ਚਿਰਾਗ਼ ਬੁਝਾਉਣੇ ਠੀਕ ਨਹੀਂ

– ਸ਼ਾਮ ਸਿੰਘ ਅੰਗ ਸੰਗ 
ਬ੍ਰਹਿਮੰਡ ਵਿੱਚ ਅਣਗਿਣਤ ਚਿਰਾਗ਼ ਹਨ, ਜਿਨ੍ਹਾਂ ਕਾਰਨ ਜਗਤ ਰੁਸ਼ਨਾਇਆ ਵੀ ਹੋਇਆ ਹੈ ਅਤੇ ਕਲਾ ਪੂਰਨ ਵੀ ਜਾਪ ਰਿਹਾ ਹੈ। ਅਜਿਹਾ ਹੋਣ ਨਾਲ ਹੀ ਕਲਾਤਮਿਕਤਾ ਦਾ ਜਲਵਾ ਹੈ, ਨਹੀਂ ਤਾਂ ਸਭ ਕੁਝ ਅਧੂਰਾ-ਅਧੂਰਾ ਲੱਗਦਾ। ਹਨੇਰੇ ਕਾਰਨ ਕੁਝ ਨਾ ਦਿੱਸਦਾ ਅਤੇ ਜੀਵ ਇੱਕ ਦੂਜੇ ਵਿੱਚ ਵੱਜਦੇ ਫਿਰਦੇ।
ਸੂਰਜ, ਚੰਦ ਅਤੇ ਤਾਰੇ ਅੰਬਰ ਦੇ ਚਿਰਾਗ਼ ਹਨ, ਜਿਨ੍ਹਾਂ ਬਿਨਾਂ ਧਰਤੀ ਉੱਤੇ ਜਾਨ ਨਾ ਪੈਂਦੀ। ਸਾਰੇ ਦੇ ਸਾਰੇ ਆਪਣੀਆਂ ਕਿਰਨਾਂ ਨਾਲ ਸਾਂਝ ਵੀ ਪਾਈ ਰੱਖਦੇ ਹਨ, ਜਿਨ੍ਹਾਂ ਦੀ ਜਗਮਗਾਉਂਦੀ ਹੋਂਦ ਗ਼ੈਰ-ਹਾਜ਼ਰ ਨਹੀਂ ਹੁੰਦੀ। ਸਮੇਂ ਦੀ ਤਰਤੀਬ ਮੁਤਾਬਕ ਆਉਂਦੇ ਵੀ ਹਨ, ਜਾਂਦੇ ਵੀ।
ਇਹ ਕੁਦਰਤੀ ਚਿਰਾਗ਼ ਵਕਤ ਦੀ ਚਾਲ ਅਨੁਸਾਰ ਆਪਣੀ ਭੂਮਿਕਾ ਨਿਭਾਉਣੀ ਕਦੇ ਵੀ ਨਹੀਂ ਭੁੱਲਦੇ। ਅਜਿਹਾ ਵਰਤਾਰਾ ਸਦੀਆਂ ਤੋਂ ਚੱਲਦਾ ਆ ਰਿਹਾ ਹੈ ਅਤੇ ਸਦੀਆਂ-ਸਦੀਆਂ ਤੱਕ ਚੱਲਦਾ ਰਹੇਗਾ। ਦੇਖਣ-ਸਮਝਣ ਵਿੱਚ ਅਜਿਹਾ ਸਭ ਕੁਝ ਸਧਾਰਨ ਜਿਹਾ ਵੀ ਜਾਪਦਾ ਹੈ ਅਤੇ ਵਚਿੱਤਰ ਵੀ।
ਪਹਾੜ, ਜੰਗਲ, ਨਦੀਆਂ-ਨਾਲੇ ਕਿਸੇ ਨਾ ਕਿਸੇ ਰੂਪ ਵਿੱਚ ਧਰਤੀ ਦੇ ਚਿਰਾਗ਼ ਹਨ, ਜੋ ਮਨੁੱਖਾਂ ਅਤੇ ਹੋਰ ਜੀਵਾਂ ਵਿੱਚ ਜੀਵਨ ਦੀ ਜੋਤ ਜਗਾਈ ਰੱਖਦੇ ਹਨ ਅਤੇ ਖ਼ੂਬਸੂਰਤੀ ਦੀ ਲੀਲਾ ਵੀ। ਇਨ੍ਹਾਂ ਦੀ ਮੌਜੂਦਗੀ ਧਰਤੀ ਉੱਤੇ ਵੰਨ-ਸੁਵੰਨਤਾ ਵੀ ਪੈਦਾ ਕਰਦੀ ਹੈ ਅਤੇ ਗਹਿਣਿਆਂ ਵਰਗੀ ਸ਼ਾਨ ਵੀ।
ਇਨ੍ਹਾਂ ਜਗਦੇ ਚਿਰਾਗ਼ਾਂ ਤੋਂ ਸਿੱਖ-ਸਿਖਾ ਕੇ ਧਰਤੀ ‘ਤੇ ਚਿਰਾਗ਼ ਪੈਦਾ ਕੀਤੇ ਹਨ, ਜਿਨ੍ਹਾਂ ਬਿਨਾਂ ਚੇਤਨਾ ਅਤੇ ਵਿਕਾਸ ਬਾਰੇ ਸੋਚਿਆ ਨਹੀਂ ਜਾ ਸਕਦਾ। ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਉਹ ਚਿਰਾਗ਼ ਹਨ, ਜਿਹੜੇ ਮਨੁੱਖ ਅੰਦਰ ਅਕਲ ਦੀ ਚਿਣਗ ਜਗਾਉਂਦੇ ਹੋਏ ਅਜਿਹੇ ਬੌਧਿਕ ਹੁਸਨ ਦੀ ਸਿਰਜਣਾ ਕਰਦੇ ਹਨ, ਜੋ ਨਾ ਦਫ਼ਤਰ ਦੇ ਸਕਦੇ ਹਨ ਅਤੇ ਨਾ ਹਸਪਤਾਲ।
ਇਹ ਅਜਿਹੇ ਚਿਰਾਗ਼ ਹਨ, ਜਿਨ੍ਹਾਂ ਦੇ ਬਗ਼ੈਰ ਰਾਹ ਨਹੀਂ ਮਿਲਦੇ ਅਤੇ ਅੱਗੇ ਨਹੀਂ ਵਧਿਆ ਜਾ ਸਕਦਾ। ਇਸ ਲਈ ਜ਼ਰੂਰੀ ਹੈ ਕਿ ਇਨ੍ਹਾਂ ਵੱਲ ਸੁਹਿਰਦਤਾ ਨਾਲ ਧਿਆਨ ਦਿੱਤਾ ਜਾਵੇ, ਤਾਂ ਕਿ ਜਗਤ ਵਿੱਚ ਹਰ ਪਲ ਬੌਧਿਕਤਾ ਦੀ ਰੋਸ਼ਨੀ ਵਧਦੀ ਰਹੇ।
ਇਨ੍ਹਾਂ ਚਿਰਾਗ਼ਾਂ ਨੂੰ ਅੱਖੋਂ ਓਹਲੇ ਕਰਨ ਦਾ ਅਰਥ ਹੈ ਕਿ ਜਗਤ ਨੂੰ ਹਨੇਰੇ ਦੀ ਬੁੱਕਲ ਦੇ ਹਵਾਲੇ ਕਰ ਦਿਓ, ਤਾਂ ਕਿ ਆਲੇ-ਦੁਆਲੇ ਦੀ ਸਾਰ ਹੀ ਨਾ ਲੱਗੇ। ਇਨ੍ਹਾਂ ਵਿੱਦਿਅਕ ਅਦਾਰਿਆਂ ਵਿੱਚ ਲੋੜੀਂਦੇ ਅਧਿਆਪਕ ਨਾ ਲਾਉਣੇ, ਚੰਗੀਆਂ ਇਮਾਰਤਾਂ ਨਾ ਬਣਾਉਣੀਆਂ ਅਤੇ ਜ਼ਰੂਰੀ ਸਾਜ਼ੋ-ਸਾਮਾਨ ਮੁਹੱਈਆ ਨਾ ਕਰਵਾਉਣਾ ਉੱਕਾ ਹੀ ਠੀਕ ਨਹੀਂ। ਜੇ ਅਜਿਹਾ ਕੀਤਾ ਜਾਂਦਾ ਹੈ ਤਾਂ ਇਹ ਫੂਕਾਂ ਮਾਰਨ ਵਾਲੀ ਗੱਲ ਹੈ, ਜਿਸ ਦਾ ਅਰਥ ਹੈ ਚਿਰਾਗ਼ਾਂ ਨੂੰ ਬੁਝਾਉਣ ਦੇ ਜਤਨ ਕਰਨਾ। ਇਹ ਅਨਿਆਂ ਹੈ ਨਿਆਂ ਨਹੀਂ, ਜਿਸ ਨੂੰ ਹਾਕਮਾਂ ਨੇ ਹੀ ਬਚਾਉਣਾ ਹੁੰਦਾ ਹੈ, ਤਾਂ ਜੁ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਨੂੰ ਬੁਰਾ-ਭਲਾ ਨਾ ਕਹਿਣ।
ਪੰਜਾਬ ਵਿੱਚ ਕੁਝ ਥਾਂਵਾਂ ‘ਤੇ ਅਜਿਹਾ ਹੀ ਵਰਤਾਰਾ ਹੈ, ਜਿੱਥੇ ਆਦਰਸ਼ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਲਈ ਲੋੜੀਂਦੇ ਅਧਿਆਪਕ ਨਹੀਂ, ਜ਼ਰੂਰਤ ਮੁਤਾਬਕ ਸਾਜ਼ੋ-ਸਾਮਾਨ ਨਹੀਂ। ਉਹ ਬੁਝਣ-ਬੁਝਣ ਕਰਦੇ ਹਨ, ਜਿਨ੍ਹਾਂ ਵੱਲ ਕੇਵਲ ਸਿੱਖਿਆ ਅਧਿਕਾਰੀ ਹੀ ਧਿਆਨ ਨਾ ਦੇਣ, ਸਗੋਂ ਸਰਕਾਰ ਦਾ ਧਿਆਨ ਵੀ ਦੁਆਉਣ, ਤਾਂ ਜੁ ਇਹ ਚਿਰਾਗ਼ ਜਗਮਗਾਉਂਦੇ ਰਹਿਣ।
ਸਰਕਾਰ ਦਾ ਫ਼ਰਜ਼ ਤਾਂ ਇਹ ਹੋਣਾ ਚਾਹੀਦਾ ਹੈ ਕਿ ਸਿਹਤ, ਸਿੱਖਿਆ ਅਤੇ ਹੋਰ ਸਹੂਲਤਾਂ ਦਾ ਇੰਤਜ਼ਾਮ ਮੁਫ਼ਤ ਕਰੇ, ਤਾਂ ਕਿ ਜਨਤਾ ਨੂੰ ਆਸਾਨੀ ਮਹਿਸੂਸ ਹੋਵੇ ਅਤੇ ਲੋਕਾਂ ਨੂੰ ਇਹ ਵੀ ਲੱਗੇ ਕਿ ਸਰਕਾਰ ਉਨ੍ਹਾਂ ਪ੍ਰਤੀ ਸੁਹਿਰਦ ਵੀ ਹੈ ਅਤੇ ਪੂਰੀ ਫ਼ਿਕਰਮੰਦ ਵੀ।
ਆਮ ਹੋਣ ਜਾਂ ਆਦਰਸ਼, ਸਕੂਲ ਤਾਂ ਬੁਨਿਆਦ ਹੁੰਦੇ ਹਨ, ਜਿਨ੍ਹਾਂ ਵਿੱਚ ਵਿਚਰਦਿਆਂ ਬਾਲਾਂ ਦੇ ਜ਼ਿਹਨਾਂ ਅੰਦਰ ਸੂਝ-ਬੂਝ ਦੇ ਚਿਰਾਗ਼ ਜਗਾਏ ਜਾਂਦੇ ਹਨ, ਤਾਂ ਜੁ ਉਨ੍ਹਾਂ ਨੂੰ ਆਗਿਆਨਤਾ ਵਿੱਚੋਂ ਵੀ ਬਾਹਰ ਕੱਢਿਆ ਜਾ ਸਕੇ, ਅਣਭੋਲਤਾ ‘ਚੋਂ ਵੀ। ਜਾਣਕਾਰੀ ਅਤੇ ਗਿਆਨ ਵੰਡਣ ਵਾਲੇ ਸਿੱਖਿਆ ਵਿੱਦਿਆਲਿਆਂ ਦੇ ਚਿਰਾਗ਼ ਬੁਝਾਉਣ ਦੇ ਜਤਨ ਕਰਨੇ ਸਿਆਣਪ ਵੱਲ ਜਾਣ ਦੇ ਬੂਹੇ ਬੰਦ ਕਰਨ ਵਾਲੀ ਗੱਲ ਹੈ, ਜਿਸ ਨੂੰ ਕਿਸੇ ਕੀਮਤ ‘ਤੇ ਵੀ ਸਵੀਕਾਰ ਨਹੀਂ ਕੀਤਾ ਜਾ ਸਕਦਾ।
ਇਸ ਵਾਸਤੇ ਜ਼ਰੂਰੀ ਹੈ ਕਿ ਸਰਕਾਰ ਹੋਰ ਆਦਰਸ਼ ਸਕੂਲ ਖੋਲ੍ਹਣ ਦਾ ਉਪਰਾਲਾ ਕਰੇ ਅਤੇ ਪਹਿਲਿਆਂ ਨੂੰ ਤਬਾਹ ਹੋਣ ਤੋਂ ਹਰ ਸੂਰਤ ਬਚਾਵੇ। ਅਜਿਹਾ ਹੋਣ ਨਾਲ ਪਿੰਡਾਂ ਦੇ ਬੱਚਿਆਂ ਦਾ ਭਵਿੱਖ ਚਿਰਾਗ਼ਮਈ ਹੋ ਸਕਦਾ ਹੈ, ਜਿਸ ਨਾਲ ਦੇਸ਼ ਦੇ ਵਿਕਾਸ ਵਿੱਚ ਚੰਗੀ ਭੂਮਿਕਾ ਦਾ ਕਿਆਸ ਕੀਤਾ ਜਾ ਸਕਦਾ ਹੈ। ਵਿਦਿਆਰਥੀਆਂ ਨਾਲ ਭਰੇ ਹੋਏ ਅਤੇ ਅਧਿਆਪਕਾਂ ਦੀ ਘਾਟ ਵਾਲੇ ਇਨ੍ਹਾਂ ਸਕੂਲਾਂ ਦਾ ਲੋਕਾਂ ਨੂੰ ਵੀ ਨੋਟਿਸ ਲੈਣਾ ਚਾਹੀਦਾ ਹੈ, ਤਾਂ ਜੁ ਬਚਾਏ ਜਾ ਸਕਣ।

ਤੇ ਜੀਨੀ ਜਿੱਤ ਗਈ
ਪ੍ਰੈੱਸ ਕਲੱਬ ਚੰਡੀਗੜ੍ਹ ਦੇ ਹਾਲ ਵਿੱਚ ਇੱਕ ਸਾਹਿਤਕ ਸਮਾਗਮ ਹੋਇਆ, ਜਿਸ ਵਿੱਚ ਕਹਾਣੀਕਾਰਾ ਡਾ. ਸ਼ਰਨਜੀਤ ਕੌਰ ਦਾ ਅੱਠਵਾਂ ਕਹਾਣੀ ਸੰਗ੍ਰਹਿ ‘ਤੇ ਜੀਨੀ ਜਿੱਤ ਗਈ’ ਰਿਲੀਜ਼ ਕੀਤਾ ਗਿਆ। ਇਸ ਮੌਕੇ ਡਾ. ਮਨਮੋਹਨ, ਡਾ. ਸੁਰਜੀਤ ਪਾਤਰ, ਡਾ. ਬ੍ਰਹਮਜਗਦੀਸ਼ ਸਿੰਘ, ਡਾ. ਜੋਗਿੰਦਰ ਸਿੰਘ ਨਿਰਾਲਾ, ਸਰਬਜੀਤ ਕੌਰ ਸੋਹਲ ਅਤੇ ਡਾ. ਲਾਭ ਸਿੰਘ ਖੀਵਾ ਮੌਜੂਦ ਸਨ, ਜਿਨ੍ਹਾਂ ਨੇ ਕਹਾਣੀ ਸੰਗ੍ਰਹਿ ਬਾਰੇ ਸਾਰਥਿਕ ਅਤੇ ਉਸਾਰੂ ਟਿੱਪਣੀਆਂ ਕੀਤੀਆਂ। ਇਸ ਵਿੱਚ ਨਾਮੀ ਲੇਖਕ ਵੀ ਸ਼ਾਮਲ ਹੋਏ।
ਮੁੱਖ ਤੌਰ ‘ਤੇ ਬੁਲਾਰਿਆਂ ਨੇ ਕਿਹਾ ਕਿ ਡਾ. ਸ਼ਰਨਜੀਤ ਦੀਆਂ ਕਹਾਣੀਆਂ ਔਰਤ ਨੂੰ ਤਕੜੇ ਹੋਣ ਵਾਸਤੇ ਪ੍ਰੇਰਦੀਆਂ ਹਨ ਅਤੇ ਸਮਾਜ ਦੀਆਂ ਅੱਖਾਂ ਖੋਲ੍ਹਣ ਤੋਂ ਵੀ ਪਿੱਛੇ ਨਹੀਂ ਰਹਿੰਦੀਆਂ। ਇਸ ਮੌਕੇ ਰਿਪੁਦਮਨ ਸਿੰਘ ਰੂਪ ਅਤੇ ਪਰਮਜੀਤ ਮਾਨ ਨੇ ਵੀ ਆਪਣੇ ਵਿਚਾਰ ਰੱਖੇ। ਗਿਣਤੀ ਪੱਖੋਂ ਇਹ ਸਮਾਗਮ ਇੱਕ ਜਸ਼ਨ ਹੋ ਨਿੱਬੜਿਆ, ਜਿਸ ਵਿੱਚ ਬੌਧਿਕ ਵਿਚਾਰਾਂ ਦਾ ਭਰਵਾਂ ਬੋਲਬਾਲਾ ਰਿਹਾ ਅਤੇ ਸਮੁੱਚੀ ਕਹਾਣੀ ਬਾਰੇ ਵੀ ਨਿੱਗਰ ਅਤੇ ਮੁੱਲਵਾਨ ਟਿੱਪਣੀਆਂ ਕੀਤੀਆਂ ਗਈਆਂ।

ਲਤੀਫ਼ੇ ਦਾ ਚਿਹਰਾ-ਮੋਹਰਾ
ਕਹਿੰਦੇ ਨੇ ਦਸਵੀਂ ਸਦੀ ਵਿੱਚ ਹੋਏ ਗੋਰਖ ਨਾਥ ਚੌਦਵੀਂ ਸਦੀ ‘ਚ ਜਨਮੇ  ਭਗਤ ਕਬੀਰ ਅਤੇ ਪੰਦਰ੍ਹਵੀਂ ਸਦੀ ਵਿੱਚ ਵਿਚਰੇ ਗੁਰੂ ਨਾਨਕ ਦੇਵ ਵਿਚਕਾਰ ਇੱਕ ਬੈਠਕ ਹੋਈ।
ਚਿਰਾਗ਼ਾਂ ਦੀ ਗ਼ੈਰ-ਹਾਜ਼ਰੀ ਵਿੱਚ ਹਨੇਰੇ ਅੰਦਰ ਜਿਸ ਦੀ ਜਿਸ ਨਾਲ ਮਰਜ਼ੀ ਮੀਟਿੰਗ ਕਰਵਾ ਦਿੱਤੀ ਜਾਵੇ, ਕੋਈ ਨਹੀਂ ਫੜ ਸਕਦਾ, ਪਰ ਇਸ ਮੀਟਿੰਗ ਦਾ ਪ੍ਰਬੰਧ ਕਿਸ ਨੇ ਕੀਤਾ? ਤੱਪੜਾਂ, ਪੀੜ੍ਹੀਆਂ ਜਾਂ ਫੇਰ ਕੁਰਸੀਆਂ ਦਾ ਪ੍ਰਬੰਧ ਕਿਸ ਨੇ ਕੀਤਾ? ਚਾਹ-ਪਾਣੀ ਦੀ ਸੇਵਾ ਕਿਸ ਨਿਭਾਈ। ਕੋਈ ਦੱਸ ਸਕੇ ਤਾਂ ਇਸ ਬੈਠਕ ਦਾ ਸੱਚ ਬਾਹਰ ਆ ਸਕੇਗਾ।

Previous articleNetanyahu to meet Pompeo in Brussels
Next articleMagic beans and buzzing coffee win international science award