ਪੰਜਾਬ ਯੂਨੀਵਰਸਿਟੀ ਦੇ ਗਰਲਜ਼ ਹੋਸਟਲਾਂ ਵਿਚ ਰਹਿਣ ਵਾਲੀਆਂ ਵਿਦਿਆਰਥਣਾਂ ਨੂੰ ਹੁਣ ਦੇਰ ਨਾਲ ਆਉਣ ਜਾਂ ਹਾਜ਼ਰੀ ਨਾ ਲਗਾਉਣ ’ਤੇ ਜੁਰਮਾਨਾ ਨਹੀਂ ਲੱਗੇਗਾ। ਇੰਨਾ ਹੀ ਨਹੀਂ ਉਹ ਦੇਰ ਰਾਤ 11 ਵਜੇ ਵੀ ਹੋਸਟਲ ਵਿਚੋਂ ਲੈਬ ਅਤੇ ਲਾਇਬ੍ਰੇਰੀ ਜਾ ਸਕਣਗੀਆਂ ਅਤੇ ਇਸ ਉਦੇਸ਼ ਹਿਤ ਉਨ੍ਹਾਂ ਨੂੰ ਮੋਬਿਲਟੀ ਰਜਿਸਟਰ ਵਿਚ ਐਂਟਰੀ ਕਰਨੀ ਪਵੇਗੀ। ਇਹ ਫ਼ੈਸਲਾ ਅੱਜ ਪੰਜਾਬ ਯੂਨੀਵਰਸਿਟੀ ਦੇ ਸੈਨੇਟਰਾਂ ਦੀ ਮੀਟਿੰਗ ਦੌਰਾਨ ਲਿਆ ਗਿਆ ਅਤੇ ਵਿਦਿਆਰਥਣਾਂ ’ਤੇ ਲਗਾਏ ਜਾਣ ਵਾਲੇ ਜੁਰਮਾਨੇ ਨੂੰ ਖਤਮ ਕਰਨ ਅਤੇ ਮਲਟੀਪਲ ਰਜਿਸਟਰ ਦੀ ਥਾਂ ਇੱਕ ਹੀ ਰਜਿਸਟਰ ਮੇਨ ਗੇਟ ’ਤੇ ਰੱਖਣ ਦਾ ਐਲਾਨ ਕੀਤਾ ਗਿਆ। ਸੈਨੇਟ ਨੇ ਪੀਯੂਕੈਸ਼ ਵਿਚ ਵੀ ਲੜਕੀਆਂ ਨੂੰ ਪ੍ਰਤੀਨਿਧਤਾ ਦਿੱਤੇ ਜਾਣ ਬਾਰੇ ਰਜ਼ਾਮੰਦੀ ਜਤਾਈ, ਜਦੋਂ ਕਿ ਇਸ ਸਬੰਧੀ ਨਿਯਮਾਂ ਦੀ ਪੜਚੋਲ ਕਰਨ ਲਈ ਵੀ ਕਿਹਾ ਗਿਆ। ਜ਼ਿਕਰਯੋਗ ਹੈ ਕਿ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਸੰਗਠਨ ਦੀ ਪ੍ਰਧਾਨ ਕਨੂ ਪ੍ਰਿਆ, ਐੱਸਐੱਫਐੱਸ, ਆਈਸਾ ਅਤੇ ਪੀਐੱਸਯੂ (ਲਲਕਾਰ) ਪੰਜਾਬ ਯੂਨੀਵਰਸਿਟੀ ਦੇ ਲੜਕੀਆਂ ਦੇ ਹੋਸਟਲਾਂ ਨੂੰ 24 ਘੰਟੇ ਖੁੱਲ੍ਹਾ ਰੱਖਣ ਦੀ ਮੰਗ ਨੂੰ ਲੈ ਕੇ ਪਿਛਲੇ 48 ਦਿਨਾਂ ਤੋਂ ਸੰਘਰਸ਼ ਕਰ ਰਹੇ ਹਨ। ਇਸੇ ਦੌਰਾਨ ਵਿਦਿਆਰਥੀਆਂ ਨੇ ਕਨੂ ਪ੍ਰਿਆ ਦੀ ਅਗਵਾਈ ਵਿਚ ਉਪਰੋਕਤ ਮੰਗ ਸਬੰਧੀ ਅੱਜ ਸੈਨੇਟਰਾਂ ਨੂੰ ਪੱਤਰ ਸੌਂਪਿਆ। ਸੈਨੇਟ ਨੇ ਫੈਲੋ ਨਵਦੀਪ ਗੋਇਲ ਦੀ ਪ੍ਰਧਾਨਗੀ ਵਿਚ ਇਕ ਕਮੇਟੀ ਦਾ ਗਠਨ ਕੀਤਾ ਹੈ, ਜੋ 24 ਘੰਟੇ ਹੋੋਟਲ ਖੁੱਲ੍ਹੇ ਰੱਖਣ ਦੇ ਮਾਮਲੇ ਬਾਰੇ ਸਾਰੀਆਂ ਧਿਰਾਂ ਦੀ ਰਾਏ ਜਾਣੇਗੀ ਅਤੇ ਜੇਕਰ ਸਹਿਮਤੀ ਬਣਦੀ ਹੈ ਤਾਂ ਇਸ ਨੂੰ ਲਾਗੂ ਕਰਨ ਲਈ ਯੋਜਨਾ ਤਿਆਰ ਕੀਤੀ ਜਾਵੇਗੀ। ਕਮੇਟੀ ਵਿਚ ਡੀਨ (ਵਿਦਿਆਰਥੀ ਭਲਾਈ) ਪ੍ਰੋ. ਇਮਾਨੁਲ ਨਾਹਰ, ਪ੍ਰੋ. ਮੀਨਾ ਕਪਲਾਸ਼, ਪ੍ਰੋ. ਅਸ਼ਵਨੀ ਕੌਲ, ਪ੍ਰੋ. ਪੈਮ ਰਾਜਪੂਤ, ਸੱਤਪਾਲ ਜੈਨ, ਅਮੀਰ ਸੁਲਤਾਨਾ, ਪ੍ਰੋ. ਜੀਕੇ ਗੋਸਵਾਮੀ ਅਤੇ ਕੌਂਸਲ ਦੇ ਚਾਰੇ ਅਹੁਦੇਦਾਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਸੈਨੇਟ ਨੇ ਫ਼ੈਸਲਾ ਲਿਆ ਹੈ ਕਿ 11 ਅਪਰੈਲ ਨੂੰ ਹੋਈ ਹਿੰਸਾ ਸਬੰਧੀ, ਜਿਨ੍ਹਾਂ 62 ਵਿਦਿਆਰਥੀਆਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਸਨ, ਉਨ੍ਹਾਂ ਦੇ ਕੇਸ ਵਾਪਸ ਲੈਣ ਲਈ ਯੂਟੀ ਦੇ ਗ੍ਰਹਿ ਸਕੱਤਰ ਨੂੰ ਪੱਤਰ ਲਿਖਿਆ ਜਾਵੇਗਾ। ਅੱਜ ਸਵੇਰੇ ਸ਼ੁਰੂ ਹੋਈ ਮੀਟਿੰਗ ਦੌਰਾਨ ਕਨੂ ਪ੍ਰਿਆ ਵੱਲੋਂ ਸੌਂਪਿਆ ਗਿਆ ਮੰਗ ਪੱਤਰ ਚਰਚਾ ਦਾ ਵਿਸ਼ਾ ਬਣ ਗਿਆ ਹਾਲਾਂਕਿ ਇਸ ਪੱਤਰ ਬਾਰੇ ਚਰਚਾ ਕਰਨਾ ਸੈਨੇਟ ਦੇ ਏਜੰਡੇ ਵਿਚ ਸ਼ਾਮਲ ਨਹੀਂ ਸੀ। ਇਸ ਪੱਤਰ ਬਾਰੇ ਸੈਨੇਟ ਮੈਂਬਰਾਂ ਨੇ ਤਿੰਨ ਘੰਟੇ ਬਹਿਸ ਕੀਤੀ ਅਤੇ ਸੈਨੇਟਰ ਵਿੱਕੀ ਗਿੱਲ ਤੇ ਸੁਭਾਸ਼ ਸ਼ਰਮਾ ਨੇ ਬਹਿਸ ਦੌਰਾਨ ਮਾੜੇ ਬੋਲ ਵੀ ਬੋਲੇ। ਇਸੇ ਦੌਰਾਨ ਸੈਨੇਟਰ ਡੀਪੀਐੱਸ ਰੰਧਾਵਾ, ਅਜੇ ਰੰਗਾ ਤੇ ਵਰਿੰਦਰ ਗਿੱਲ ਨੇ ਵਿਦਿਆਰਥੀਆਂ ਦੀਆਂ ਮੰਗਾਂ ਤੁਰੰਤ ਮੰਗੇ ਜਾਣ ਦੀ ਗੱਲ ਆਖੀ। ਮੀਟਿੰਗ ਵਿਚ ਹਾਜ਼ਰ ਪਵਨ ਕੁਮਾਰ ਬਾਂਸਲ ਨੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਸਵਾਲ ਕੀਤਾ ਕਿ ਵਿਦਿਆਰਥੀਆਂ ਦੇ 48 ਦਿਨ ਚੱਲੇ ਸੰਘਰਸ਼ ਦੌਰਾਨ ਉਨ੍ਹਾਂ ਨੂੰ ਗੱਲਬਾਤ ਲਈ ਕਿਉਂ ਨਹੀਂ ਸੱਦਿਆ ਗਿਆ। ਸੱਤਪਾਲ ਜੈਨ ਨੇ ਵੀ ਕੈਂਪਸ ਵਿਚ ਲਿੰਗ ਦੇ ਆਧਾਰ ’ਤੇ ਭੇਦਭਾਵ ਨਾ ਕਰਨ ਲਈ ਕਿਹਾ।