ਕਸ਼ਮੀਰ ਵਾਦੀ ’ਚ ਬੰਦ ਕਾਰਨ ਜਨਜੀਵਨ ਠੱਪ

ਗਿਲਾਨੀ ਅਤੇ ਮੀਰਵਾਇਜ਼ ਘਰ ’ਚ ਨਜ਼ਰਬੰਦ; ਯਾਸੀਨ ਮਲਿਕ ਰੂਪੋਸ਼
ਪੁਲਵਾਮਾ ਜ਼ਿਲ੍ਹੇ ’ਚ ਸ਼ਨਿਚਰਵਾਰ ਨੂੰ ਮੁਕਾਬਲੇ ਤੋਂ ਬਾਅਦ ਪ੍ਰਦਰਸ਼ਨਕਾਰੀਆਂ ’ਤੇ ਸੁਰੱਖਿਆ ਬਲਾਂ ਵੱਲੋਂ ਚਲਾਈ ਗਈ ਗੋਲੀ ਦੌਰਾਨ ਸੱਤ ਵਿਅਕਤੀਆਂ ਦੀ ਮੌਤ ਦੇ ਰੋਸ ਵਜੋਂ ਬੰਦ ਦੇ ਦਿੱਤੇ ਗਏ ਸੱਦੇ ਕਾਰਨ ਕਸ਼ਮੀਰ ਵਾਦੀ ’ਚ ਜਨਜੀਵਨ ਠੱਪ ਹੋ ਕੇ ਰਹਿ ਗਿਆ। ਵੱਖਵਾਦੀਆਂ ਦੀ ਜਥੇਬੰਦੀ ਜਾਇੰਟ ਰਜ਼ਿਸਟੈਂਸ ਲੀਡਰਸ਼ਿਪ ਨੇ ਤਿੰਨ ਦਿਨ ਦੇ ਬੰਦ ਦਾ ਸੱਦਾ ਦਿੱਤਾ ਹੋਇਆ ਹੈ। ਵਾਦੀ ’ਚ ਐਤਵਾਰ ਨੂੰ ਸੜਕਾਂ ’ਤੇ ਸਰਕਾਰੀ ਵਾਹਨ ਨਹੀਂ ਚੱਲੇ ਅਤੇ ਅਮਨ ਕਾਨੂੰਨ ਦੀ ਬਹਾਲੀ ਲਈ ਵੱਡੀ ਗਿਣਤੀ ’ਚ ਸੁਰੱਖਿਆ ਬਲਾਂ ਦੀ ਤਾਇਨਾਤੀ ਕੀਤੀ ਗਈ ਹੈ। ਦੱਖਣੀ ਕਸ਼ਮੀਰ ਦੇ ਅਨੰਤਨਾਗ, ਪੁਲਵਾਮਾ, ਕੁਲਗਾਮ ਅਤੇ ਸ਼ੋਪੀਆਂ ਜ਼ਿਲ੍ਹਿਆਂ ’ਚ ਦੂਜੇ ਦਿਨ ਵੀ ਤਣਾਅ ਦਾ ਮਾਹੌਲ ਬਣਿਆ ਰਿਹਾ। ਇਨ੍ਹਾਂ ਜ਼ਿਲ੍ਹਿਆਂ ’ਚ ਹੜਤਾਲ ਦੇ ਸੱਦੇ ਦਾ ਸਭ ਤੋਂ ਵੱਧ ਅਸਰ ਦੇਖਣ ਨੂੰ ਮਿਲਿਆ। ਸੀਨੀਅਰ ਵੱਖਵਾਦੀ ਆਗੂਆਂ ਸੱਯਦ ਅਲੀ ਗਿਲਾਨੀ ਅਤੇ ਮੀਰਵਾਇਜ਼ ਉਮਰ ਫਾਰੂਕ ਨੂੰ ਘਰ ’ਚ ਨਜ਼ਰਬੰਦ ਕਰ ਦਿੱਤਾ ਗਿਆ ਹੈ ਜਦਕਿ ਮੁਹੰਮਦ ਯਾਸੀਨ ਮਲਿਕ ਹਿਰਾਸਤ ਤੋਂ ਬਚਣ ਲਈ ਰੂਪੋਸ਼ ਹੋ ਗਿਆ ਹੈ। ਉਧਰ ਲਾਂਗੇਟ ਤੋਂ ਸਾਬਕਾ ਵਿਧਾਇਕ ਸ਼ੇਖ ਅਬਦੁੱਲ ਰਾਸ਼ਿਦ ਅਤੇ ਉਨ੍ਹਾਂ ਦੀ ਪਾਰਟੀ ਅਵਾਮੀ ਇਤੇਹਾਦ ਪਾਰਟੀ ਦੇ ਵਰਕਰਾਂ ਨੂੰ ਅੱਜ ਉਸ ਸਮੇਂ ਹਿਰਾਸਤ ’ਚ ਲੈ ਲਿਆ ਗਿਆ ਜਦੋਂ ਉਹ ਸੋਨਵਾਰ ’ਚ ਭਾਰਤ ਤੇ ਪਾਕਿਸਤਾਨ ਦੇ ਸੰਯੁਕਤ ਰਾਸ਼ਟਰ ਮਿਲਟਰੀ ਅਬਜ਼ਰਵਰ ਗਰੁੱਪ ਦੇ ਦਫ਼ਤਰ ਵੱਲ ਮਾਰਚ ਕੱਢ ਰਹੇ ਸਨ। ਪੁਲੀਸ ਟੀਮ ਨੇ ਉਨ੍ਹਾਂ ਨੂੰ ਜ਼ੀਰੋ ਬ੍ਰਿਜ ਕੋਲ ਰੋਕ ਲਿਆ ਅਤੇ ਹਿਰਾਸਤ ’ਚ ਲੈ ਕੇ ਰਾਗਬਾਗ ਪੁਲੀਸ ਸਟੇਸ਼ਨ ’ਚ ਡੱਕਿਆ ਗਿਆ ਹੈ। ਇਸ ਤੋਂ ਪਹਿਲਾਂ ਰਾਸ਼ਿਦ ਨੇ ਕਿਹਾ ਕਿ ਆਲਮੀ ਭਾਈਚਾਰੇ ਨੂੰ ਕਸ਼ਮੀਰ ’ਚ ਹੋ ਰਹੇ ‘ਕਤਲੇਆਮ’ ਦਾ ਨੋਟਿਸ ਲੈਣਾ ਚਾਹੀਦਾ ਹੈ।

Previous articleਭੁਪੇਸ਼ ਬਘੇਲ ਛੱਤੀਸਗੜ੍ਹ ਦੇ ਨਵੇਂ ਮੁੱਖ ਮੰਤਰੀ ਹੋਣਗੇ
Next articleਕੇਂਦਰ ਵੱਲੋਂ ਨਦੀ ਜਲ ਵਿਵਾਦ ਸੋਧ ਬਿੱਲ ਲਿਆਉਣ ਦੀ ਤਿਆਰੀ