ਪੰਚਾਇਤੀ ਚੋਣਾਂ ਦਾ ਐਲਾਨ ਹੁੰਦਿਆਂ ਹੀ ਕਾਂਗਰਸੀਆਂ ਦੇ ਘਰ ਰੌਣਕਾਂ ਸ਼ੁਰੂ

ਪੰਜਾਬ ’ਚ ਪੰਚਾਇਤੀ ਚੋਣਾਂ ਦਾ ਐਲਾਨ ਹੁੰਦਿਆਂ ਹੀ ਰਾਜ ਦੀ ਸੱਤਾਧਾਰੀ ਕਾਂਗਰਸ ਪਾਰਟੀ ਦੇ ਪਿੰਡਾਂ ਨਾਲ ਜੁੜੇ ਆਗੂਆਂ ਦੇ ਘਰੇ ਰੌਣਕ ਮੇਲਾ ਵੱਧਣ ਲੱਗਿਆ ਹੈ। 10 ਸਾਲ ਸੂਬੇ ਦੇ ਰਾਜ ਭਾਗ ’ਚੋਂ ਬਾਹਰ ਰਹੇ ਕਾਂਗਰਸੀ ਆਗੂ ਪੰਚਾਇਤੀ ਚੋਣਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਜਿਥੇ ਕਾਂਗਰਸੀ ਨੇਤਾਵਾਂ ਦੇ ਘਰੇ ਇਨ੍ਹਾਂ ਚੋਣਾਂ ਕਾਰਨ ਰੌਣਕ ਮੇਲਾ ਲੱਗਣ ਲੱਗਿਆ ਹੈ, ਉਥੇ ਸ੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਦੇ ਘਰ ਚੁੱਪ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਪੰਚਾਇਤਾਂ ਦਾ ਰਾਜ ਦੀ ਸੱਤਾ ਨਾਲ ਸਿੱਧਾ ਸਬੰਧ ਹੈ, ਜਿਸ ਕਰਕੇ ਕਾਂਗਰਸੀਆਂ ’ਚ ਇਨ੍ਹਾਂ ਚੋਣਾਂ ਨੂੰ ਲੈ ਕੇ ਦੂਜਿਆਂ ਦੇ ਮੁਕਾਬਲੇ ਵੱਧ ਉਤਸ਼ਾਹ ਹੈ। ਭਾਵੇਂ ਮਾਨਸਾ ਜ਼ਿਲ੍ਹੇ ’ਚ ਵਿਧਾਨ ਸਭਾ ਚੋਣਾਂ ਵੇਲੇ ਤਿੰਨ ਹਲਕਿਆਂ ‘ਚੋਂ ਕੋਈ ਵੀ ਕਾਂਗਰਸੀ ਆਗੂ ਚੋਣ ਨਹੀਂ ਸੀ ਜਿੱਤ ਸਕਿਆ, ਪਰ ਅੱਜ ਇਨ੍ਹਾਂ ਚੋਣਾਂ ਦੇ ਐਲਾਨ ਤੋਂ ਸਭ ਤੋਂ ਵੱਧ ਰੌਣਕ ਮੇਲਾ ਵਿਧਾਨ ਸਭਾ ’ਚ ਖੜ੍ਹੇ ਹੋਏ ਕਾਂਗਰਸੀ ਨੇਤਾਵਾਂ ਦੇ ਘਰੇ ਹੀ ਵੇਖਣ ਨੂੰ ਮਿਲਿਆ। ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਿਕਰਮ ਸਿੰਘ ਮੋਫਰ, ਜਿਨ੍ਹਾਂ ਦੇ ਪਿਤਾ ਅਜੀਤਇੰਦਰ ਸਿੰਘ ਮੋਫਰ ਨੇ ਸਰਦੂਲਗੜ੍ਹ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਵੰਨੀਓ ਚੋਣ ਲੜੀ ਸੀ, ਦੇ ਘਰ ਪਿੰਡ ਮੋਫਰ ’ਚ ਵੱਡੀ ਪੱਧਰ ‘ਤੇ ਕਾਂਗਰਸੀ ਆਗੂ ਜੁੜੇ ਹੋਏ ਸਨ। ਇਸੇ ਤਰ੍ਹਾਂ ਮਾਨਸਾ ਦੇ ਸੀਨੀਅਰ ਕਾਂਗਰਸੀ ਆਗੂ ਡਾ. ਮਨੋਜ ਬਾਲਾ ਦੇ ਘਰ ਪੰਚੀ-ਸਰਪੰਚੀ ਦੀ ਚੋਣ ਲੜ੍ਹਨ ਵਾਲੇ ਕਾਂਗਰਸੀ ਨੇਤਾਵਾਂ ਦੀ ਘੁਸਰ-ਮੁਸਰ ਦੇਰ ਸ਼ਾਮ ਤੱਕ ਚੱਲਦੀ ਰਹੀ। ਬਹੁਤੇ ਪਿੰਡਾਂ ’ਚ ਕਈ-ਕਈ ਕਾਂਗਰਸੀ ਸਰਪੰਚ ਚੋਣ ਲੜਨ ਲਈ ਕਾਹਲੇ ਹਨ, ਉਨ੍ਹਾਂ ਦੀਆਂ ਸੀਨੀਅਰ ਕਾਂਗਰਸੀ ਨੇਤਾਵਾਂ ਵੱਲੋਂ ਸੁਲਾਹ-ਸਫਾਈਆਂ ਕਰਵਾਈਆਂ ਜਾਣ ਲੱਗੀਆਂ ਹਨ, ਜਦੋਂਕਿ ਕਈ ਪਿੰਡਾਂ ਦੇ ਕਾਂਗਰਸੀ ਆਗੂ ਆਪਣੇ ਪਿੰਡ ਦੀ ਰਿਜਰਵੇਸ਼ਨ ਨੂੰ ਤੁੜਵਾਉਣ ਲਈ ਜੁਗਾੜ ਕਰਨ ਲੱਗੇ ਸਨ, ਜਿਹੜੇ ਪਿੰਡ ਰਿਜ਼ਰਵ ਹੋ ਗਏ ਹਨ, ਉਨ੍ਹਾਂ ਦੇ ਕਾਂਗਰਸੀਆਂ ਦੇ ਭਾਅ ਦੀ ਬਣ ਗਈ ਹੈ ਤੇ ਉਨ੍ਹਾਂ ਦੀ ਹੁਣ ਕੋਈ ਵਾਹ-ਪੇਸ਼ ਨਹੀਂ ਜਾ ਰਹੀ ਹੈ, ਹਾਲਾਂਕਿ ਉਨ੍ਹਾਂ ਨੂੰ ਪਹਿਲਾਂ ਤੋਂ ਜਾਰੀ ਹੋਈ ਸੂਚੀ ਨੂੰ ਸੀਨੀਅਰ ਨੇਤਾਵਾਂ ਵੱਲੋਂ ਸ਼ੱਕੀ ਸੂਚੀ ਕਹਿਕੇ ਹੌਸਲਾ ਦਿੱਤਾ ਜਾਣ ਲੱਗਿਆ ਹੈ। ਇਨ੍ਹਾਂ ਪੰਚਾਇਤੀ ਚੋਣਾਂ ਨੂੰ ਲੜਣ ਵਾਲੇ ਵਿਅਕਤੀਆਂ ਵੱਲੋਂ ਚੋਣਾਂ ਦੇ ਐਲਾਨ ਹੋਣ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਸੀ।

Previous articleਸੜਕ ਹਾਦਸੇ ’ਚ ਦੋ ਸਹਾਇਕ ਥਾਣੇਦਾਰਾਂ ਦੀ ਮੌਤ; 2 ਜ਼ਖ਼ਮੀ
Next articleਮੰਗਾਂ ਮੰਨਣ ਦੇ ਐਲਾਨ ਕਰਨ ਮਗਰੋਂ ਖ਼ਤਮ ਕਰਾਂਗੇ ਮੋਰਚਾ: ਦਾਦੂਵਾਲ