ਧੂਰੀ (ਸਮਾਜ ਵੀਕਲੀ): ਬੀਤੇ ਦਿਨੀਂ ਪਿ੍ੰਸੀਪਲ ਕਿਰਪਾਲ ਸਿੰਘ ਜਵੰਧਾ ਅਤੇ ਕਰਮ ਸਿੰਘ ਜ਼ਖ਼ਮੀ ਦੇ ਪ੍ਰਧਾਨਗੀ ਮੰਡਲ ਅਧੀਨ ਪੰਜਾਬੀ ਸਾਹਿਤ ਸਭਾ ਧੂਰੀ ਦੀ ਮਾਸਿਕ ਇਕੱਤਰਤਾ ਹੋਈ ਜਿਸ ਵਿੱਚ ਉੱਘੇ ਲੇਖਕ ਅਤੇ ਆਲੋਚਕ ਡਾ. ਧਰਮ ਚੰਦ ਵਾਤਿਸ਼ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਧਾਨ ਮੂਲ ਚੰਦ ਸ਼ਰਮਾ ਵੱਲੋਂ ਸੁਆਗਤੀ ਸ਼ਬਦਾਂ ਤੋਂ ਇਲਾਵਾ ਸਦੀਵੀ ਵਿਛੋੜਾ ਦੇ ਗਏ ਲੇਖਕਾਂ ਕਲਾਕਾਰਾਂ ਅਤੇ ਦੇਵੀ ਸਰੂਪ ਮੀਮਸਾ ਦੇ ਮਾਤਾ ਜੀ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।
ਇਸ ਤੋਂ ਉਪਰੰਤ ਇਹ ਮੀਟਿੰਗ ਉਸ ਵੇਲ਼ੇ ਸਾਹਿਤਕ ਸਮਾਗਮ ਦਾ ਰੂਪ ਧਾਰਨ ਕਰ ਗਈ ਜਦੋਂ ਪੋ੍. ਵਾਤਿਸ਼ ਨੇ “ਅਸਤਿਤਵਵਾਦ ਦੀ ਸਮਝ” ਵਿਸ਼ੇ ‘ਤੇ ਲਿਖਿਆ ਅਤੇ ਫਿਲਮਾਂਕਣ ਕੀਤਾ ਪਰਚਾ ਆਪਣੇ ਦੋ ਸਹਿਯੋਗੀਆਂ ਦਿਲ ਪੀ੍ਤ ਰੇਹਾਨ ਤੇ ਜਸਪਿੰਦਰ ਜੀਤ ਸਿੰਘ ਦੀ ਸਹਾਇਤਾ ਨਾਲ਼ ਹਾਜ਼ਰੀਨ ਅੱਗੇ ਪੇਸ਼ ਕੀਤਾ । ਉਨ੍ਹਾਂ ਨੇ ਆਪਣੇ ਨਿੱਜੀ ਜੀਵਨ , ਸਾਹਿਤਕ ਸਫ਼ਰ ਅਤੇ ਆਲੋਚਨਾ ਸੰਸਾਰ ਦਾ ਸੰਖੇਪ ਜ਼ਿਕਰ ਕੀਤਾ।
ਅਗਲੇ ਪੜਾਅ ਵਿੱਚ ਉਹਨਾਂ ਨੇ ਅਸਤਿਤਵਵਾਦੀ ਆਲੋਚਨਾ ਦੀ ਪੀ੍ਭਾਸ਼ਾ, ਹੋਂਦ, ਮਹੱਤਤਾ ਅਤੇ ਭਵਿੱਖ ਬਾਰੇ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ ਅਤੇ ਉਸ ਦੇ ਸੰਦਰਭ ਵਿੱਚ ਹੀ ਹੀਰ ਵਾਰਿਸ ਦੇ ਕਿੱਸੇ ਵਿੱਚ ਆਏ ਵੱਖੋ ਵੱਖ ਪਾਤਰਾਂ ਦਾ ਅਸਤਿਤਵ ਅਮਲੀ ਰੂਪ ਵਿੱਚ ਬਣਦਾ ਅਤੇ ਟੁਟਦਾ ਵਿਖਾਉਂਣ ਦੀ ਕੋਸ਼ਿਸ਼ ਵੀ ਕੀਤੀ।
ਇਸ ਦੌਰਾਨ ਹਾਜ਼ਰ ਮੈਂਬਰਾਂ ਵਿੱਚੋਂ ਸੰਜੇ ਲਹਿਰੀ, ਸੁਖਵਿੰਦਰ ਲੋਟੇ , ਚਰਨਜੀਤ ਮੀਮਸਾ, ਸੁਖਦੇਵ ਸ਼ਰਮਾ, ਗੁਰਮੀਤ ਸੋਹੀ, ਕਰਮਜੀਤ ਹਰਿਆਊ, ਸੁਖਵਿੰਦਰ ਹਥੋਆ , ਰਜਿੰਦਰ ਸਿੰਘ ਰਾਜਨ, ਜਗਦੇਵ ਸ਼ਰਮਾ ਬੁਗਰਾ, ਸੁਖਦੇਵ ਪੇਂਟਰ, ਅਸ਼ੋਕ ਭੰਡਾਰੀ, ਮਹਿੰਦਰਜੀਤ ਸਿੰਘ, ਲੀਲੇ ਖਾਨ, ਕੁਲਜੀਤ ਧਵਨ ਅਤੇ ਗੁਰਦਿਆਲ ਨਿਰਮਾਣ ਨੇ ਵੀ ਸ਼ਮੂਲੀਅਤ ਕੀਤੀ। ਅੰਤ ਵਿੱਚ ਸਭਾ ਦੇ ਸਰਪ੍ਰਸਤ ਪਿ੍ੰ. ਕਿਰਪਾਲ ਸਿੰਘ ਜਵੰਧਾ ਨੇ ਮਹਿਮਾਨਾਂ ਅਤੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦਾ ਇਹ ਉੱਦਮ ਅਸਲੋਂ ਨਵਾਂ ਅਤੇ ਪ੍ਰਭਾਵਸ਼ਾਲੀ ਸਾਬਤ ਹੋਇਆ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly