ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ

ਮੈਦਾਨ ਅੰਦਰ ਰਾਈਟ ਫੁੱਲ ਬੈਕ ਦੀ ਪੁਜ਼ੀਸ਼ਨ ’ਤੇ ਖੇਡਣ ਵਾਲੇ ਡਿਫੈਂਡਰ ਹਰਮਨਪ੍ਰੀਤ ਸਿੰਘ ਨੂੰ ਆਪਣੇ ਡੀ-ਸਰਕਲ ਦੇ ਅੰਦਰ ਤੇ ਬਾਹਰ ਜਿਥੇ ਵਿਰੋਧੀ ਸਟਰਾਈਕਰ ਨੂੰ ਡੱਕੀ ਰੱਖਣ ਦੀ ਮੁਹਾਰਤ ਹਾਸਲ ਹੈ ਉਥੇ ਇਸ ਸਮੇਂ ਇਕ ਮਹਾਨ ਡਰੈਗ ਫਲਿੱਕਰ ਵਜੋਂ ਉਸ ਦਾ ਨਾਮ ਦੁਨੀਆਂ ਦੀ ਹਾਕੀ ਦੇ ਨਕਸ਼ੇ ’ਤੇ ਡਲਕਾਂ ਮਾਰ ਰਿਹਾ ਹੈ। ਪੈਨਲਟੀ ਕਾਰਨਰਾਂ ਨੂੰ ਡਰੈਗ ਫਲਿੱਕਾਂ ਰਾਹੀਂ ਗੋਲਾਂ ’ਚ ਤਬਦੀਲ ਕਰਨ ’ਚ ਹਰਮਨਪ੍ਰੀਤ ਨੇ ਵਿਰੋਧੀ ਹਾਕੀ ਟੀਮਾਂ ਦੇ ਗੋਲਕੀਪਰਾਂ ਅਤੇ ਰੱਖਿਅਕ ਖਿਡਾਰੀਆਂ ਦੀ ਤੋਬਾ ਕਰਵਾਈ ਹੋਈ ਹੈ। ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਜੰਡਿਆਲਾ ਗੁਰੂ ’ਚ ਕਿਸਾਨ ਪਰਿਵਾਰ ’ਚ ਜਨਵਰੀ-6, 1996 ਨੂੰ ਜਨਮੇ ਹਰਮਨਪ੍ਰੀਤ ਸਿੰਘ ਨੇ ਸਾਲ-2011 ਤੋਂ ਯੂਥ ਕਰੀਅਰ ਦੀ ਸ਼ੁਰੂਆਤ ਸੁਰਜੀਤ ਹਾਕੀ ਅਕੈਡਮੀ ਜਲੰਧਰ ਤੋਂ ਕੀਤੀ। ਹਾਕੀ ਇੰਡੀਆ ਲੀਗ ਦੇ 2014 ਤੋਂ 2016 ਦੇ ਤਿੰਨ ਗੇੜ ਖੇਡਣ ਲਈ ਹਰਮਨਪੀ੍ਰਤ ਸਿੰਘ ਨੇ ਦਬੰਗ ਮੁੰਬਈ ਟੀਮ ਦੇ ਫਰੈਂਚਾਇਜ਼ੀ ਨਾਲ 35 ਲੱਖ ਦਾ ਕੰਟਰੈਕਟ ਸਾਈਨ ਕੀਤਾ।
2015 ’ਚ ਕੌਮੀ ਟੀਮ ’ਚ ਐਂਟਰੀ ਕਰਨ ਵਾਲਾ ਹਰਮਨਪ੍ਰੀਤ, ਅੰਡਰ-21 ਟੀਮ ਨਾਲ ਸੁਲਤਾਨ ਜੋਹਰ ਹਾਕੀ ਕੱਪ ਜਿੱਤਣ ਵਾਲੀ ਟੀਮ ਨਾਲ ਮੈਦਾਨ ’ਚ ਨਿੱਤਰਿਆ। ਮਲੇਸ਼ੀਆ ’ਚ ਖੇਡੇ ਗਏ ਇਸ ਮੁਕਾਬਲੇ ’ਚ ਹਰਮਨਪ੍ਰੀਤ 9 ਗੋਲਾਂ ਨਾਲ ‘ਟਾਪ ਸਕੋਰਰ’ ਬਣਨ ਦੇ ਨਾਲ ‘ਬੈਸਟ ਪਲੇਅਰ ਆਫ ਦਿ ਟੂਰਨਾਮੈਂਟ’ ਵੀ ਨਾਮਜ਼ਦ ਹੋਇਆ। ਹਰਮਨਪ੍ਰੀਤ 90 ਕੌਮਾਂਤਰੀ ਮੈਚਾਂ ’ਚ 48 ਗੋਲ ਦਾਗਣ ਦਾ ਕਰਿਸ਼ਮਾ ਕਰ ਚੁੱਕਾ ਹੈ। ਜੂਨੀਅਰ ਏਸ਼ੀਆ ਹਾਕੀ ਕੱਪ ’ਚ 15 ਗੋਲ ਕਰਨ ਵਾਲੇ ਹਰਮਨਪ੍ਰੀਤ ਨੇ ਏਸ਼ੀਅਨ ਗੇਮਜ਼-2018 ’ਚ ਤਾਂਬੇ ਦਾ ਤਗਮਾ, ਏਸ਼ੀਆ ਹਾਕੀ ਕੱਪ ਢਾਕਾ-2017 ’ਚ ਗੋਲਡ ਮੈਡਲ ਜਿੱਤਣ ਤੋਂ ਇਲਾਵਾ ਚੈਂਪੀਅਨਜ਼ ਹਾਕੀ ਟਰਾਫੀ ਲੰਡਨ-2016 ਤੇ ਹਾਲੈਂਡ-2018 ’ਚ ਲਗਾਤਾਰ ਦੋ ਸਿਲਵਰ ਮੈਡਲ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੀ ਪ੍ਰਤੀਨਿਧਤਾ ਕੀਤੀ। ਜੂਨੀਅਰ ਏਸ਼ੀਆ ਹਾਕੀ ਕੱਪ ’ਚ 15 ਗੋਲਾਂ ਨਾਲ ‘ਟਾਪ ਸਕੋਰਰ’ ਨਾਮਜ਼ਦ ਹੋਣ ਵਾਲੇ ਹਰਮਨਪ੍ਰੀਤ ਨੂੰ ਰੀਓ-2016 ਓਲੰਪਿਕ ਤੇ ਗੋਲਡਕੋਸਟ ਕਾਮਨਵੈਲਥ ਹਾਕੀ ਖੇਡਣ ਦਾ ਹੱਕ ਵੀ ਹਾਸਲ ਹੈ। ਦੇਸ਼ ਦੀ ਮੇਜ਼ਬਾਨੀ ’ਚ ਖੇਡੇ ਜਾ ਰਹੇ ਆਲਮੀ ਹਾਕੀ ਕੱਪ ’ਚ ਜੇ ਹਰਮਨਪ੍ਰੀਤ ਲਈ ਕੌਮੀ ਟੀਮ ਲਈ ਸੈਮੀਫਾਈਨਲ ਖੇਡਣ ਦੇ ਦਰਵਾਜ਼ੇ ਖੁੱਲ੍ਹ ਸਕਦੇ ਹਨ।

Previous articleNot part of any coalition or in alliance with any political party: AAP
Next articleModi wishes Sonia on her birthday