ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਜਗਜੀਤ ਸਿੰਘ ਹਨੀ ਫੱਤਣਵਾਲਾ ਨੇ ਆਪਣੀ ਹੀ ਪਾਰਟੀ ਦੇ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕਾ ਕਰਨ ਕੌਰ ਬਰਾੜ ’ਤੇ ਪੰਚਾਇਤਾਂ ਦੇ ਰਾਖਵੇਂਕਰਨ ’ਚ ਪੱਖਪਾਤ ਕਰਨ ਦੇ ਦੋਸ਼ ਲਾਏ ਹਨ। ਸ੍ਰੀ ਫੱਤਣਵਾਲਾ ਨੇ ਕਿਹਾ ਕਿ ਉਹ 28 ਪਿੰਡਾਂ ’ਚ ਉਹ ਲੰਬੇ ਸਮੇਂ ਤੋਂ ਪੰਚਾਇਤ ਚੋਣਾਂ ਵਾਸਤੇ ਆਪਣੇ ਹਮਾਇਤੀਆਂ ਨੂੰ ਤਿਆਰ ਕਰ ਰਹੇ ਸਨ, ਪਰ ਐਨ ਆਖਰੀ ਮੌਕੇ ’ਤੇ ਸ੍ਰੀਮਤੀ ਬਰਾੜ ਨੇ ਉਨ੍ਹਾਂ ਦੇ ਹਮਾਇਤੀਆਂ ਦੇ ਜਨਰਲ ਹਲਕਿਆਂ ਨੂੰ ਰਾਖਵਾਂ ਤੇ ਰਾਖਵੇਂ ਹਲਕਿਆਂ ਨੂੰ ਜਨਰਲ ਕਰਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਰਨ ਬਰਾੜ ਨੇ ਕਥਿਤ ਤੌਰ ’ਤੇ ਉਨ੍ਹਾਂ ਦੇ ਨਿੱਜੀ ਅਕਸ ਨੂੰ ਢਾਹ ਲਾਉਣ ਲਈ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਤਬਦੀਲੀ ਨਾਲ ਲੰਬੇ ਸਮੇਂ ਤੋਂ ਪੰਚਾਇਤ ਚੋਣਾਂ ਦੀ ਤਿਆਰੀ ਕਰ ਰਹੇ ਕਾਂਗਰਸੀ ਆਗੂਆਂ ਨੂੰ ਵੀ ਭਾਰੀ ਠੇਸ ਲੱਗੀ ਹੈ। ਆਪਣੇ ਕਰੀਬ ਦੋ ਦਰਜਨ ਹਮਾਇਤੀਆਂ ਨਾਲ ਰੋਸ ਜਾਹਿਰ ਕਰਦਿਆਂ ਸ੍ਰੀ ਫੱਤਣਵਾਲਾ ਨੇ ਕਿਹਾ ਕਿ ਪਿੰਡ ਨੂਰਪੁਰ ਕ੍ਰਿਪਾਲਕੇ ਦਾ ਸਾਬਕਾ ਸਰਪੰਚ ਖੜਕ ਸਿੰਘ ਲਗਾਤਾਰ ਚਾਰ ਵਾਰ ਸਰਪੰਚ ਬਣਿਆ ਪਰ ਇਸ ਵਾਰ ਇਹ ਰਾਖਵਾਂ ਕਰ ਦਿੱਤਾ। ਇਸੇ ਤਰ੍ਹਾਂ ਪਿੰਡ ਉਦੇਕਰਨ ਤੋਂ ਪ੍ਰੀਤਪਾਲ ਸਿੰਘ, ਚੱਕ ਕਾਲਾ ਸਿੰਘ ਵਾਲਾ ਤੋਂ ਗੁਰਭੇਜ ਸਿੰਘ, ਪਿੰਡ ਸੰਗੂਧੋਨ ਤੋਂ ਇਕਬਾਲ ਸਿੰਘ, ਪਿੰਡ ਫੱਤਣਵਾਲਾ ਤੋਂ ਕਰਨਦੀਪ ਸਿੰਘ, ਡੋਹਕ ਤੋਂ ਬੋਹੜ ਸਿੰਘ, ਮਾਨ ਸਿੰਘ ਵਾਲਾ ਤੋਂ ਪਲਵਿੰਦਰ ਸਿੰਘ ਤੇ ਪਿੰਡ ਕੋਟਲੀ ਤੋਂ ਰੁਪਿੰਦਰ ਸਿੰਘ ਸਰਪੰਚ ਦੀ ਚੋਣ ਵਾਸਤੇ ਤਿਆਰੀ ਕਰ ਰਹੇ ਸਨ ਪਰ ਹੁਣ ਰਾਖਵੇਂਕਰਨ ਨੇ ਉਨ੍ਹਾਂ ਦਾ ਸਿਆਸੀ ਨੁਕਸਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ਸਮੇਂ ਵੀ ਅਜਿਹਾ ਹੀ ਕੀਤਾ ਸੀ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਦੇ ਵਰਕਰ ਵਜੋਂ ਕਾਂਗਰਸੀ ਉਮੀਦਵਾਰਾਂ ਦੀ ਪੂਰੀ ਹਮਾਇਤ ਕਰਨਗੇ ਪਰ ਕਰਨ ਬਰਾੜ ਵੱਲੋਂ ਹਮੇਸ਼ਾ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਤੇ ਉਲਟਾ ਸਿਆਸੀ ਤੌਰ ’ਤੇ ਨੁਕਸਾਨ ਕੀਤਾ ਜਾਂਦਾ ਹੈ। ਉਨ੍ਹਾਂ ਇਹ ਮਾਮਲਾ ਸੀਨੀਅਰ ਆਗੂਆਂ ਦੇ ਧਿਆਨ ’ਚ ਲਿਆਉਣ ਦਾ ਵੀ ਕਿਹਾ। ਇਸ ਮੌਕੇ ਗੁਰਰਾਜ ਸਿੰਘ ਫੱਤਣਵਾਲਾ, ਮਨਜੀਤ ਸਿੰਘ ਫੱਤਣਵਾਲਾ ਤੇ ਹੋਰ ਆਗੂ ਵੀ ਹਾਜ਼ਰ ਸਨ।