ਟਰੰਪ ਵੱਲੋਂ ਮੈਕਸਿਕੋ ਸਰਹੱਦ ’ਤੇ ਸਟੀਲ ਬੈਰੀਅਰ ਲਾਉਣ ਦੀ ਪੇਸ਼ਕਸ਼

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੰਨਿਆ ਹੈ ਕਿ ‘ਸ਼ੱਟਡਾਊਨ’ ਬਾਰੇ ਉਪ ਰਾਸ਼ਟਰਪਤੀ ਵੱਲੋਂ ਡੈਮੋਕਰੈਟਾਂ ਨਾਲ ਕੀਤੀ ਜਾ ਰਹੀ ਗੱਲਬਾਤ ਕਿਸੇ ਸਿਰੇ ਨਹੀਂ ਲੱਗ ਸਕੀ ਹੈ। ਉਨ੍ਹਾਂ ਕਿਹਾ ਕਿ ਡੈਮੋਕਰੈਟ ਟਰੰਪ ਤੇ ਰਿਪਬਲਿਕਨਾਂ ਉੱਤੇ ਦਬਾਅ ਵਧਾਉਣ ਦੇ ਰੌਂਅ ਵਿਚ ਹਨ। ਹਾਲਾਂਕਿ ਸਟਾਫ਼ ਮੀਟਿੰਗ ਲਈ ਕੈਂਪ ਡੇਵਿਡ ਰਵਾਨਾ ਹੋਣ ਤੋਂ ਪਹਿਲਾਂ ਟਰੰਪ ਨੇ ਅਮਰੀਕਾ-ਮੈਕਸਿਕੋ ਸਰਹੱਦ ’ਤੇ ਸੁਰੱਖਿਆ ਕੰਧ ਉਸਾਰਨ ਸਬੰਧੀ ਅਪਣਾਏ ਰਵੱਈਏ ’ਚ ਕਿਸੇ ਢਿੱਲ ਦਾ ਸੰਕੇਤ ਨਹੀਂ ਦਿੱਤਾ। ਟਰੰਪ ਨੇ ਹੁਣ ਕਿਹਾ ਹੈ ਕਿ ਸਰਹੱਦ ’ਤੇ ਕੰਕ੍ਰੀਟ ਕੰਧ ਦੀ ਜਗ੍ਹਾ ਸਟੀਲ ਬੈਰੀਅਰ ਵੀ ਲਾਇਆ ਜਾ ਸਕਦਾ ਹੈ। ਇਸ ਨੂੰ ਡੈਮੋਕਰੈਟ ਮੈਂਬਰਾਂ ਨੂੰ ਮਨਾਉਣ ਦੀ ਕਵਾਇਦ ਵੱਜੋਂ ਵੀ ਲਿਆ ਜਾ ਰਿਹਾ ਹੈ ਕਿਉਂਕਿ ਉਹ ਸਰਹੱਦੀ ਸੁਰੱਖਿਆ ’ਤੇ ਪੰਜ ਬਿਲੀਅਨ ਡਾਲਰ ਦੀ ਬਜਾਏ ਸਿਰਫ਼ 1.3 ਬਿਲੀਅਨ ਡਾਲਰ ਹੀ ਖਰਚਣ ਦੇ ਚਾਹਵਾਨ ਹਨ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਕੇਵਲ ਉਹ ਹੀ ਡੈਮੋਕਰੈਟਾਂ ਨਾਲ ਨਜਿੱਠ ਸਕਦੇ ਹਨ ਤੇ ਜੇ ਉਹ ਚਾਹੁਣ ਤਾਂ 20 ਮਿੰਟਾਂ ਵਿਚ ਸਮਝੌਤਾ ਹੋ ਸਕਦਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਜੇ ਡੈਮੋਕਰੈਟ ਮੌਜੂਦਾ ਰਵੱਈਆ ਕਾਇਮ ਰੱਖਦੇ ਹਨ ਤਾਂ ‘ਸ਼ੱਟਡਾਊਨ’ ਲੰਮਾਂ ਸਮਾਂ ਚੱਲ ਸਕਦਾ ਹੈ। ਅਮਰੀਕੀ ਸੰਸਦ ਦੀ ਸਪੀਕਰ ਨੈਨਸੀ ਪੈਲੋਸੀ ਨੇ ਕਿਹਾ ਹੈ ਕਿ ਉਹ ਨਿੱਜੀ ਬਿੱਲ ਪਾਸ ਕਰਨੇ ਸ਼ੁਰੂ ਕਰਨ ਦੀ ਚਾਹਵਾਨ ਹੈ ਤਾਂ ਕਿ ਘੱਟੋ-ਘੱਟ ਲੋਕਾਂ ਨੂੰ ਟੈਕਸ ਰਿਫੰਡ ਤਾਂ ਮਿਲ ਸਕੇ।

Previous article550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਬਦ ਗੁਰੂ ਯਾਤਰਾ ਸ਼ੁਰੂ
Next articleਪੰਚਾਇਤ ਚੋਣ ਵਿੱਚ ਜਿੱਤ ਲਈ ਕੀਤਾ ਸੀ ਜੀਜੇ ਦਾ ਕਤਲ