(ਸਮਾਜ ਵੀਕਲੀ)
ਬਾਬਾ ਨਾਨਕ ਤੁਹਾਡਾ ਜਨਮ ਧਰਤ ਤੇ ਪਸਰੀ
ਅੰਧਕਾਰ ਦੀ ਧੁੰਦ ਨੂੰ ਮਿਟਾਉਣ ਵਾਲਾ ਸੀ
ਪਰ ਪਰ
ਅਸੀਂ ਤੁਹਾਡੇ ਸੁਪਨਿਆਂ ਦੀ ਧਰਤੀ ਨੂੰ
ਪਲੀਤ ਕਰ ਦਿੱਤਾ ਹੈ ।
ਬਾਬਾ ਜੀ ਤੁਸੀਂ ਤਾਂ ਇਸ ਧਰਤ ਤੋਂ ਮਿਟਾਉਣਾ ਚਾਹੁੰਦੇ ਸੀ,
ਜਾਤ-ਪਾਤ ਤੇ ਊਚ-ਨੀਚ ਦੀ ਧੁੰਦ
ਪਰ ਪਰ
ਬਾਬਾ ਜੀ ਅਸੀਂ ਸਿਆਸਤ ਦੀ ਭੇਂਟ ਚੜ੍ਹ ਇਸ ਧੁੰਦ ਨੂੰ ਹੋਰ ਗਾੜ੍ਹਾ ਕਰ ਲਿਆ ਹੈ।
ਕਿਉਂਕਿ ਬਾਬਾ ਤੇਰੇ ਕੋਲ ਜੇਰਾ ਸੀ ਬਾਬਰ ਜਿਹਿਆਂ ਨਾਲ ਗੋਸਟੀਆਂ ਕਰਨ ਦਾ
ਪਰ ਪਰ
ਬਾਬਾ ਅਸੀਂ ਵਧੇਰੇ ਗਿਆਨੀ ਅਖਵਾਉਣ ਦੇ ਬਾਵਜੂਦ ਵੀ
ਗੋਸਟਿ ਕਰਨ ਦਾ ਜੇਰਾ ਨੀ ਰੱਖ ਪਾਉਂਦੇ
ਕਿਉਂ ?
ਕਿਉਂਕਿ ਸਾਡੇ ਮਨਾਂ ਅੰਦਰ ਹਉਮੈ ਹੰਕਾਰ ਦੀ ਮੈਲ਼ ਜਿਉਂ ਜੰਮੀ ਪਈ ਹੈ
ਤੇ ਅਸੀਂ ਡਰੇ ਹੋਏ ਹਾਂ ਅਜੋਕੇ ਭੇਖੀਆਂ ਤੋਂ
ਚਾਹੇ ਉਹ ਤੇਰੇ ਰਾਹ ਦੇ ਪਹਿਰੇਦਾਰ ਹੋਣ ਦਾ ਭਰਮ ਪਾਲ ਰਹੇ ਹੋਣ
ਜਾਂ ਬਾਬਰ ਵਾਲੇ ਰਾਹ ਦਾ?
ਬਾਬਾ ਅਸੀਂ ਨਹੀਂ ਰਹੇ
ਤੇਰੇ ਸ਼ਬਦ ਨੂੰ ਪੜ੍ਹਨ /ਸਮਝਣ ਦੇ ਲਾਇਕ
ਜਿਸ ਵਿੱਚ ਤੂੰ
ਹਵਾ ਨੂੰ ਗੁਰੂ
ਪਾਣੀ ਨੂੰ ਪਿਤਾ
ਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਸੀ ।
ਬੇਸ਼ੱਕ ਅੱਜ ਅਸੀਂ ਤੇਰੇ ਜਨਮ ਦਿਨ ਦੇ ਨਾਂ ਤੇ ਬਹੁਤ ਕੁਝ ਕਰਦੇ ਹਾਂ
ਪੜ੍ਹ -ਪੜ੍ਹ ਗੱਡੀਆਂ ਲੱਦਦੇ ਹਾਂ
ਪਰ ਤੇਰੀ ਸੋਚ ਅਨੁਸਾਰ ਅਸੀਂ
ਹਵਾ ਨੂੰ ਗੁਰੂ
ਪਾਣੀ ਨੂੰ ਪਿਤਾ
ਧਰਤੀ ਨੂੰ ਮਾਤਾ
ਨਹੀਂ ਮੰਨਿਆ!
ਬਾਬਾ ਤੂੰ ਤਾਂ ਪਖੰਡੀਆਂ ਨਾਲ ਸਿੱਧਾ ਮੱਥਾ
ਲਾਇਆ
ਜਿਹੜੇ ਤੈਨੂੰ ਟੋਕਦੇ ਸੀ ਕਿ
ਰੱਬ ਸਿਰਫ਼ ਇਸ ਪਾਸੇ ਹੀ ਹੈ
ਉਸ ਪਾਸੇ ਨਹੀਂ!
ਪਰ ਪਰ
ਅਸੀਂ ਤਾਂ ਸਾਰਾ ਕੁਝ ਹਵਾਲੇ ਕਰ
ਦੁੱਧ -ਪੁੱਤ ਦੀਆਂ ਦਾਤਾਂ
ਚੰਗਾ-ਮਾੜਾ ਸਮਾਂ
ਉਹਨਾਂ
ਧੂਤਿਆਂ ਤੋਂ ਪੁੱਛਦੇ ਫਿਰਦੇ ਹਾਂ?
ਬਾਬਾ ਗੁਨਾਹਗਾਰ ਹਾਂ ਅਸੀਂ ਤੇਰੇ
ਸਾਨੂੰ ਸੁਮੱਤ ਬਖਸ਼ ।
ਬਲਵੀਰ ਸਿੰਘ ਬਾਸੀਆਂ
ਪਿੰਡ ਤੇ ਡਾਕ ਬਾਸੀਆਂ ਬੇਟ (ਲੁਧਿ:)
8437600371
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly