ਇਮਰਾਨ ਖ਼ਾਨ ਦੇ ਹਲਫ਼ਦਾਰੀ ਸਮਾਗਮ ਤੋਂ ਪਹਿਲਾਂ ਪਾਕਿਸਤਾਨੀ ਥਲ ਸੈਨਾ ਦੇ ਮੁਖੀ ਜਨਰਲ ਜਾਵੇਦ ਕਮਰ ਬਾਜਵਾ ਵੱਲੋਂ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਸਬੰਧੀ ਨਵਜੋਤ ਸਿੰਘ ਸਿੱਧੂ ਕੋਲ ਪ੍ਰਗਟਾਏ ਵਿਚਾਰਾਂ ਸਬੰਧੀ ਤੱਥਾਂ ਦੇ ਸੰਦਰਭ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਪਾਕਿਸਤਾਨ ਫੌਜ ਵੱਲੋਂ ਘੜੀ ਵੱਡੀ ਸਾਜ਼ਿਸ਼ ਕਰਾਰ ਦਿੱਤਾ ਹੈ। ਅੱਜ ਇਥੇ ਇੱਕ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਨੂੰ ਖੋਲ੍ਹਣਾ ਸਪੱਸ਼ਟ ਤੌਰ ’ਤੇ ਆਈਐਸਆਈ ਦੀ ਯੋਜਨਾ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਲਗਦਾ ਹੈ ਕਿ ਪਾਕਿਸਤਾਨ ਫ਼ੌਜ ਨੇ ਭਾਰਤ ਖ਼ਿਲਾਫ਼ ਵੱਡੀ ਸਾਜ਼ਿਸ਼ ਘੜੀ ਹੈ। ਪਾਕਿਸਤਾਨ ਵੱਲੋਂ ਪੰਜਾਬ ਵਿੱਚ ਅਤਿਵਾਦ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੇ ਜਾਣ ਨੂੰ ਪ੍ਰਵਾਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਇਸ ਤੋਂ ਚੌਕਸ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਦੇ ਮੁੱਦੇ ਨੂੰ ਗ਼ੈਰਜ਼ਰੂਰੀ ਤਰੀਕੇ ਨਾਲ ਉਭਾਰਿਆ ਜਾ ਰਿਹਾ ਹੈ ਅਤੇ ਜਿਹੜੇ ਇਸ ਨੂੰ ਉਭਾਰ ਰਹੇ ਹਨ ਉਹ ਸਪੱਸ਼ਟ ਤੌਰ ’ਤੇ ਆਈਐਸਆਈ ਦੀ ਇਸ ਸਾਜ਼ਿਸ਼ ਨੂੰ ਵੇਖਣ ਤੋਂ ਅਸਮਰੱਥ ਹਨ। ਉਨ੍ਹਾਂ ਪੰਜਾਬ ਦੇ ਮੰਤਰੀ ਨੂੰ ਪਾਕਿਸਤਾਨੀ ਪ੍ਰਧਾਨ ਮੰਤਰੀ ਦਾ ਹੱਥ-ਠੋਕਾ ਦੱਸਣ ਲਈ ਅਕਾਲੀਆਂ ਦੀ ਤਿੱਖੀ ਆਲੋਚਨਾ ਕੀਤੀ ਹੈ। ਉਨ੍ਹਾਂ ਪੰਜਾਬ ਕੈਬਨਿਟ ਵਿਚਲੇ ਆਪਣੀ ਸਾਥੀ ਮੰਤਰੀ ਨਵਜੋਤ ਸਿੱਧੂ ਨਾਲ ਸਬੰਧਾਂ ਦੇ ਮੁੱਦੇ ’ਤੇ ਗੈਰਜ਼ਰੂਰੀ ਵਿਵਾਦ ਖੜ੍ਹਾ ਕਰਨ ਲਈ ਅਕਾਲੀਆਂ ਅਤੇ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦੀ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਸਰਹੱਦੀ ਸੂਬੇ ਵਿੱਚ ਅਸਥਿਰਤਾ ਪੈਦਾ ਕਰਨਾ ਪਾਕਿਸਤਾਨ ਦਾ ਉਦੇਸ਼ ਹੈ। ਪਾਕਿਸਤਾਨ, ਪੰਜਾਬ ਵਿੱਚ ਅਤਿਵਾਦੀ ਸਰਗਰਮੀਆਂ ਰਾਹੀਂ ਜਾਣਬੁਝ ਕੇ ਲਗਾਤਾਰ ਅਸਥਿਰਤਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਦਕਿ ਅਕਾਲੀ-ਭਾਜਪਾ ਇਸ ਅਹਿਮ ਮੁੱਦੇ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਦੀ ਕੋਸ਼ਿਸ਼ ਦੇ ਹਿੱਸੇ ਵਜੋਂ ਸਿੱਧੂ ਦਾ ਮੁੱਦਾ ਉਭਾਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਮਰਾਨ ਖਾਨ ਭਾਰਤ ਨਾਲ ਸ਼ਾਂਤੀ ਅਤੇ ਸਦਭਾਵਨਾ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ, ਪਰ ਇਸ ਦੇ ਨਾਲ ਹੀ ਉਨ੍ਹਾਂ ਨੂੰ ਆਪਣੇ ਥਲ ਸੈਨਾ ਮੁਖੀ(ਬਾਜਵਾ) ’ਤੇ ਜ਼ੋਰ ਪਾਉਣਾ ਚਾਹੀਦਾ ਹੈ ਕਿ ਉਹ ਸਰਹੱਦ ਉੱਤੇ ਭਾਰਤੀ ਫ਼ੌਜੀਆਂ ਦੀਆਂ ਹੱਤਿਆਵਾਂ ਨੂੰ ਤੁਰੰਤ ਰੋਕੇ ਜਾਣਾ ਯਕੀਨੀ ਬਣਾਏ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦਾ ਇਤਿਹਾਸ ਗਵਾਹ ਹੈ ਕਿ ਵਜ਼ੀਰੇ ਆਜ਼ਮ ਨੂੰ ਸੱਤਾ ਵਿੱਚ ਬਣੇ ਰਹਿਣ ਲਈ ਫੌਜ ਦੀ ਹਾਂ ਵਿੱਚ ਹਾਂ ਮਿਲਾਉਣੀ ਪੈਂਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ‘ਪਸੰਦੀਦਾ’ ਵਿਅਕਤੀ ਹੈ। ਉਨ੍ਹਾਂ ਦੇ ਸਿੱਧੂ ਦੇ ਮਾਪਿਆਂ ਨਾਲ ਵੀ ਨਿੱਘੇ ਸਬੰਧ ਹਨ। ਜਦੋਂ ਇਹ ਕ੍ਰਿਕਟਰ, ਮੰਤਰੀ ਬਣਿਆ ਤਾਂ ਉਨ੍ਹਾਂ ਦੇ ਪਿਤਾ ਕਾਂਗਰਸ ਦੀ ਪਟਿਆਲਾ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਸਨ ਅਤੇ ਉਨ੍ਹਾਂ (ਕੈਪਟਨ) ਦੀ ਮਾਤਾ ਮਹਿੰਦਰ ਕੌਰ ਪਟਿਆਲਾ ਤੋਂ ਸੰਸਦ ਮੈਂਬਰ ਸਨ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਅਤੇ ਸਿੱਧੂ ਵਿਚਕਾਰ ਕਦੀ ਵੀ ਟਕਰਾਅ ਪੈਦਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸਰਕਾਰ ਚਲਾਉਂਦੇ ਸਮੇਂ ਵੀ ਉਨ੍ਹਾਂ ਨੂੰ ਸਿੱਧੂ ਨਾਲ ਕਦੇ ਕੋਈ ਸਮੱਸਿਆ ਨਹੀਂ ਆਈ। ਕੈਪਟਨ ਨੇ ਕਿਹਾ ਕਿ ਸਿੱਧੂ ਦੀ ਇੱਕੋ-ਇਕ ਸਮੱਸਿਆ ਹੈ ਕਿ ਉਹ ਕਈ ਵਾਰੀ ਸੋਚਣ ਤੋਂ ਪਹਿਲਾਂ ਹੀ ਬੋਲ ਜਾਂਦੇ ਹਨ।