ਦਰਬਾਰ ਸਾਹਿਬ ਕੰਪਲੈਕਸ ਵਿੱਚ ਹਾਦਸਾ, ਤਿੰਨ ਜ਼ਖ਼ਮੀ

ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਤੇਜਾ ਸਿੰਘ ਸਮੁੰਦਰੀ ਹਾਲ ਨੇੜੇ ਕਾਰ ਨਾਲ ਟਕਰਾਉਣ ਕਾਰਨ ਦੋ ਬਜ਼ੁਰਗ ਅਤੇ ਇਕ ਬੱਚਾ ਜ਼ਖਮੀ ਹੋ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਐਂਬੂਲੈਂਸ ਰਾਹੀਂ ਜ਼ਖ਼ਮੀਆਂ ਨੂੰ ਗੁਰਦੁਆਰਾ ਸ਼ਹੀਦਾਂ ਨੇੜੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਪਹੁੰਚਾਇਆ। ਜ਼ਖ਼ਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਇਸ ਬਾਰੇ ਕੋਈ ਵੇਰਵੇ ਨਹੀਂ ਦਿੱਤੇ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਖ਼ਮੀਆਂ ਦੀ ਸ਼ਨਾਖ਼ਤ ਸਿਮਰਤਵੀਰ ਸਿੰਘ (7) ਪੁੱਤਰ ਅਮਨਿੰਦਰ ਸਿੰਘ ਵਾਸੀ ਅਹਿਮਦਗੜ੍ਹ ਮੰਡੀ ਲੁਧਿਆਣਾ, ਬੀਬੀ ਮੁਕਤਾ (60) ਵਾਸੀ ਬੂਟਾ ਮੰਡੀ ਬੈਂਕ ਕਲੋਨੀ ਜਲੰਧਰ ਅਤੇ ਸ਼ਿੰਦਰ ਸਿੰਘ (52) ਸ਼ਾਮਲ ਹਨ। ਬੀਬੀ ਮੁਕਤਾ ਦੇ ਦੋਹਤੇ ਰਾਹੁਲ ਨੇ ਦੱਸਿਆ ਕਿ ਉਹ ਦਰਬਾਰ ਸਾਹਿਬ ਮੱਥਾ ਟੇਕਣ ਆਏ ਸਨ। ਅੱਜ ਸਵੇਰੇ ਜਦੋਂ ਉਹ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਨੇੜੇ ਸਥਿਤ ਜੋੜਾ ਘਰ ਕੋਲ ਖੜ੍ਹੇ ਸਨ ਤਾਂ ਇਕ ਕਾਰ ਨੇ ਟੱਕਰ ਮਾਰ ਦਿੱਤੀ। ਦੂਜੇ ਪਾਸੇ ਗੁਰਦਾਸਪੁਰ ਦੀ ਰਹਿਣ ਵਾਲੀ ਸੁਖਰਾਜ ਕੌਰ ਨੇ ਕਿਹਾ ਕਿ ਇਹ ਹਾਦਸਾ ਅਚਾਨਕ ਹੋਇਆ ਹੈ ਤੇ ਉਸ ਦੇ ਪਤੀ ਵਰਿਆਮ ਸਿੰਘ ਦੀ ਕੋਈ ਗਲਤੀ ਨਹੀਂ।

Previous articleਕੇਂਦਰ ਵੱਲੋਂ ਨਦੀ ਜਲ ਵਿਵਾਦ ਸੋਧ ਬਿੱਲ ਲਿਆਉਣ ਦੀ ਤਿਆਰੀ
Next articleਪੰਚਾਇਤੀ ਚੋਣਾਂ: ਪਿੰਡਾਂ ਵਿਚ ਭਾਈਚਾਰਕ ਸਾਂਝ ਦੀ ਮਿਸਾਲ ਪੇਸ਼