ ਵੀ ਹੰਢਾਉਣੀ ਪੈਂਦੀ ਹੈ ਅਤੇ ਮਾਵਾਂ ਨੂੰ ਵੀ। ਇਹ ਉਮਰਾਂ ਦੇ ਰਿਸ਼ਤੇ ਹੁੰਦੇ ਹਨ, ਜਿਹੜੇ ਛੇਤੀ ਤੋੜੇ ਨਹੀਂ ਜਾ ਸਕਦੇ। ਸੰਬੰਧਾਂ ਵਿੱਚ ਹੁਲਮਾ ਵੀ ਆਉਂਦੇ ਰਹਿੰਦੇ ਹਨ ਅਤੇ ਉਹ ਤਲਖੀਆਂ ਵੀ, ਜਿਨ੍ਹਾਂ ਕਾਰਨ ਕੁੜੱਤਣਾਂ ਪੈਰ ਜਮਾਉਣ ਤੋਂ ਗੁਰੇਜ਼ ਨਹੀਂ ਕਰਦੀਆਂ। ਇਹ ਸਭ ਵਕਤ-ਵਕਤ ਦੇ ਤਕਾਜ਼ੇ ਹੁੰਦੇ ਹਨ ਅਤੇ ਸੰਬੰਧਾਂ ‘ਚ ਆਏ ਬਦਲਾਅ।
ਲੰਮੀ ਗੱਲ ਹੈ ਦੂਰ ਦੇਸ਼ਾਂ ਦੇ ਪਰਵਾਸ ਦੀ, ਜੋ ਪਹਿਲੇ ਸਮਿਆਂ ਵਿੱਚ ਤਾਂ ਠੀਕ ਹੁੰਦੇ ਰਹੇ। ਨਿਰਖ-ਪਰਖ ਕੇ ਸਾਕ ਤੈਅ ਕੀਤੇ ਜਾਂਦੇ, ਜਿਸ ਨਾਲ ਨਵਾਂ ਵਿਆਂਦੜ ਮੁੰਡਾ-ਕੁੜੀ ਦੂਜੇ ਮੁਲਕ ਜਾ ਕੇ ਵੀ ਟਿਕਦੇ ਰਹੇ। ਦੋਹਾਂ ਪਾਸੇ ਦੇ ਮਾਪਿਆਂ ਨੂੰ ਸ਼ਿਕਾਇਤਾਂ ਨਹੀਂ, ਸਗੋਂ ਖੁਸ਼ੀ ਦੀਆਂ ਖ਼ਬਰਾਂ ਮਿਲਦੀਆਂ ਰਹੀਆਂ। ਹੌਲੀ-ਹੌਲੀ ਬਾਹਰਲੇ ਮੁਲਕਾਂ ਵਿੱਚ ਜਾਣ ਦੀ ਹੋੜ ਜਿਹੀ ਲੱਗ ਗਈ, ਜਿਸ ਕਾਰਨ ਨਾਜਾਇਜ਼ ਰਿਸ਼ਤੇਦਾਰੀਆਂ ਗੰਢ ਕੇ ਚੋਰ-ਮੋਰੀਆਂ ਦੇ ਰਾਹ ਲੱਭੇ ਗਏ। ਅਜਿਹਾ ਹੋਣ ਨਾਲ ਬੇਨਿਯਮੀਆਂ ਕਾਰਨ ਅਤੇ ਰਿਸ਼ਤਿਆਂ ਦੇ ਹੋਏ ਘਾਣ ਕਾਰਨ ਦੂਜੇ ਸੱਭਿਅਕ ਮੁਲਕਾਂ ਵਿੱਚ ਅੰਤਾਂ ਦੀ ਬਦਨਾਮੀ ਹੋਈ, ਜੋ ਅੱਜ ਤੱਕ ਵੀ ਬੰਦ ਨਹੀਂ ਹੋ ਸਕੀ।
ਹੁਣ ਤਾਂ ਖ਼ਬਰਾਂ ਇੱਥੋਂ ਤੱਕ ਛਪ ਗਈਆਂ ਕਿ ਦੇਸ਼ ਭਰ ਵਿੱਚ ਹਜ਼ਾਰਾਂ ਲੜਕੀਆਂ ਵਿਦੇਸ਼ੀ ਲਾੜਿਆਂ ਨਾਲ ਵਿਆਹ ਕਰਵਾ ਕੇ ਏਧਰ ਹੀ ਰੁਲਣ ਜੋਗੀਆਂ ਰਹਿ ਗਈਆਂ, ਕਿਉਂਕਿ ਲਾੜੇ ਉਨ੍ਹਾਂ ਨੂੰ ਬਾਹਰ ਨਹੀਂ ਲਿਜਾ ਸਕੇ। ਇਕੱਲੇ ਪੰਜਾਬ ਵਿੱਚ ਅਜਿਹੀਆਂ ਲਾੜੀਆਂ ਦੀ ਗਿਣਤੀ ਤੀਹ ਹਜ਼ਾਰ ਤੋਂ ਵੱਧ ਦੱਸੀ ਜਾ ਰਹੀ ਹੈ, ਜਿਨ੍ਹਾਂ ਦੀ ਜ਼ਿੰਦਗੀ ਦਾ ਬੋਝ ਮਾਪਿਆਂ ਨੂੰ ਹੀ ਝੱਲਣਾ ਪੈ ਰਿਹਾ ਹੈ। ਸਰਕਾਰ ਜਾਂ ਕੋਈ ਸੰਸਥਾ ਉਨ੍ਹਾਂ ਦੀ ਮਦਦ ‘ਤੇ ਨਹੀਂ ਆ ਰਹੀ। ਇਨ੍ਹਾਂ ਮਸਲਿਆਂ ਨੂੰ ਹੱਲ ਕਰਨ ਵਾਸਤੇ ਕੋਈ ਸਮਾਜਕ ਸੰਘਰਸ਼ ਨਹੀਂ ਚਲਾਇਆ ਜਾ ਸਕਦਾ। ਭਾਈਚਾਰਕ ਸੰਬੰਧ ਵੀ ਹੁਣ ਪਹਿਲਾਂ ਵਾਲੇ ਨਹੀਂ ਰਹੇ ਜਿਸ ਕਾਰਨ ਇਨ੍ਹਾਂ ਮਸਲਿਆਂ ਨੂੰ ਨਿੱਜਤਾ ਦੇ ਘੇਰੇ ਤੱਕ ਹੀ ਸੀਮਤ ਕਰਕੇ ਦੇਖਿਆ ਜਾ ਰਿਹਾ।
ਪਰਵਾਸੀਆਂ ਵੱਲੋਂ ਛੱਡੀਆਂ ਇਨ੍ਹਾਂ ਪਤਨੀਆਂ ਨੇ ਮਿਲ ਕੇ ਹੁਣ ਆਪਣੀ ਅੰਤਰ-ਰਾਸ਼ਟਰੀ ਸੰਸਥਾ ਬਣਾਈ ਹੈ, ਜਿਹੜੀਆਂ ਆਪਣੇ ਮਸਲਿਆਂ ਅਤੇ ਤੰਗੀਆਂ-ਤੁਰਸ਼ੀਆਂ ਦੀ ਆਵਾਜ਼ ਖ਼ੁਦ ਬੁਲੰਦ ਕਰਨਗੀਆਂ ਅਤੇ ਹੱਲ ਲੱਭਣ ਲਈ ਸਮਾਜਕ ਲੜਾਈ ਵੀ ਲੜਨਗੀਆਂ ਅਤੇ ਕਾਨੂੰਨੀ ਰਾਹ ਅਪਣਾ ਕੇ ਅਦਾਲਤਾਂ ਦੇ ਦਰ ਵੀ ਖੜਕਾਉਣਗੀਆਂ।
ਪਰਵਾਸ ਕਰਨ ਦੀ ਇੱਛਾ ਕਾਰਨ ਪੰਜਾਬ ਦੀਆਂ ਹਜ਼ਾਰਾਂ ਇਸਤਰੀਆਂ ਇੱਕ ਨਾ ਦੂਜੇ ਕਾਰਨ ਪਰਵਾਸੀਆਂ ਦੇ ਸ਼ਿਕੰਜੇ ਵਿੱਚ ਅਜਿਹੀਆਂ ਫਸੀਆਂ ਕਿ ਵਕਤ ਦੇ ਹੈਂਗਰਾ ‘ਤੇ ਬੜੀ ਬੁਰੀ ਤਰ੍ਹਾਂ ਹੀ ਟੰਗੀਆਂ ਰਹਿ ਗਈਆਂ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਭਾਰਤ ਸਰਕਾਰ ਕੋਲ ਆਵਾਜ਼ ਉਠਾਉਣ ਅਤੇ ਵਿਦੇਸ਼ਾਂ ਵਿੱਚ ਸਥਿਤ ਭਾਰਤੀ ਦੂਤਘਰਾਂ ਕੋਲ ਸ਼ਿਕਾਇਤਾਂ ਕਰ ਕੇ ਕਾਨੂੰਨੀ ਕਾਰਵਾਈ ਦੀ ਚਾਰਾਜੋਈ ਕਰਨ ਤਾਂ ਕਿ ਉਨ੍ਹਾਂ ਦੇ ਮਸਲਿਆਂ ਨੂੰ ਸੁਣਿਆ ਜਾ ਸਕੇ।
ਇਹ ਵੀ ਬੜੀ ਤੁਅੱਜਬ ਦੀ ਗੱਲ ਹੈ ਕਿ ਦੇਸ਼ ਦੀਆਂ ਇਨ੍ਹਾਂ ਧੀਆਂ ਦੇ ਦੁਖੜੇ ਕਿਉਂ ਨਹੀਂ ਸੁਣੇ ਜਾਂਦੇ। ਕੀ ਦੇਸ਼ ਦੇ ਹਾਕਮ ਏਨੇ ਹੀ ਅਸੰਵੇਦਨਸ਼ੀਲ ਹੋ ਗਏ ਹਨ ਕਿ ਉਹ ਆਪਣੇ ਹੀ ਦੇਸ਼ ਦੀਆਂ ਧੀਆਂ ਦੇ ਗੰਭੀਰ ਅਤੇ ਦੁਖਾਂਤਕ ਮਸਲਿਆਂ ਨੂੰ ਨਿਪਟਾਉਣ ਵਾਸਤੇ ਤਿਆਰ ਨਹੀਂ ਹੁੰਦੇ। ਹਰ ਘਰ ਵਿੱਚ ਧੀਆਂ-ਭੈਣਾਂ ਹਨ, ਜਿਨ੍ਹਾਂ ਤੋਂ ਹਰ ਇੱਕ ਹੀ ਜਾਣੂ ਹੁੰਦਾ ਹੈ ਕਿ ਧੀਆਂ ਦੇ ਦੁੱਖ ਬੁਰੇ। ਜੇਕਰ ਫੇਰ ਵੀ ਇਨ੍ਹਾਂ ਦਰਦਾਂ ਮਾਰੀਆਂ ਦੀ ਕੋਈ ਮਦਦ ਨਹੀਂ ਕਰਦਾ, ਫੇਰ ਉਹ ਕਿੱਥੇ ਫਰਿਆਦ ਕਰਨ ਕਿ ਉਨ੍ਹਾਂ ਦੀ ਸੁਣੀ ਜਾਵੇ।
ਪੰਜਾਬ ਦੀਆਂ ਪ੍ਰਵਾਸੀ ਪਤੀਆਂ ਤੋਂ ਸਤਾਈਆਂ ਪਤਨੀਆਂ ਦੀ ਪੀੜਾ ਨੂੰ ਪੰਜਾਬ ਦੇ ਹਾਕਮ ਗੰਭੀਰਤਾ ਨਾਲ ਸੁਣਨ ਤਾਂ ਇਹ ਅਜਿਹਾ ਮਸਲਾ ਨਹੀਂ, ਜੋ ਹੱਲ ਨਾ ਕੀਤਾ ਜਾ ਸਕੇ। ਕਸੂਰਵਾਰ ਕੁੜੀਆਂ ਹੋਣ ਜਾਂ ਮੁੰਡੇ, ਦੋਹਾਂ ਦੇ ਮਾਪੇ ਹੋਣ ਜਾਂ ਵਿੱਚ ਵਾਲੇ ਵਿਚੋਲੇ ਪਰ ਪੀੜਤਾਂ ਦੀ ਜ਼ਿੰਦਗੀ ਨੂੰ ਮੁੜ ਲੀਹ ‘ਤੇ ਲਿਆਉਣ ਲਈ ਹੱਲ ਬਾਰੇ ਤਾਂ ਸੋਚਣਾ ਹੀ ਪਵੇਗਾ। ਸਰਕਾਰ ਸੋਚੇ, ਕੁੜੀਆਂ ਮੁੰਡਿਆਂ ਦੇ ਮਾਪੇ ਪੈਰ ਚੁੱਕਣ ਜਾਂ ਫੇਰ ਧੀਆਂ ਵੱਲੋਂ ਬਣਾਈ ਕੌਮਾਂਤਰੀ ਜਥੇਬੰਦੀ ਦੇਸ਼ ਦੀਆਂ ਅਦਾਲਤਾਂ ਅਤੇ ਵਿਦੇਸ਼ਾਂ ਵਿਚਲੇ ਭਾਰਤੀ ਦੂਤ-ਘਰਾਂ ਵਿੱਚ ਹਲਚਲ ਮਚਾਉਣ।
ਧੀਆਂ ਦੇ ਮਾਪਿਆਂ ਨੂੰ ਚਾਹੀਦਾ ਹੈ ਕਿ ਦੁਰੇਡੇ ਵਸੇ ਮੁੰਡਿਆਂ ਬਾਰੇ ਬਾਰੀਕੀ ਨਾਲ ਜਾਣਕਾਰੀ ਹਾਸਲ ਕਰਨ ਤਾਂ ਕਿ ਮੁੜ ਪਛਤਾਉਣਾ ਨਾ ਪਵੇ। ਵਿਦੇਸ਼ਾਂ ਵਿੱਚ ਬਣੀਆਂ ਸੰਸਥਾਵਾਂ ਦਾ ਵੀ ਸਹਾਰਾ ਲੈ ਲੈਣ ਤਾਂ ਕਿ ਢੁਕਵੇਂ ਨਤੀਜੇ ਪ੍ਰਾਪਤ ਕੀਤੇ ਜਾ ਸਕਣ।
ਧੀਆਂ ਨੇ ਕਿਹੜੇ ਥਾਂ ਪਰਵਾਸ ਕਰਨਾ ਹੈ, ਇਹ ਵੀ ਕਈ ਵਾਰ ਪਹਿਲਾਂ ਤੋਂ ਤੈਅ ਨਹੀਂ ਹੁੰਦਾ, ਕਿਉਂਕਿ ਅੱਜ ਵੀ ਧੀਆਂ ਬਾਰੇ ਇਹੋ ਕੁਝ ਕਿਹਾ ਜਾ ਸਕਦੈ –
ਸਾਡੀਆਂ ਧੀਆਂ ਸਾਡੀਆਂ ਮਾਵਾਂ
ਉੱਡਦੇ ਪੰਛੀ ਦਾ ਪਰਛਾਵਾਂ
ਸਾਰੀ ਉਮਰਾ ਚੁੱਕੀ ਫਿਰਦੀਆਂ
ਮਨ ‘ਚ ਸਾਂਭੀ ਚਾਰ ਕੁ ਲਾਵਾਂ।
ਪੰਜਾਬੀਓ ਅਤੇ ਦੇਸ਼ ਵਾਸੀਓ ਸੰਭਲੋ ਸੋਚ-ਸਮਝ ਕੇ ਹੀ ਧੀਆਂ ਨੂੰ ਬਾਹਰ ਭੇਜੋ, ਕਿਉਂਕਿ ਧੀਆਂ ਦੇ ਘਰ ਨਾ ਵਸਣ ਤਾਂ ਧੀਆਂ ਦੇ ਦੁੱਖ ਬੁਰੇ।
ਖੁਸ਼ਕ ਪਹਾੜਾਂ ਦੀ ਸੈਰ
ਐਤਵਾਰ ਦੇ ਦਿਨ ਪਿੰਜੌਰ ਦੇ ਉੱਪਰਲੇ ਹਿੱਸੇ ਵੱਲ ਮੂੰਹ ਕੀਤਾ ਤਾਂ ਅਜਨਬੀ ਰਾਹਾਂ ‘ਤੇ ਕਾਰ ਚੱਲਦੀ-ਚੱਲਦੀ ਖੁਸ਼ਕ ਪਹਾੜਾਂ ਵਿਚਲੀ ਵਾਦੀ ਤੱਕ ਲੈ ਗਈ। ਉੱਚੇ ਪਹਾੜਾਂ ਨਾਲ ਘਿਰੀ ਵਾਦੀ ਵਿੱਚ ਸੱਤਰ ਕੁ ਗਜ਼ ਲੰਮੇ ਅਤੇ 40 ਕੁ ਗਜ਼ ਚੌੜੇ ਮੈਦਾਨ ਵਿੱਚ ਡਾ. ਜੋਗਿੰਦਰ ਦਿਆਲ ਦੀ ਅਗਵਾਈ ‘ਚ ਸਭ ਮਿੱਤਰ ਚੌਕੜੀਆਂ ਮਾਰ ਕੇ ਬੈਠ ਗਏ। ਡਾæ ਜੋਗਿੰਦਰ ਦਿਆਲ ਨੇ ਆਪਣੇ ਰੂਸ ਵਿਚਲੀਆਂ ਕਹਾਣੀਆਂ ਵੀ ਛੇੜੀਆਂ ਅਤੇ ਕਮਿਊਨਿਸਟ ਸੰਘਰਸ਼ਾਂ ਦੇ ਕਿੱਸੇ ਵੀ ਸੁਣਾਏ। ਮੈਂ, ਗਾਇਕ ਆਰ ਡੀ ਕੈਲੇ, ਬਲਵਿੰਦਰ ਸਿੰਘ ਉੱਤਮ ਅਤੇ ਹਰਪ੍ਰੀਤ ਸਿੰਘ ਔਲਖ ਉਨ੍ਹਾਂ ਨੂੰ ਪੂਰੇ ਧਿਆਨ ਨਾਲ ਸੁਣਦੇ ਰਹੇ ਅਤੇ ਆਪੋ-ਆਪਣੀਆਂ ਵੀ ਸੁਣਾਉਣ ਲੱਗ ਪਏ।
ਮੌਸਮ ਠੰਢਾ ਤਾਂ ਸੀ, ਪਰ ਸੂਰਜ ਦੀ ਧੁੱਪ ਕਦੇ-ਕਦੇ ਗਰਮ ਕਰਦੀ ਰਹੀ। ਸਰਦ ਹਵਾਵਾਂ ਵਿੱਚ ਵੀ ਮੌਸਮ ਨਿੱਘਾ ਰਿਹਾ ਅਤੇ ਮਾਹੌਲ ਸਰੂਰੀ। ਇੱਕ ਤਰ੍ਹਾਂ ਵਿਚਾਰਾਂ ਦੀ ਬੈਠਕ। ਇੱਕ ਤਰ੍ਹਾਂ ਦਾ ਨਿੱਘੀ ਮਿੱਤਰ ਮੰਡਲੀ ਅਤੇ ਭਾਈਚਾਰਾ। ਕੋਈ ਮੂਲੀਆਂ, ਕੋਈ ਗਾਜਰਾਂ ਕੱਟ ਰਿਹਾ, ਕੋਈ ਸੇਬ, ਅਨਾਰ ਅਤੇ ਅਮਰੂਦ। ਨੇੜਲੇ ਪਿੰਡ ਦਾ ਮੁੰਡਾ ਆਇਆ ਤਾਂ ਉਸ ਸ਼ਿਵ ਮੰਦਰ ਜਾਣ ਦੀ ਸਲਾਹ ਦਿੱਤੀ।
ਆਰ ਡੀ ਕੈਲੇ ‘ਚੋਂ ਆਪ ਮੁਹਾਰੇ ਗਾਇਕੀ ਦਾ ਅਲਾਪ ਹੋਣਾ ਸ਼ੁਰੂ ਹੋ ਗਿਆ। ਉਸ ਨੇ ਮੇਰੀ ਉਸ ਗ਼ਜ਼ਲ ਨਾਲ ਗਾਇਕੀ ਦਾ ਆਗਾਜ਼ ਕੀਤਾ, ਜਿਹੜੀ 1971 ‘ਚ ‘ਨਵਾਂ ਜ਼ਮਾਨਾ’ ਦੇ ਕਿਸੇ ਅੰਕ ਵਿੱਚ ਛਪੀ ਸੀ :
ਝੁੱਗੀਆਂ ਦੇ ਬੋਲ ਕਰਾਰੇ ਹੋਏ ਨੇ।
ਰਾਹਾਂ ‘ਚ ਤਾਹੀਉਂ ਅੰਗਾਰੇ ਹੋਏ ਨੇ।
ਸਾਰਾ ਹੀ ਦਿਨ ਜੋ ਵਹਾਂਦੇ ਪਸੀਨਾ
ਰੋਟੀ ਤੋਂ ਵੀ ਉਹ ਵਿਸਾਰੇ ਹੋਏ ਨੇ।
ਮਹਿਲਾਂ ਦਾ ਮਾਣ ਕਾਹਦਾ ਹੈ ਯਾਰੋ
ਝੁੱਗੀਆਂ ਨੇ ਹੀ ਜੋ ਉਸਾਰੇ ਹੋਏ ਨੇ।
ਇੱਕ ਦੋ ਹੋਰ ਰਚਨਾਵਾਂ ਤੋਂ ਬਾਅਦ ਉਸ ਨੇ ਸ਼ਿਵ ਕੁਮਾਰ ਬਟਾਲਵੀ ਦੇ ਗੀਤ ਛੋਹ ਲਏ :-
ਭੱਠੀ ਵਾਲੀਏ ਚੰਬੇ ਦੀਏ ਡਾਲੀਏ
ਪੀੜਾਂ ਦਾ ਪਰਾਗਾ ਭੁੰਨ ਦੇ
***
ਜਿੱਥੇ ਇਤਰਾਂ ਦੀ ਵਗਦਾ ਈ ਚੋਅ
ਉਥੇ ਮੇਰਾ ਯਾਰ ਵਸਦਾ।
ਚੂਰੀ ਕੁੱਟਾਂ ਤਾਂ ਉਹ ਖਾਂਦਾ ਨਾਹੀਂ।
ਮੈਂ ਉਹਨੂੰ ਦਿਲ ਦਾ ਮਾਸ ਖੁਆਇਆ।
ਸੂਰਜ ਛੁੱਟੀ ਕਰਨ ਲੱਗ ਪਿਆ। ਸਾਡਾ ਰੰਗੀਲੇ ਮਾਹੌਲ ‘ਚੋਂ ਨਿਕਲਣ ਨੂੰ ਤਾਂ ਜੀਅ ਨਹੀਂ ਸੀ ਕਰਦਾ ਪਰ ਸਮੇਂ ਅਨੁਸਾਰ ਚੰਡੀਗੜ੍ਹ ਵੱਲ ਨੂੰ ਵਹੀਰਾਂ ਘੱਤ ਲਈਆਂ। ਨੇੜੇ ਦਾ ਪਰ ਇੱਕ ਯਾਦਗਾਰੀ ਸਫ਼ਰ ਬਣ ਗਿਆ।
ਲਤੀਫ਼ੇ ਦਾ ਚਿਹਰਾ ਮੋਹਰਾ
ਗਾਹਕ : ਥਾਰੀ ਭੈਂਸ ਕੀ ਇੱਕ ਆਂਖ ਤੋ ਖ਼ਰਾਬ ਸੈ, ਫੇਰ ਵੀ ਤੂੰ ਇਸ ਕੇ 25 ਹਜ਼ਾਰ ਮਾਂਗਨ ਲਾਗਿਆ ਸੈ?
ਮੱਝ ਵਾਲਾ : ਤਨੈ ਭੈਂਸ ਦੂਧ ਖਾਤਰ ਚਾਹੀਏ ਜਾਂ ਨੈਨ ਮਟੱਕਾ ਕਰਨ ਖਾਤਰ ??
——-
ਤਾਊ : ਮਾਸਟਰ ਮੇਰਾ ਛੋਰਾ ਪੜ੍ਹਾਈ ਮੇਂ ਕੈਸਾ ਸੈ ?
ਮਾਸਟਰ : ਆਰੀਆ ਭੱਟ ਨੇ ਸਿਫ਼ਰ ਦੀ ਖੋਜ ਇਸ ਕੀ ਖਾਤਰ ਹੀ ਕਰੀ ਥੀ।