ਨਗਰ ਨਿਗਮ ਦੀ ਅੱਜ ਹੋਈ ਮੀਟਿੰਗ ਹੰਗਾਮਿਆਂ ਭਰਪੂਰ ਰਹੀ।ਮੇਅਰ ਕਰਮਜੀਤ ਸਿੰਘ ਰਿੰਟੂ ਦੀ ਪ੍ਰਧਾਨਗੀ ’ਚ ਹੋਈ ਇਸ ਮੀਟਿੰਗ ਵਿੱਚ 108 ਵਿਚੋਂ 94 ਦੇ ਕਰੀਬ ਮਤਿਆਂ ’ਤੇ ਮੋਹਰ ਲੱਗ ਗਈ।ਸ਼ਹਿਰ ਵਿੱਚ ਹੋਈਆਂ ਗੈਰਕਾਨੂੰਨੀ ਉਸਾਰੀਆਂ ਰੋਕਣ ਲਈ ਐਮ.ਟੀ.ਪੀ ਵਿਭਾਗ ਦੇ ਅਸਫਲ ਰਹਿਣ ਅਤੇ ਹਾਊਸ ਦੀ ਮੰਗ ’ਤੇ ਕਮਿਸ਼ਨਰ ਸੋਨਾਲੀ ਗਿਰੀ ਨੇ ਐਮ.ਟੀ.ਪੀ ਤੇ ਚਾਰ ਏ.ਟੀ.ਪੀ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ। ਇਸ ਤੋਂ ਇਲਾਵਾ ਐਮ.ਟੀ.ਪੀ ਵਿਭਾਗ ਦੇ ਸਾਰੇ ਅਫਸਰਾਂ ਨੂੰ ਮੁਅੱਤਲ ਕਰ ਕੇ ਉਨਾਂ ਨੂੰ ਚਾਰਜਸ਼ੀਟ ਕਰਨ ਲਈ ਸਰਕਾਰ ਨੂੰ ਲਿਖਿਆ ਗਿਆ। ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ ਨੇ ਇਮਾਰਤ ਉਸਾਰੀ ’ਚ ਸਾਫ਼ ਪਾਣੀ ਦਾ ਪ੍ਰਯੋਗ ਰੋਕਣ, ਚਾਰ ਦੀਵਾਰੀ ਅੰਦਰਲੇ ਸ਼ਹਿਰ ’ਚ ਬੰਦ ਨਕਸ਼ੇ ਸ਼ੁਰੂ ਕਰਨ, ਸਮਾਰਟ ਸਿਟੀ ਪ੍ਰੋਜੈਕਟ ਲਈ ਨਿਗਮ ਦਾ ਨੋਡਲ ਅਧਿਕਾਰੀ ਨਿਯੁੱਕਤ ਕਰਨ, ਐਲ.ਈ.ਡੀ ਲਾਇਟਾਂ ਦੇ ਨਾਲ ਖੰਬੇ ਅਤੇ ਤਾਰ ਬਦਲਣ, 25 ਲੱਖ ਫੋਰੈਂਸਿਕ ਆਡਿਟ `ਤੇ ਖਰਚ ਕਰਨ ਦੇ ਮਤੇ ਅੱਗੇ ਪਾਉਣ ਲਈ, ਮੋਤੀ ਲਾਲ ਨਹਿਰੂ ਲਾਇਬਰੇਰੀ ਨੂੰ ਤਬਦੀਲ ਕਰਨ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨਾਲ ਗੱਲ ਕਰਨ ਦੀ ਅਪੀਲ ਕੀਤੀ ਤਾਂ ਜੋ ਬੇਸ਼ਕੀਮਤੀ ਲਾਇਬਰੇਰੀ ਖ਼ਰਾਬ ਨਾ ਹੋਵੇ।ਸੀਨੀਅਰ ਡਿਪਟੀ ਮੈਅਰ ਨੇ ਮਹਿੰਗਾਈ ਦਾ ਹਵਾਲਾ ਦਿੰਦਿਆਂ ਕੌਂਸਲਰਾਂ ਦੀ ਤਨਖਾਹ ਦੁਗਣੀ ਕਰਨ ਦੀ ਵੀ ਮੰਗ ਕੀਤੀ । ਇਤਿਹਾਸਕ ਰਾਮ ਬਾਗ (ਕੰਪਨੀ ਬਾਗੀ ਦੀ ਤਕਰੀਬਨ ਕਰੀਬ 20 ਹਜ਼ਾਰ ਗਜ ਜਗ੍ਹਾ ਨਿਗਮ ਦੀ ਇਜਾਜ਼ਤ ਬਿਨਾਂ ਪਿੱਛਲੀ ਸਰਕਾਰ ਦੇ ਸਥਾਨਕ ਸਰਕਾਰਾਂ ਮੰਤਰੀ ਨੇ ਕਿਸੇ ਰਸੂਖਦਾਰ ਵਿਅਕਤੀ ਨੂੰ ਦਿੱਤੀ ਸੀ, ਉਸ ਦਾ ਨਿਗਮ ਪ੍ਰਸ਼ਾਸਨ ਨੂੰ ਕਬਜ਼ਾ ਲੈਣ ਦੀ ਮੰਗ ਰੱਖੀ ਤਾਂ ਮੇਅਰ ਨੇ ਕਮਿਸ਼ਨਰ ਨੂੰ ਹਦਾਇਤ ਦੀ ਕਿ ਉਹ ਜਾਂਚ ਕਰਕੇ ਕਾਨੂੰਨੀ ਕਾਰਵਾਈ ਕਰੇ।ਪੰਜਾਬ ਰੋਡਵੇਜ਼ ਨੂੰ 60 ਸਿਟੀ ਬੱਸਾਂ ਨੂੰ ਸੌਂਪਣ ਦੇ ਫੈਸਲੇ `ਤੇ ਉਨ੍ਹਾਂ ਨੇ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਭਵਿੱਖ ’ਚ ਨਿਗਮ ਸਿਰ ਕੋਈ ਦੇਣਦਾਰੀ ਨਾ ਰਹੇ, ਕਿਤੇ ਅਜਿਹਾ ਨਾ ਹੋਵੇ ਕਿ ਕਿਸ਼ਤਾਂ ਫਿਰ ਨਗਰ ਨਿਗਮ ਨੂੰ ਹੀ ਭਰਨੀਆਂ ਪੈਣ । ਡਿਪਟੀ ਮੇਅਰ ਯੂਨੁਸ ਕੁਮਾਰ ਨੇ ਕਮਿਸ਼ਨਰ ਵਲੋਂ ਫੋਨ ਨਾ ਚੁੱਕਣ ਅਤੇ ਮੇਅਰ ’ਤੇ ਪੰਜਾਬੀ ਵਿੱਚ ਗੱਲ ਨਾ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ 9 ਮਹੀਨਿਆਂ `ਚ ਸਿਰਫ ਕੁੱਤਿਆਂ ਦੀ ਨਸਬੰਦੀ ਦਾ ਟੈਂਡਰ ਲੱਗਾ ਹੈ, 11 ਪਾਰਕਿਗਾਂ ਦੇ ਟੈਂਡਰ ਨਹੀਂ ਲੱਗੇ ਤੇ ਮੁਲਜ਼ਾਮਾਂ ਦੀਆਂ ਤਰੱਕੀਆਂ ਵੀ ਰੁਕੀਆਂ ਹਨ। ਕੌਂਸਲਰ ਵਿਕਾਸ ਸੋਨੀ ਨੇ ਕਿਹਾ ਕਿ ਸ਼ਹਿਰ ਦੀ ਅੰਦਰੂਨੀ ਰੇਹੜੀ ਮਾਰਕਿਟ ਦਾ ਕਿਰਾਇਆ ਬਾਹਰਲੇ ਇਲਾਕਿਆਂ ਨਾਲੋਂ ਘੱਟ ਰੱਖਿਆ ਜਾਵੇ।ਵਿਰੋਧੀ ਧਿਰ ਦੇ ਕੌਂਸਲਰ ਸਿੱਕਾ ਨੇ ਮਾਲ ਰੋਡ `ਤੇ ਕਮਿਸ਼ਨਰ ਦੀ ਕੋਠੀ ਦੇ ਮੂਹਰੇ ਪਿਆ ਵੱਡਾ ਪਾੜ ਨਾ ਭਰੇ ਜਾਣ `ਤੇ ਇਤਰਾਜ਼ ਜਤਾਇਆ। ਭਾਜਪਾ ਕੌਂਸਲਰਾਂ ਨੇ ਹੱਥਾਂ `ਚ ਗ਼ੈਰਕਾਨੂੰਨੀ ਉਸਾਰੀਆਂ ਦੀਆਂ ਤਸਵੀਰਾਂ ਦਿਖਾਈਆਂ ਤੇ ਕਾਂਗਰਸੀ ਕੌਂਸਲਰ ਤਾਹਿਰ ਸ਼ਾਹ ਵਲੋਂ ਕੌਂਸਲਰਾਂ ਨੂੰ ਦਿੱਤੀਆਂ ਐਲ.ਈ.ਡੀ ਲਾਈਟਾਂ ਸੜਣ ਦੀ ਗੱਲ ਕਹਿਣ ’ਤੇ ਮੇਜ਼ ਥਪ ਥਪਾਏ।
INDIA ਨਗਰ ਨਿਗਮ ਦੀ ਮੀਟਿੰਗ ਦੌਰਾਨ ਹੰਗਾਮਾ; ਐਮ.ਟੀ.ਪੀ ਵਿਭਾਗ ਰਿਹਾ ਨਿਸ਼ਾਨੇ ’ਤੇ