ਭਾਰਤ ਵਲੋਂ ਆਪਣੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ 2022 ਵਿਚ ਪਹਿਲੀ ਵਾਰ ਜੀ-20 ਸਾਲਾਨਾ ਸਿਖਰ ਵਾਰਤਾ ਦੀ ਮੇਜ਼ਬਾਨੀ ਕੀਤੀ ਜਾਵੇਗੀ।
ਇਹ ਐਲਾਨ ਅੱਜ ਅਰਜਨਟੀਨਾ ਦੀ ਰਾਜਧਾਨੀ ਵਿਚ 13ਵੇਂ ਜੀ-20 ਸਾਲਾਨਾ ਸਿਖਰ ਵਾਰਤਾ ਦੇ ਸਮਾਪਤੀ ਸਮਾਰੋਹ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ। ਉਨ੍ਹਾਂ ਭਾਰਤ ਨੂੰ ਮੇਜ਼ਬਾਨੀ ਦਾ ਮੌਕਾ ਦੇਣ ਬਦਲੇ ਇਟਲੀ ਦਾ ਖਾਸ ਤੌਰ ’ਤੇ ਧੰਨਵਾਦ ਕੀਤਾ। 2022 ਵਿਚ ਜੀ-20 ਸਿਖਰ ਵਾਰਤਾ ਦੀ ਮੇਜ਼ਬਾਨੀ ਦੀ ਵਾਰੀ ਇਟਲੀ ਦੀ ਸੀ। 14ਵੀਂ ਸਿਖਰ ਵਾਰਤਾ ਜਪਾਨ ਤੇ 15ਵੀਂ ਸਾਊਦੀ ਅਰਬ ਵਲੋਂ ਕਰਵਾਈ ਜਾਵੇਗੀ। ਸ੍ਰੀ ਮੋਦੀ ਨੇ ਆਪਣੇ ਇਕ ਟਵੀਟ ਵਿਚ ਕਿਹਾ ‘‘ 2022 ਵਿਚ ਭਾਰਤ ਆਪਣੀ ਆਜ਼ਾਦੀ ਦੇ 75 ਸਾਲ ਪੂਰੇ ਕਰੇਗਾ ਉਸ ਖਾਸ ਮੌਕੇ ’ਤੇ ਭਾਰਤ ਜੀ-20 ਸਿਖਰ ਵਾਰਤਾ ਦੀ ਮੇਜ਼ਬਾਨੀ ਕਰਨ ਲਈ ਬੇਹੱਦ ਉਤਸੁਕ ਹੈ। ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਆਰਥਿਕ ਵਿਕਾਸ ਕਰ ਰਹੇ ਮੁਲਕ ਭਾਰਤ ਵਿਚ ਆਓ। ਭਾਰਤ ਦੇ ਅਮੀਰ ਇਤਿਹਾਸ ਤੇ ਵਿਭਿੰਨਤਾ ਨੂੰ ਜਾਣੋ ਤੇ ਭਾਰਤ ਦੀ ਨਿੱਘੀ ਮੇਜ਼ਬਾਨੀ ਨੂੰ ਮਾਣੋ।’’ ਜੀ-20 ਮੁਲਕਾਂ ਵਿਚ ਅਰਜਨਟੀਨਾ, ਆਸਟਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਨ, ਯੂਰਪੀ ਸੰਘ, ਫਰਾਂਸ, ਜਰਮਨੀ, ਭਾਰਤ, ਇੰਡੋਨੇਸ਼ੀਆ, ਇਟਲੀ, ਜਪਾਨ, ਮੈਕਸਿਕੋ, ਰੂਸ, ਸਾਊਦੀ ਅਰਬ, ਦੱਖਣੀ ਅਫ਼ਰੀਕਾ, ਦੱਖਣੀ ਕੋਰੀਆ, ਤੁਰਕੀ, ਬਰਤਾਨੀਆ ਤੇ ਅਮਰੀਕਾ ਸ਼ਾਮਲ ਹਨ। ਜੀ-20 ਦੇ ਮੈਂਬਰ ਮੁਲਕ ਦੁਨੀਆ ਦੀ ਕੁੱਲ ਪੈਦਾਵਾਰ ਦਾ 90 ਫ਼ੀਸਦ, ਆਲਮੀ ਵਪਾਰ ਦਾ 80 ਫ਼ੀਸਦ, ਦੁਨੀਆ ਦੀ ਦੋ ਤਿਹਾਈ ਆਬਾਦੀ ਤੇ ਦੁਨੀਆ ਦੇ ਕਰੀਬ ਅੱਧੇ ਖੇਤਰ ਦੇ ਹਿੱਸੇਦਾਰ ਹਨ। ਭਾਰਤੀ ਸ਼ੇਰਪਾ ਸ਼ਕਤੀਕਾਂਤ ਦਾਸ ਨੇ ਦੱਸਿਆ ਕਿ ਤੇਰ੍ਹਵੇਂ ਜੀ-20 ਸਿਖਰ ਸੰਮੇਲਨ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਟੈਕਸ ਮਾਮਲਿਆਂ ਬਾਰੇ ਜਾਣਕਾਰੀ ਨਸ਼ਰ ਕਰਨ ਤੋਂ ਇਲਾਵਾ ਉਭਰਦੇ ਅਰਥਚਾਰਿਆਂ ਨੂੰ ਦਰਪੇਸ਼ ਚੁਣੌਤੀਆਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਵਿਕਸਤ ਦੇਸ਼ਾਂ ਦੀਆਂ ਨੀਤੀਆਂ ਕਾਰਨ ਵਧ ਰਹੀ ਵਿੱਤੀ ਅਸਥਿਰਤਾ, ਤੇਲ ਕੀਮਤਾਂ ਦੇ ਉਤਰਾਅ ਚੜ੍ਹਾਅ ਵੱਲ ਵੀ ਧਿਆਨ ਖਿੱਚਿਆ।
HOME ਸੋਲ੍ਹਵੀਂ ਜੀ20 ਸਿਖ਼ਰ ਵਾਰਤਾ ਦੀ ਮੇਜ਼ਬਾਨੀ ਭਾਰਤ ਨੂੰ ਮਿਲੀ