ਲੁਧਿਆਣਾ ਜ਼ਿਲ੍ਹੇ ਦੇ 941 ਪਿੰਡਾਂ ਵਿੱਚ ਸਰਪੰਚਾਂ ਅਤੇ ਪੰਚਾਂ ਦੀ ਚੋਣ ਲਈ 30 ਦਸੰਬਰ ਨੂੰ ਹੋਣ ਜਾ ਰਹੀਆਂ ਚੋਣਾਂ ਲਈ ਅੱਜ ਨਾਮਜ਼ਦਗੀਆਂ ਭਰਨ ਦੇ ਪਹਿਲੇ ਦਿਨ ਸਰਪੰਚ ਅਤੇ ਪੰਚੀ ਲਈ ਇੱਕ-ਇੱਕ ਨਾਮਜ਼ਦਗੀ ਦਰਜ ਹੋਈ। ਇਹ ਨਾਮਜ਼ਦਗੀਆਂ 19 ਦਸੰਬਰ ਤੱਕ ਜਾਰੀ ਰਹਿਣਗੀਆਂ। ਨਾਮਜ਼ਦਗੀਆਂ ਭਰਨ ਦਾ ਸਮਾਂ ਸਵੇਰੇ 11 ਵਜੇ ਤੋਂ ਲੈ ਕੇ ਬਾਅਦ ਦੁਪਹਿਰ 3 ਵਜੇ ਤੱਕ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਪ੍ਰਦੀਪ ਕੁਮਾਰ ਅਗਰਵਾਲ ਨੇ ਦਿੱਤੀ। ਸ੍ਰੀ ਅਗਰਵਾਲ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਬਲਾਕ ਲੁਧਿਆਣਾ-2 ਵਿੱਚ ਸਰਪੰਚੀ ਲਈ ਅਤੇ ਬਲਾਕ ਸਮਰਾਲਾ ਵਿੱਚ ਪੰਚੀ ਲਈ ਇੱਕ-ਇੱਕ ਨਾਮਜ਼ਦਗੀ ਭਰੀ ਗਈ। ਨਾਮਜ਼ਦਗੀਆਂ ਦੀ ਪੜਤਾਲ 20 ਦਸੰਬਰ ਨੂੰ ਕੀਤੀ ਜਾਵੇਗੀ। ਨਾਮਜ਼ਦਗੀਆਂ 21 ਦਸੰਬਰ ਨੂੰ ਬਾਅਦ ਦੁਪਹਿਰ 3 ਵਜੇ ਤੱਕ ਵਾਪਸ ਲਈਆਂ ਜਾ ਸਕਣਗੀਆਂ, ਉਪਰੰਤ ਉਸੇ ਦਿਨ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਜਾਣਗੇ। ਵੋਟਾਂ ਮਿਤੀ 30 ਦਸੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪਾਈਆਂ ਜਾਣਗੀਆਂ। ਵੋਟਾਂ ਦੀ ਗਿਣਤੀ ਉਪਰੰਤ ਨਤੀਜੇ ਵੀ ਉਸੇ ਦਿਨ ਸ਼ਾਮ ਨੂੰ ਐਲਾਨ ਦਿੱਤੇ ਜਾਣਗੇ। ਜ਼ਿਲ੍ਹਾ ਲੁਧਿਆਣਾ ਦੇ ਕੁੱਲ 941 ਸਰਪੰਚਾਂ ਅਤੇ 6391 ਪੰਚਾਂ ਦੀ ਚੋਣ ਲਈ ਵੋਟਾਂ ਦੀ ਸਮੁੱਚੀ ਪ੍ਰਕਿਰਿਆ ਨੂੰ ਅਮਨ-ਅਮਾਨ ਅਤੇ ਪਾਰਦਰਸ਼ਤਾ ਨਾਲ ਨੇਪਰੇ ਚਾੜਿਆ ਜਾਵੇਗਾ। ਡੀਸੀ ਸ੍ਰੀ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਪੰਚਾਇਤ ਚੋਣਾਂ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਲਈ ਬਕਾਇਦਾ ਸਥਾਨ/ਦਫ਼ਤਰ ਨਿਰਧਾਰਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਬਲਾਕ ਡੇਹਲੋਂ ਅਧੀਨ ਆਉਂਦੇ ਪਿੰਡ ਦੀਆਂ ਨਾਮਜ਼ਦਗੀਆਂ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਡੇਹਲੋਂ ਅਤੇ ਵੈਟਰਨਰੀ ਦਫ਼ਤਰ ਡੇਹਲੋਂ ਵਿਚ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ। ਇਸੇ ਤਰ੍ਹਾਂ ਬਲਾਕ ਦੋਰਾਹਾ ਦੀਆਂ ਨਾਮਜ਼ਦਗੀਆਂ ਨਗਰ ਕੌਂਸਲ ਦਫ਼ਤਰ ਦੋਰਾਹਾ ਅਤੇ ਸਕੱਤਰ ਮਾਰਕੀਟ ਕਮੇਟੀ ਦੋਰਾਹਾ ਵਿਚ ਜਮ੍ਹਾਂ ਹੋਣਗੀਆਂ। ਬਲਾਕ ਜਗਰਾਉਂ ਲਈ ਖੇਤੀਬਾੜੀ ਦਫ਼ਤਰ, ਮਾਰਕੀਟ ਕਮੇਟੀ ਦਫ਼ਤਰ, ਨਗਰ ਕੌਂਸਲ ਦਫ਼ਤਰ ਅਤੇ ਖੁਰਾਕ ਸਪਲਾਈ ਦਫ਼ਤਰ ਜਗਰਾਉਂ ਵਿਚ ਨਾਮਜ਼ਦਗੀਆਂ ਦਿੱਤੀਆਂ ਜਾ ਸਕਦੀਆਂ ਹਨ। ਬਲਾਕ ਖੰਨਾ ਲਈ ਮਾਰਕੀਟ ਕਮੇਟੀ ਦਫ਼ਤਰ ਵਿਖੇ, ਬਲਾਕ ਲੁਧਿਆਣਾ-1 ਲਈ ਸਤਿਗੁਰ ਰਾਮ ਸਿੰਘ ਸਰਕਾਰੀ ਪੌਲੀਟੈਕਨਿਕ ਕਾਲਜ (ਲੜਕੀਆਂ) ਰਿਸ਼ੀ ਨਗਰ ਲੁਧਿਆਣਾ ਵਿਜ, ਬਲਾਕ ਲੁਧਿਆਣਾ-2 ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਵਾਹਰ ਨਗਰ ਕੈਂਪ ਸਾਹਮਣੇ ਬੱਸ ਅੱਡਾ ਲੁਧਿਆਣਾ ਵਿਚ, ਬਲਾਕ ਪੱਖੋਵਾਲ ਲਈ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਪੱਖੋਵਾਲ ਵਿਚ, ਬਲਾਕ ਰਾਏਕੋਟ ਲਈ ਮਾਰਕੀਟ ਕਮੇਟੀ ਦਫ਼ਤਰ ਰਾਏਕੋਟ ਵਿਚ ਨਾਮਜ਼ਦਗੀਆਂ ਭਰੀਆਂ ਜਾ ਸਕਣਗੀਆਂ। ਇਸੇ ਤਰ੍ਹਾਂ ਬਲਾਕ ਮਾਛੀਵਾੜਾ ਲਈ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ, ਮਾਰਕੀਟ ਕਮੇਟੀ ਦਫ਼ਤਰ ਅਤੇ ਨਗਰ ਕੌਂਸਲ ਦਫ਼ਤਰ ਸ੍ਰੀ ਮਾਛੀਵਾੜਾ ਸਾਹਿਬ ਵਿਖੇ ਨਾਮਜ਼ਦਗੀਆਂ ਦਿੱਤੀਆਂ ਜਾ ਸਕਦੀਆਂ ਹਨ। ਬਲਾਕ ਮਲੌਦ ਲਈ ਨਗਰ ਪੰਚਾਇਤ ਦਫ਼ਤਰ ਅਤੇ ਮਾਰਕੀਟ ਕਮੇਟੀ ਦਫ਼ਤਰ ਮਲੌਦ ਵਿਚ ਨਾਮਜ਼ਦਗੀਆਂ ਲਈਆਂ ਜਾਣਗੀਆਂ। ਬਲਾਕ ਸਮਰਾਲਾ ਲਈ ਪੀ. ਡਬਲਿਊ. ਡੀ ਦਫ਼ਤਰ, ਨਗਰ ਕੌਂਸਲ ਦਫ਼ਤਰ ਅਤੇ ਮਾਰਕੀਟ ਕਮੇਟੀ ਦਫ਼ਤਰ ਸਮਰਾਲਾ ਵਿਚ ਨਾਮਜ਼ਦਗੀਆਂ ਭਰੀਆਂ ਜਾ ਸਕਣਗੀਆਂ। ਬਲਾਕ ਸਿੱਧਵਾਂ ਬੇਟ ਲਈ ਬਾਲ ਵਿਕਾਸ ਅਤੇ ਸੁਰੱਖਿਆ ਅਫ਼ਸਰ ਦਫ਼ਤਰ ਅਤੇ ਬੀ. ਪੀ. ਈ. ਓ. ਦਫ਼ਤਰ ਸਿੱਧਵਾਂ ਬੇਟ ਨਿਰਧਾਰਤ ਕੀਤੇ ਗਏ ਹਨ। ਇਸੇ ਤਰ੍ਹਾਂ ਬਲਾਕ ਸੁਧਾਰ ਲਈ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀਜ਼ ਕਾਲਜ ਰੋਡ ਦਾਖਾ ਵਿਚ ਨਾਮਜ਼ਦਗੀਆਂ ਦਿੱਤੀਆਂ ਜਾ ਸਕਦੀਆਂ ਹਨ। ਇਸ ਤੋਂ ਪਹਿਲਾਂ ਜ਼ਿਲ੍ਹਾ ਚੋਣ ਅਫ਼ਸਰ ਪ੍ਰਦੀਪ ਕੁਮਾਰ ਅਗਰਵਾਲ ਨੇ ਚੋਣ ਪ੍ਰਕਿਰਿਆ ਨਾਲ ਜੁੜੇ ਸਮੂਹ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ।
INDIA ਪੰਚਾਇਤ ਚੋਣਾਂ: ਪਹਿਲੇ ਦਿਨ ਸਰਪੰਚੀ ਅਤੇ ਪੰਚੀ ਲਈ ਇੱਕ-ਇੱਕ ਨਾਮਜ਼ਦਗੀ ਦਾਖ਼ਲ