ਆਪਣਾ ਪਹਿਲਾ ਕ੍ਰਿਕਟ ਟੈਸਟ ਮੈਚ ਖੇਡ ਰਹੇ ਵਿੱਲ ਸੋਮਰਵਿਲੈ ਨੇ ਤਿੰਨ ਅਹਿਮ ਵਿਕਟਾਂ ਲਈਆਂ ਜਿਸ ਨਾਲ ਨਿਊਜ਼ੀਲੈਂਡ ਨੇ ਤੀਜੇ ਅਤੇ ਆਖ਼ਰੀ ਟੈਸਟ ਕ੍ਰਿਕਟ ਮੈਚ ਵਿੱਚ ਅੱਜ ਇੱਥੇ ਪਾਕਿਸਤਾਨ ਨੂੰ 123 ਦੌੜਾਂ ਨਾਲ ਕਰਾਰੀ ਹਾਰ ਦੇ ਕੇ ਆਪਣੇ ਇਸ ਵਿਰੋਧੀ ਖਿਲਾਫ਼ 49 ਸਾਲਾਂ ਬਾਅਦ ਵਿਦੇਸ਼ੀ ਸਰਜ਼ਮੀਂ ’ਤੇ ਟੈਸਟ ਲੜੀ ਜਿੱਤੀ। ਆਫ਼ ਸਪਿੰਨਰ ਵਿੱਲ ਸੋਮਰਵਿਲੈ ਨੇ 52 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਅਤੇ 280 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੇ ਪਾਕਿਸਤਾਨ ਨੂੰ ਮੈਚ ਦੇ ਪੰਜਵੇਂ ਅਤੇ ਆਖ਼ਰੀ ਦਿਨ 56.1 ਓਵਰਾਂ ’ਚ 156 ਦੌੜਾਂ ’ਤੇ ਆਊਟ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਨਿਊਜ਼ੀਲੈਂਡ ਨੇ ਸਵੇਰੇ ਆਪਣੀ ਪਾਰੀ ਸੱਤ ਵਿਕਟਾਂ ’ਤੇ 353 ਦੌੜਾਂ ’ਤੇ ਸਮਾਪਤ ਐਲਾਨੀ ਸੀ। ਉਸ ਦੀ ਪਾਰੀ ਵਿੱਚ ਖਿੱਚ ਦਾ ਮੁੱਖ ਕੇਂਦਰ ਕੇਨ ਵਿਲੀਅਮਸਨ (139) ਅਤੇ ਹੈਨਰੀ ਨਿਕੋਲਸ (ਨਾਬਾਦ 126) ਵਿਚਾਲੇ ਪੰਜਵੇਂ ਵਿਕਟ ਲਈ 212 ਦੌੜਾਂ ਦੀ ਸਾਂਝੇਦਾਰੀ ਰਹੀ। ਨਿਊਜ਼ੀਲੈਂਡ ਨੇ ਇਸ ਤਰ੍ਹਾਂ ਤਿੰਨ ਮੈਚਾਂ ਦੀ ਲੜੀ 2-1 ਨਾਲ ਜਿੱਤੀ। ਉਸ ਨੇ ਇਸੇ ਮੈਦਾਨ ’ਤੇ ਪਹਿਲਾ ਟੈਸਟ ਮੈਚ ਚਾਰ ਦੌੜਾਂ ਦੇ ਫਰਕ ਨਾਲ ਜਿੱਤਿਆ ਸੀ। ਪਾਕਿਸਤਾਨ ਨੇ ਦੁਬਈ ’ਚ ਦੂਜਾ ਟੈਸਟ ਪਾਰੀ ਅਤੇ 16 ਦੌੜਾਂ ਨਾਲ ਜਿੱਤ ਕੇ ਵਾਪਸੀ ਕੀਤੀ ਸੀ। ਨਿਊਜ਼ੀਲੈਂਡ ਨੇ ਇਸ ਤੋਂ ਪਹਿਲਾਂ ਪਾਕਿਸਤਾਨ ਖ਼ਿਲਾਫ਼ ਆਪਣੇ ਦੇਸ਼ ਤੋਂ ਬਾਹਰ ਪਿਛਲੀ ਲੜੀ 1969 ਵਿੱਚ ਜਿੱਤੀ ਸੀ। ਉਦੋਂ ਉਸ ਨੇ ਪਾਕਿਸਤਾਨ ਨੂੰ ਉਸ ਦੀ ਸਰਜ਼ਮੀਂ ’ਤੇ 1-0 ਨਾਲ ਹਰਾਇਆ ਸੀ। ਇਹ ਨਿਊਜ਼ੀਲੈਂਡ ਦੀ ਨਵੰਬਰ 2016 ਤੋਂ ਬਾਅਦ ਪਿਛਲੀ ਛੇ ਲੜੀਆਂ ’ਚ ਪੰਜਵੀਂ ਜਿੱਤ ਹੈ। ਇਸ ਦੌਰਾਨ ਉਸ ਨੇ ਪਾਕਿਸਤਾਨ, ਬੰਗਲਾਦੇਸ਼, ਵੈਸਟਇੰਡੀਜ਼ ਅਤੇ ਇੰਗਲੈਂਡ ਨੂੰ ਆਪਣੀ ਧਰਤੀ ’ਤੇ ਹਰਾਇਆ। ਉਸ ਨੂੰ ਸਿਰਫ ਦੱਖਣੀ ਅਫਰੀਕਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਪਹਿਲੀ ਪਾਰੀ ਵਿੱਚ ਚਾਰ ਵਿਕਟਾਂ ਲੈਣ ਵਾਲੇ ਸਮੋਰਵਿਲੈ ਨੇ ਬਾਬਰ ਆਜ਼ਮ (51) ਅਤੇ ਕਪਤਾਨ ਸਰਫ਼ਰਾਜ਼ ਅਹਿਮਦ (28) ਵਿਚਾਲੇ 43 ਦੌੜਾਂ ਦੀ ਸਾਂਝੇਦਾਰੀ ਤੋੜੀ। ਪਟੇਲ ਨੇ ਆਜ਼ਮ ਦੀਆਂ 114 ਗੇਂਦਾਂ ਦੀ ਪਾਰੀ ਦਾ ਅੰਤ ਕੀਤਾ ਅਤੇ ਫਿਰ ਹਸਨ ਅਲੀ ਦੇ ਰੂਪ ’ਚ ਆਖ਼ਰੀ ਵਿਕਟ ਲਈ।
Sports ਨਿਊਜ਼ੀਲੈਂਡ ਨੇ 49 ਸਾਲਾਂ ਬਾਅਦ ਵਿਦੇਸ਼ੀ ਧਰਤੀ ’ਤੇ ਪਾਕਿਸਤਾਨ ਖ਼ਿਲਾਫ਼ ਟੈਸਟ ਲੜੀ...