ਅਗਸਤਾ ਵੈਸਟਲੈਂਡ ਵੀਵੀਆਈਪੀ ਹੈਲੀਕਾਪਟਰ ਸੌਦੇ ਦੇ ਕਥਿਤ ਵਿਚੋਲੀਏ ਕ੍ਰਿਸਟੀਅਨ ਮਿਸ਼ੇਲ (54) ਨੂੰ ਅੱਜ ਇਥੋਂ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਜਿਥੇ ਉਸ ਨੂੰ ਪੁੱਛ-ਗਿੱਛ ਲਈ ਪੰਜ ਦਿਨਾਂ ਵਾਸਤੇ ਸੀਬੀਆਈ ਹਵਾਲੇ ਕਰ ਦਿੱਤਾ ਗਿਆ। ਉਸ ਨੂੰ ਮੁੜ 10 ਦਸੰਬਰ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਬਰਤਾਨੀਆ ਦੇ ਨਾਗਰਿਕ ਮਿਸ਼ੇਲ ਨੂੰ ਮੰਗਲਵਾਰ ਦੇਰ ਰਾਤ ਸੰਯੁਕਤ ਅਰਬ ਅਮੀਰਾਤ ਤੋਂ ਲਿਆਂਦਾ ਗਿਆ ਸੀ। ਉਸ ਨੂੰ ਸੀਬੀਆਈ ਦੇ ਵਿਸ਼ੇਸ਼ ਜੱਜ ਅਰਵਿੰਦ ਕੁਮਾਰ ਮੂਹਰੇ ਪੇਸ਼ ਕੀਤਾ ਗਿਆ ਜਿਨ੍ਹਾਂ ਮਿਸ਼ੇਲ ਨੂੰ ਆਪਣੇ ਵਕੀਲ ਨਾਲ ਗੱਲਬਾਤ ਕਰਨ ਲਈ ਪੰਜ ਮਿੰਟ ਦਾ ਸਮਾਂ ਦਿੱਤਾ। ਮਿਸ਼ੇਲ ਦੇ ਵਕੀਲਾਂ ਏ.ਕੇ. ਜੋਸਫ਼ ਅਤੇ ਵਿਸ਼ਨੂੰ ਸ਼ੰਕਰਨ ਨੇ ਅਦਾਲਤ ਨੂੰ ਕਿਹਾ ਕਿ ਉਸ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ ਜਾਵੇ। ਸੀਬੀਆਈ ਨੇ ਉਸ ਤੋਂ ਘੁਟਾਲੇ ਦੇ ਸਬੰਧ ’ਚ ਜਾਣਕਾਰੀ ਹਾਸਲ ਕਰਨ ਲਈ 14 ਦਿਨ ਦਾ ਰਿਮਾਂਡ ਮੰਗਿਆ ਪਰ ਜੱਜ ਨੇ ਪੰਜ ਦਿਨਾਂ ਲਈ ਮਿਸ਼ੇਲ ਤੋਂ ਪੁੱਛ-ਗਿੱਛ ਦੀ ਸੀਬੀਆਈ ਨੂੰ ਇਜਾਜ਼ਤ ਦਿੱਤੀ। ਅਦਾਲਤ ਨੇ ਸੀਬੀਆਈ ਨੂੰ ਕਿਹਾ ਕਿ ਉਹ ਚਾਰਜਸ਼ੀਟ ਸਮੇਤ ਸਾਰੇ ਸਬੰਧਤ ਦਸਤਾਵੇਜ਼ ਮਿਸ਼ੇਲ ਨੂੰ ਮੁਹੱਈਆ ਕਰਵਾਏ। ਮਿਸ਼ੇਲ ਵੱਲੋਂ ਜ਼ਮਾਨਤ ਅਰਜ਼ੀ ਵੀ ਦਾਖ਼ਲ ਕੀਤੀ ਗਈ ਹੈ ਪਰ ਅਦਾਲਤ ਨੇ ਉਸ ’ਤੇ ਸੁਣਵਾਈ ਲਈ ਕੋਈ ਤਰੀਕ ਤੈਅ ਨਹੀਂ ਕੀਤੀ ਹੈ। ਉਸ ਨੂੰ ਪੇਸ਼ ਕਰਨ ਤੋਂ ਪਹਿਲਾਂ ਪਟਿਆਲਾ ਹਾਊਸ ਕੋਰਟ ਕੰਪਲੈਕਸ ’ਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ ਅਤੇ ਸੀਆਰਪੀਐਫ ਦੇ 15-20 ਜਵਾਨ ਤੇ ਦਿੱਲੀ ਪੁਲੀਸ ਦੇ 30 ਅਧਿਕਾਰੀ ਤਾਇਨਾਤ ਸਨ। ਜ਼ਿਕਰਯੋਗ ਹੈ ਕਿ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਜੂਨ 2016 ’ਚ ਮਿਸ਼ੇਲ ਖ਼ਿਲਾਫ਼ ਦਾਖ਼ਲ ਚਾਰਜਸ਼ੀਟ ’ਚ ਦੋਸ਼ ਲਾਏ ਸਨ ਕਿ ਉਸ ਨੂੰ ਅਗਸਤਾ ਵੈਸਟਲੈਂਡ ਸੌਦੇ ’ਚ 30 ਮਿਲੀਅਨ ਯੂਰੋ (ਕਰੀਬ 225 ਕਰੋੜ ਰੁਪਏ) ਮਿਲੇ ਸਨ। ਚਾਰਜਸ਼ੀਟ ਮੁਤਾਬਕ 12 ਹੈਲੀਕਾਪਟਰਾਂ ਦਾ ਸੌਦਾ ਪੱਕਾ ਕਰਾਉਣ ਲਈ ਮਿਸ਼ੇਲ ਨੂੰ ਇਹ ਰਿਸ਼ਵਤ ਮਿਲੀ ਸੀ। ਸੀਬੀਆਈ ਨੇ ਪਹਿਲੀ ਸਤੰਬਰ 2017 ਨੂੰ ਚਾਰਜਸ਼ੀਟ ਦਾਖ਼ਲ ਕੀਤੀ ਸੀ ਜਿਸ ’ਚ ਮਿਸ਼ੇਲ ਦਾ ਨਾਮ ਵੀ ਮੁਲਜ਼ਮਾਂ ’ਚ ਸ਼ਾਮਲ ਸੀ। ਦਿੱਲੀ ਅਦਾਲਤ ’ਚ ਦਾਖ਼ਲ ਚਾਰਜਸ਼ੀਟ ’ਚ ਭਾਰਤੀ ਹਵਾਈ ਸੈਨਾ ਦੇ ਸਾਬਕਾ ਮੁਖੀ ਐਸ ਪੀ ਤਿਆਗੀ (73) ਸਮੇਤ 9 ਹੋਰਾਂ ਦੇ ਨਾਮ ਵੀ ਆਏ ਸਨ। ਉਧਰ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕ੍ਰਿਸਟੀਅਨ ਮਿਸ਼ੇਲ ਨੂੰ ਆਪਣੀ ਹਿਰਾਸਤ ’ਚ ਲੈਣ ਲਈ ਅਰਜ਼ੀ ਦੇਣ ਦੀ ਸੰਭਾਵਨਾ ਹੈ ਤਾਂ ਜੋ ਸੀਬੀਆਈ ਦੇ ਨਾਲ ਉਸ ਤੋਂ ਕਾਲੇ ਧਨ ਨੂੰ ਸਫ਼ੈਦ ਬਣਾਉਣ ਵਿਰੋਧੀ ਐਕਟ ਤਹਿਤ ਪੁੱਛ-ਗਿੱਛ ਕੀਤੀ ਜਾ ਸਕੇ। ਏਜੰਸੀ ਵੱਲੋਂ ਨਵੀਂ (ਸਪਲੀਮੈਂਟਰੀ) ਚਾਰਜਸ਼ੀਟ ਵੀ ਦਾਖ਼ਲ ਕੀਤੀ ਜਾ ਸਕਦੀ ਹੈ। ਇਸ ਦੌਰਾਨ ਸੂਤਰਾਂ ਨੇ ਕਿਹਾ ਕਿ ਮਿਸ਼ੇਲ ਨੂੰ ਕੱਲ ਰਾਤ ਸੀਬੀਆਈ ਸਦਰਮੁਕਾਮ ’ਤੇ ਬੇਚੈਨੀ ਮਹਿਸੂਸ ਹੋਈ ਜਿਸ ਮਗਰੋਂ ਡਾਕਟਰਾਂ ਨੂੰ ਸੱਦਿਆ ਗਿਆ। ਉਸ ਦਾ ਤੁਰੰਤ ਇਲਾਜ ਕੀਤਾ ਗਿਆ। ਮਿਸ਼ੇਲ ਤੋਂ ਫਿਰ ਸਖ਼ਤੀ ਨਾਲ ਪੁੱਛ-ਗਿੱਛ ਕੀਤੀ ਗਈ ਅਤੇ ਸਵੇਰੇ ਚਾਰ ਵਜੇ ਤੋਂ 6 ਵਜੇ ਤਕ ਸੌਣ ਦਿੱਤਾ ਗਿਆ।