ਸੁਨੀਲ ਅਰੋੜਾ ਨੇ ਨਵੇਂ ਮੁੱਖ ਚੋਣ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ

ਓਪੀ ਰਾਵਤ ਦੀ ਥਾਂ ਸੁਨੀਲ ਅਰੋੜਾ ਨੇ ਅੱਜ ਨਵੇਂ ਮੁੱਖ ਚੋਣ ਕਮਿਸ਼ਨਰ ਵਜੋਂ ਅਹੁਦਾ ਸੰਭਾਲ ਲਿਆ ਹੈ ਤੇ ਚੋਣਾਂ ‘ਪੂਰੀ ਤਰ੍ਹਾਂ ਆਜ਼ਾਦਾਨਾ, ਸਾਫ਼ ਸੁਥਰੇ, ਵਾਜਿਬ ਤੇ ਸੱਚੇ ਸੁੱਚੇ ਢੰਗ’ ਨਾਲ ਕਰਾਉਣ ਲਈ ਸਿਆਸੀ ਪਾਰਟੀਆਂ ਤੇ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ।
62 ਸਾਲਾ ਸਾਬਕਾ ਅਫ਼ਸਰਸ਼ਾਹ ਅਰੋੜਾ 12 ਅਪਰੈਲ 2021 ਤੱਕ ਇਸ ਅਹੁਦੇ ’ਤੇ ਰਹਿਣਗੇ। ਉਨ੍ਹਾਂ ਦੇ ਕਾਰਜਕਾਲ ਦੌਰਾਨ 2019 ਦੀਆਂ ਆਮ ਚੋਣਾਂ ਤੋਂ ਇਲਾਵਾ ਜੰਮੂ ਕਸ਼ਮੀਰ, ਉੜੀਸਾ, ਮਹਾਰਾਸ਼ਟਰ, ਹਰਿਆਣਾ, ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ਦੀਆਂ ਵਿਧਾਨ ਸਭਾਈ ਚੋਣਾਂ ਵੀ ਹੋਣਗੀਆਂ। ਅਹੁਦਾ ਸੰਭਾਲਣ ਤੋਂ ਬਾਅਦ ਸ੍ਰੀ ਅਰੋੜਾ ਨੇ ਚੋਣਾਂ ਸਾਫ਼ ਸੁਥਰੇ ਢੰਗ ਨਾਲ ਕਰਾਉਣ ਲਈ ਸਾਰੀਆਂ ਸਬੰਧਤ ਧਿਰਾਂ ਸਿਆਸੀ ਪਾਰਟੀਆਂ, ਮੀਡੀਆ, ਸਿਵਲ ਸੁਸਾਇਟੀ ਜਥੇਬੰਦੀਆਂ ਤੇ ਆਮ ਲੋਕਾਂ ਕੋਲੋਂ ਸਹਿਯੋਗ ਦੀ ਮੰਗ ਕੀਤੀ। ਇਸ ਤੋਂ ਪਹਿਲਾਂ ਉਹ ਸੂਚਨਾ ਤੇ ਪ੍ਰਸਾਰਨ ਸਕੱਤਰ ਤੇ ਹੁਨਰ ਵਿਕਾਸ ਤੇ ਉਦਮਸ਼ੀਲਤਾ ਮੰਤਰਾਲੇ ਵਿਚ ਸਕੱਤਰ ਰਹੇ ਹਨ।
ਅਰੋੜਾ 1980 ਬੈਚ ਦੇ ਰਾਜਸਥਾਨ ਕੇਡਰ ਦੇ ਆਈਏਐਸ ਅਫ਼ਸਰ ਹਨ ਜਿਨ੍ਹਾਂ ਵਿੱਤ, ਕੱਪੜਾ ਮੰਤਰਾਲਿਆਂ ਤੇ ਯੋਜਨਾ ਕਮਿਸ਼ਨ ਵਿਚ ਵੀ ਕੰਮ ਕੀਤਾ ਹੈ। ਉਨ੍ਹਾਂ 1992 ਤੋਂ 2002 ਤੱਕ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵਿਚ ਸੰਯੁਕਤ ਸਕੱਤਰ ਵਜੋਂ ਤੇ ਇੰਡੀਅਨ ਏਅਰਲਾਈਨਜ਼ ਦੇ ਪੰਜ ਸਾਲ ਸੀਐਮਡੀ (ਦੋ ਸਾਲ ਵਧੀਕ ਚਾਰਜ ਤੇ ਤਿੰਨ ਸਾਲ ਮੁਕੰਮਲ ਚਾਰਜ) ਵਜੋਂ ਕੰਮ ਕੀਤਾ ਹੈ। ਰਾਜਸਥਾਨ ਵਿਚ ਉਹ ਧੌਲਪੁਰ, ਅਲਵਰ, ਨਾਗੌਰ ਅਤੇ ਜੋਧਪੁਰ ਜ਼ਿਲਿਆਂ ਵਿਚ ਤਾਇਨਾਤ ਰਹੇ ਹਨ ਤੇ 1993-1998 ਤੱਕ ਮੁੱਖ ਮੰਤਰੀ ਨਾਲ ਸਕੱਤਰ ਵੀ ਰਹੇ ਸਨ। ਉਹ (2005-08) ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਰਹੇ ਹਨ ਅਤੇ ਸੂਚਨਾ ਤੇ ਲੋਕ ਸੰਪਰਕ, ਸਨਅਤਾਂ ਤੇ ਨਿਵੇਸ਼ ਵਿਭਾਗ ਸੰਭਾਲਦੇ ਰਹੇ ਹਨ।

Previous articleਹਾਸੇ ਮਜ਼ਾਕ ਅਤੇ ਡਾਂਸ ਨਾਲ ਭਰਪੂਰ ਰਹੀ ਪ੍ਰਿਅੰਕਾ ਤੇ ਨਿੱਕ ਦੀ ਪਾਰਟੀ
Next articleਕਰਤਾਰ ਲਾਂਘੇ ਦੀ ਤਰ੍ਹਾਂ ਹੋਰ ਰੂਟ ਖੋਲ੍ਹੇ ਜਾਣ: ਅਬਦੁੱਲਾ